ਜ਼ਿਲ੍ਹਾ ਕਾਂਗਰਸੀ ਕਮੇਟੀ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ
ਮਾਨਸਾ (ਜੋਗਿੰਦਰ ਸਿੰਘ ਮਾਨ): ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀਆਂ ਵੱਲੋਂ ਇਹ ਪੁਤਲਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਸਰਕਾਰ ਵੱਲੋਂ ਪਰਚਾ ਦਰਜ ਕਰਨ ਦੇ ਵਿਰੋਧ ’ਚ ਫੂਕਿਆ ਗਿਆ।
ਜ਼ਿਲ੍ਹਾ ਕਾਂਗਰਸੀ ਕਮੇਟੀ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸੀ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ’ਤੇ ਬਦਲਾਖ਼ੋਰੀ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਬਾਜਵਾ ਵੱਲੋਂ ਬਕਾਇਦਾ ਰੂਪ ’ਚ ਜਾਂਚ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ। ਜੇਕਰ ਇਹ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਸਤਪਾਲ ਸਿੰਘ ਮੂਲੇਵਾਲਾ, ਸੁਖਦਰਸ਼ਨ ਸਿੰਘ ਖਾਰਾ, ਸੁਰੇਸ਼ ਨੰਦਗੜ੍ਹੀਆ, ਮਨਦੀਪ ਸਿੰਘ ਗੋਰਾ, ਐਡਵੋਕੇਟ ਬਲਕਰਨ ਸਿੰਘ ਬੱਲੀ, ਅੰਮ੍ਰਿਤਪਾਲ ਸਿੰਘ ਕੂਕਾ, ਹਰਵਿੰਦਰ ਭਾਰਦਵਾਜ, ਕੁਲਦੀਪ ਸਿੰਘ ਮੂਸਾ, ਅੰਮ੍ਰਿਤਪਾਲ ਸਿੰਘ ਗੋਗਾ, ਮਨਜੀਤ ਸਿੰਘ ਮੀਹਾਂ ਨੇ ਵੀ ਸੰਬੋਧਨ ਕੀਤਾ।