ਜ਼ਿਲ੍ਹਾ ਪੱਧਰੀ ਗਤਕਾ ਚੈਂਪੀਅਨਸ਼ਿਪ
ਜਗਜੀਤ ਸਿੰਘ
ਹੁਸ਼ਿਆਰਪੁਰ, 28 ਜੂਨ
ਸਿੱਖੀ ਦੇ ਪ੍ਰਚਾਰ, ਗਤਕਾ ਅਤੇ ਵਾਤਾਵਰਣ ਸੰਭਾਲ ਲਈ ਸੇਵਾ ਮਿਸ਼ਨ ਚਲਾ ਰਹੇ ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਟਾਂਡਾ ਵੱਲੋਂ ਜ਼ਿਲ੍ਹਾ ਪੱਧਰੀ ਗਤਕਾ ਚੈਂਪੀਅਨਸ਼ਿਪ ‘ਯੁੱਧ ਕਲਾ 2025’ ਅਧੀਨ ਖਾਲਸਾਈ ਜੰਗਜੂ ਕਰੱਤਬ ਗਤਕੇ ਦੇ ਮੁਕਾਬਲੇ ਕਰਵਾਏ ਗਏ। ਅਖਾੜੇ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਖਾਲਸਾ, ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਅਤੇ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵਾਲਿਆਂ ਦੀ ਅਗਵਾਈ ’ਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਤੋਂ ਜੂਨੀਅਰ ਅਤੇ ਸੀਨੀਅਰ ਗਤਕਾ ਖਿਡਾਰੀਆਂ ਨੇ ਭਾਗ ਲਿਆ। ਪ੍ਰਧਾਨ ਮਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਮੁਕਾਬਲੇ ਸ੍ਰੀ ਗੁਰੂ ਹਰਗੋਬਿੰਦ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਹਨ। ਅਖਾੜੇ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਅੰਡਰ-14 ਅਤੇ 17 ਸਾਲ ਵਰਗ ਦੇ ਲੜਕੇ -ਲੜਕੀਆਂ ਨੇ ਡਾਂਗ ਫਰਾਈ, ਕ੍ਰਿਪਾਨ ਫਰਾਈ ਅਤੇ ਡਬਲ ਹੱਥ ਗੇਮ ਫਰਾਈ ਦੇ ਮੁਕਾਬਲੇ ਹੋਏ ਹਨ। ਅਖਾੜੇ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਇੰਟਰ 14-ਲੜਕੇ ਡਬਲ ਹੱਥ ਫਰਾਈ ’ਚੋਂ ਗਤਕਾ ਅਖਾੜਾ ਟਾਂਡਾ ਦੇ ਖਿਡਾਰੀ ਅਰਮਾਨਪ੍ਰੀਤ ਸਿੰਘ, ਕਿਰਪਾਨ ਫਰਾਈ ’ਚ ਸੁਖਪ੍ਰੀਤ ਸਿੰਘ ਅਤੇ ਡਾਂਗ ਫਰਾਈ ’ਚੋਂ ਅਰਮਾਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ ਗਏ। ਅੰਡਰ-17 ਲੜਕੇ ਵਿਚੋਂ ਕ੍ਰਿਪਾਨ ਫਰਾਈ ’ਚੋਂ ਭਾਈ ਬਚਿੱਤਰ ਸਿੰਘ ਗਤਕਾ ਅਖਾੜਾ ਹੁਸ਼ਿਆਰਪੁਰ ਦੇ ਖਿਡਾਰੀ ਅਰਜੁਨ ਸਿੰਘ ਅਤੇ ਡਬਲ ਹੱਥ ਫਰਾਈ ’ਚ ਅਤੇ ਕਰਨਵੀਰ ਸਿੰਘ ਸਰਵੋਤਮ ਖਿਡਾਰੀ ਐਲਾਨੇ ਗਏ। ਡਾਂਗ ਫਰਾਈ ਵਿਚੋਂ ਗੁਰੂ ਪੰਥ ਖਾਲਸਾ ਗਤਕਾ ਅਖਾੜਾ ਬੁੱਲੋਵਾਲ ਦੇ ਕਰਨਵੀਰ ਸਿੰਘ ਬੈਸਟ ਖਿਡਾਰੀ ਐਲਾਨੇ ਗਏ। ਅੰਡਰ-14 ਲੜਕੀਆਂ ਦੇ ਕ੍ਰਿਪਾਨ ਫਰਾਈ, ਡਾਂਗ ਫਰਾਈ ਅਤੇ ਡਬਲ ਹੱਥ ਫਰਾਈ ਮੁਕਾਬਲਿਆਂ ਵਿਚੋਂ ਗਤਕਾ ਅਖਾੜਾ ਟਾਂਡਾ ਦੀ ਖਿਡਾਰਨ ਨਵਪ੍ਰੀਤ ਕੌਰ ਅੱਵਲ ਰਹੀ। ਅੰਡਰ-17 ਲੜਕੀਆਂ ਵਿਚੋਂ ਕ੍ਰਿਪਾਨ ਫ਼ਰਾਈ ਅਤੇ ਡਾਂਗ ਫਰਾਈ ’ਚ ਸਰਵੋਤਮ ਖਿਡਾਰਨ ਬੀਬੀ ਭਵਨਪ੍ਰੀਤ ਕੌਰ ਅਤੇ ਡਬਲ ਹੱਥ ਫਰਾਈ ’ਚ ਬੀਬੀ ਸਤਨਾਮ ਕੌਰ ਦੋਵੇਂ ਖਿਡਾਰੀ ਭਾਈ ਬੱਚਿਤਰ ਸਿੰਘ ਗਤਕਾ ਅਖਾੜਾ ਹੁਸ਼ਿਆਰਪੁਰ ਦੇ ਸਨ। ਮੁਕਾਬਲਿਆਂ ਦੌਰਾਨ ਸੰਤ ਨਿਹਾਲ ਸਿੰਘ ਨੇ ਬੱਚਿਆਂ ਨੂੰ ਬਾਣੀ-ਬਾਣੇ ਦੇ ਧਾਰਨੀ ਹੋਣ ਦਾ ਸੰਦੇਸ਼ ਦਿੱਤਾ। ਜੇਤੂ ਖਿਡਾਰੀਆਂ ਨੂੰ ਜੇਤੂ ਟ੍ਰਾਫੀ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ।