ਜ਼ਿਮਨੀ ਚੋਣ ਵਿੱਚ ਕਾਂਗਰਸ ਧੜੇਬੰਦੀ ’ਚ ਫਸੀ: ਰਵਨੀਤ ਬਿੱਟੂ
ਗੁਰਿੰਦਰ ਸਿੰਘ
ਲੁਧਿਆਣਾ, 8 ਜੂਨ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਧੜੇਬੰਦੀ ਵਿੱਚ ਫਸੀ ਕਾਂਗਰਸ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਨਹੀਂ ਬਲਕਿ ਇਸ਼ਤਿਹਾਰ ’ਚ ਤਸਵੀਰ ਨਾ ਛਪਣ ਦੀ ਲੜਾਈ ਲੜ ਰਹੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਸਿਰਫ਼ ਅਰਵਿੰਦ ਕੇਜਰੀਵਾਲ ਦਾ ਰਾਜ ਸਭਾ ਵਿੱਚ ਦਾਖ਼ਲਾ ਕਰਨਾ ਹੈ। ਇੱਥੇ ਭਾਜਪਾ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਿਮਰਜੀਤ ਬੈਂਸ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਇੱਕ ਪਾਸੇ ਹਨ, ਜਦੋਂ ਕਿ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਦੂਜੇ ਪਾਸੇ ਹਨ। ਦੋਹਾਂ ਧੜਿਆਂ ਦਾ ਜ਼ੋਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗਿਆ ਹੋਇਆ ਹੈ ਅਤੇ ਦੋਵੇਂ ਧੜੇ ਇੱਕ ਦੂਜੇ ਦੇ ਵਿਰੋਧੀਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦੀ ਮਦਦ ਕਰਨ ਵਾਲੇ ਆਗੂਆਂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਤੋਂ ਤੁਰੰਤ ਅਤੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ‘ਆਪ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਧਾਇਕਾਂ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਲਈ ਇਕਜੁੱਟ ਸਮਰਥਨ ਦੀ ਸਪੱਸ਼ਟ ਘਾਟ ਨਜ਼ਰ ਆ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲ ਹੀ ਦੇ ਇਸ ਇਕਬਾਲੀਆ ਬਿਆਨ ਦਾ ਵੀ ਜ਼ਿਕਰ ਕੀਤਾ ਕਿ ਅਰੋੜਾ ਲਈ ਕੈਬਨਿਟ ਸੀਟ ਦੀ ਗਾਰੰਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਸਿਰਫ਼ ਅਰਵਿੰਦ ਕੇਜਰੀਵਾਲ ਦਾ ਰਾਜ ਸਭਾ ਵਿੱਚ ਦਾਖ਼ਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਪਾਰਟੀ ਨੂੰ ਪਾਈ ਗਈ ਵੋਟ ਖ਼ਰਾਬ ਹੋਵੇਗੀ ਇਸ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਪਾਈ ਜਾਵੇ। ਇਸ ਮੌਕੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਯਸ਼ਪਾਲ ਜਨੋਤਰਾ, ਡਾ. ਸਤੀਸ਼ ਕੁਮਾਰ ਅਤੇ ਸੁਨੀਲ ਸਿੰਗਲਾ ਆਦਿ ਵੀ ਹਾਜ਼ਰ ਸਨ।