ਜ਼ਿਮਨੀ ਚੋਣ: ਅਕਾਲੀ ਦਲ ਤੇ ਭਾਜਪਾ ਵੱਲੋਂ ਉਮੀਦਵਾਰ ਨਾ ਐਨਾਨਣ ’ਤੇ ਵਰਕਰ ਨਿਰਾਸ਼
ਗੁਰਿੰਦਰ ਸਿੰਘ
ਲੁਧਿਆਣਾ, 14 ਅਪਰੈਲ
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਨਾਲ ਦੋਹਾਂ ਪਾਰਟੀਆਂ ਦੀ ਚੋਣ ਮੁਹਿੰਮ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਬਾਰੇ ਕੋਈ ਵੀ ਫ਼ੈਸਲਾ ਨਾ ਹੋਣ ਕਾਰਨ ਦੋਹਾਂ ਪਾਰਟੀਆਂ ਦੇ ਵਰਕਰ ਨਿਰਾਸ਼ ਹੋ ਕੇ ਹਾਈ ਕਮਾਂਡ ਵੱਲ ਵੇਖ ਰਹੇ ਹਨ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਸਦ ਮੈਂਬਰ ਸੰਜੀਵ ਅਰੋੜਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਪਿਛਲੇ ਕਈ ਦਿਨਾਂ ਤੋਂ ਹਲਕੇ ਅਧੀਨ ਪੈਂਦੇ ਇਲਾਕਿਆਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਆਪੋ ਆਪਣੀ ਹਿਮਾਇਤ ਜੁਟਾਈ ਜਾ ਰਹੀ ਹੈ। ਇਸੇ ਤਰ੍ਹਾਂ ਈਸਾਈ ਭਾਈਚਾਰੇ ਦੇ ਆਗੂ ਅਲਬਰਟ ਦੂਆ ਵੱਲੋਂ ਚੋਣ ਲੜਣ ਦਾ ਐਲਾਨ ਕਰਦਿਆਂ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਕਾਂਗਰਸ ਤੇ ‘ਆਪ’ ਦੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਦਾ ਐਲਾਨ ਨਾ ਹੋਣ ਦਾ ਪੂਰਾ ਫ਼ਾਇਦਾ ਚੁੱਕ ਰਹੇ ਹਨ। ਆਪ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਪਿਛਲੇ ਦਿਨੀਂ ਇੱਕ ਅਕਾਲੀ ਆਗੂ ਦੇ ਘਰ ਰੱਖੀ ਮੀਟਿੰਗ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਆਗੂ ਕਿਸੇ ਸਮੇਂ ਮਹਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕੱਟੜ ਸਮਰਥਕ ਸੀ ਅਤੇ ਸ੍ਰੀ ਬਾਦਲ ਆਪਣੇ ਅੰਤਲੇ ਸਮੇਂ ਤੱਕ ਇਸ ਆਗੂ ਦੇ ਘਰ ਫੇਰੀ ਪਾਂਦੇ ਰਹੇ ਸਨ।
ਇਕ ਅਕਾਲੀ ਆਗੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦਵਾਰ ਬਾਰੇ ਜਲਦੀ ਫ਼ੈਸਲਾ ਕਰਨਾ ਚਾਹੀਦਾ ਹੈ ਕਿਉਂਕਿ ਦੋਹਾਂ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਕਾਫੀ ਅੱਗੇ ਨਿਕਲ ਗਏ ਹਨ। ਜੇਕਰ ਅਕਾਲੀ ਦਲ ਨੇ ਉਮੀਦਵਾਰ ਦਾ ਐਲਾਨ ਜਲਦੀ ਨਾ ਕੀਤਾ ਤਾਂ ਅਕਾਲੀ ਦਲ ਨੂੰ ਇਸਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਹਲੇ ਹੋਏ ਵਰਕਰ ਆਪਣੇ ਆਂਢ ਗੁਆਂਢ ਵਿੱਚ ਹੁੰਦੀਆਂ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਮੀਟਿੰਗਾਂ ਵਿੱਚ ਜ਼ਰੂਰ ਸ਼ਾਮਲ ਹੋ ਰਹੇ ਹਨ। ਇਸ ਲਈ ਇਨ੍ਹਾਂ ਨੂੰ ਰੋਕਣ ਲਈ ਅਕਾਲੀ ਦਲ ਨੂੰ ਆਪਣੀ ਚੋਣ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।
ਉਮੀਦਵਾਰ ਦੀ ਭਾਲ ਵਿੱਚ ਭਾਜਪਾ ਆਗੂ
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਲਗਾਤਾਰ ਮੀਟਿੰਗਾਂ ਕਰਕੇ ਸੰਭਾਵੀ ਜਿੱਤ ਵਾਲੇ ਉਮੀਦਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਬੇਸ਼ੱਕ ਹਾਲੇ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ ਪਰ ਪਤਾ ਲੱਗਾ ਹੈ ਕਿ ਪਾਰਟੀ ਵੱਲੋਂ ਕਿਸੇ ਅਜਿਹੇ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ ਜੋ ਇਸ ਚੋਣ ਵਿੱਚ ਜਿੱਤ ਪ੍ਰਾਪਤ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਜਿੱਤ ਦਾ ਰਸਤਾ ਤਿਆਰ ਕਰ ਸਕੇ। ਅਗਲੇ ਦਿਨਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੀ ਆਪੋ ਆਪਣੇ ਉਮੀਦਵਾਰ ਦਾ ਐਲਾਨ ਕਰਨ ਤੋਂ ਬਾਅਦ ਚੋਣ ਮੁਹਿੰਮ ਸਿਖਰਾਂ ਤੇ ਪੁੱਜਣ ਦੀ ਉਮੀਦ ਹੈ।
ਇਸਾਈ ਭਾਈਚਾਰੇ ਦਾ ਆਗੂ ਅਲਬਰਟ ਦੂਆ ‘ਆਪ’ ਆਗੂ ਸੰਜੀਵ ਅਰੋੜਾ