ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਵੱਲੋਂ ਸਮਰ ਕੈਂਪ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 8 ਜੂਨ
ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਦਾ ਮੁਹਾਲੀ ਵਿੱਚ 20 ਦਿਨ ਚੱਲਣ ਵਾਲਾ 11ਵਾਂ ਮੁਫ਼ਤ ਸਮਰ ਕੈਂਪ ਸ਼ੁਰੂ ਹੋ ਗਿਆ ਹੈ। ਇਸ ਵਿੱਚ ਅੱਠ ਸਾਲ ਤੋਂ ਲੈ ਕੇ ਵੱਡੀ ਉਮਰ ਦੇ 100 ਤੋਂ ਵੱਧ ਅਥਲੀਟ ਹਿੱਸਾ ਲੈ ਰਹੇ ਹਨ। ਕੈਂਪ ਵਿੱਚ ਬੱਚਿਆਂ ਨੂੰ ਦੌੜਾਂ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਸਰੀਰਕ ਗਤੀਵਿਧੀਆਂ ਦਾ ਅਭਿਆਸ ਕਰਾਇਆ ਜਾ ਰਿਹਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਸਵਰਨ ਸਿੰਘ, ਕੋਚ ਮਲਕੀਅਤ ਸਿੰਘ ਮਟੌਰ, ਹਰਕੰਵਲ ਸਿੰਘ, ਗੁਰਵਿੰਦਰ ਸਿੰਘ ਢੇਸੀ, ਮਨਦੀਪ ਕੌਰ ਦੀ ਅਗਵਾਈ ਹੇਠ ਚੱਲ ਰਹੇ ਕੈਂਪ ਵਿਚ ਅੱਜ ਮੁਹਾਲੀ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਐਸੋਸੀਏਸ਼ਨ ਦੇ ਉਪਰਾਲੇ ਅਤੇ ਐਸੋਸੀਏਸ਼ਨ ਨਾਲ ਜੁੜੇ ਅਥਲੀਟਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ ਨੇ ਐਲਾਨ ਕੀਤਾ ਕਿ ਕੈਂਪ ਵਿੱਚ ਸ਼ਾਮਲ ਹੋਣ ਵਾਲੇ 90 ਫ਼ੀਸਦੀ ਹਾਜ਼ਰੀ ਵਾਲੇ ਖ਼ਿਡਾਰੀਆਂ ਅਤੇ ਬੱਚਿਆਂ ਨੂੰ ਸੰਸਥਾ ਯੂਥ ਆਫ ਪੰਜਾਬ ਵੱਲੋਂ ਇੱਕ-ਇੱਕ ਕਿਲੋ ਬਦਾਮ ਦਿੱਤੇ ਜਾਣਗੇ।