ਜ਼ਹਿਰੀਲੀ ਸ਼ਰਾਬ ਦਾ ਖ਼ਤਰਨਾਕ ਧੰਦਾ
ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਵੇਚ ਕੇ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦਾ ਧੰਦਾ ਬੇਰੋਕ ਜਾਰੀ ਹੈ ਅਤੇ ਇਸ ਵਾਰ ਇਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਬਲਾਕ ਵਿੱਚ ਦਸਤਕ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ 21 ਮੌਤਾਂ ਹੋ ਚੁੱਕੀਆਂ ਹਨ ਅਤੇ 10 ਹੋਰ ਵਿਅਕਤੀ ਹਾਲੇ ਵੀ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਮੁੱਖ ਮੁਲਜ਼ਮ ਸਣੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਜੀਠਾ ਪੁਲੀਸ ਸਟੇਸ਼ਨ ਦੇ ਐੱਸਐੱਚਓ ਤੇ ਡੀਐੱਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪ੍ਰਭਾਵਿਤ ਪਿੰਡ ਦਾ ਦੌਰਾ ਕਰਦਿਆਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ ਅਤੇ ਪੀੜਤਾਂ ਲਈ ਰਾਹਤ ਦਾ ਐਲਾਨ ਵੀ ਕੀਤਾ ਹੈ। ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। 2020 ਵਿੱਚ ਤਰਨ ਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਮੌਤਾਂ ਹੋਈਆਂ ਸਨ। ਪਿਛਲੇ ਸਾਲ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਖੇਤਰ ਵਿੱਚ 20 ਮੌਤਾਂ ਹੋ ਗਈਆਂ ਸਨ। ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਆਮ ਤੌਰ ’ਤੇ ਗ਼ਰੀਬ ਹੀ ਬਣਦੇ ਹਨ। ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਵਿੱਚ ਇਹ ਖ਼ਤਰਨਾਕ ਧੰਦਾ ਪੁਲੀਸ, ਸਿਆਸਤਦਾਨਾਂ, ਆਬਕਾਰੀ ਅਧਿਕਾਰੀਆਂ ਤੇ ਗ਼ੈਰ-ਸਮਾਜਿਕ ਅਨਸਰਾਂ ਦੀ ਮਿਲੀਭੁਗਤ ਨਾਲ ਫੈਲ ਚੁੱਕਿਆ ਹੈ ਅਤੇ ਇਸ ਨੂੰ ਰੋਕਣ ਲਈ ਹਾਲੇ ਤੱਕ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਕੇ ਕੁਝ ਸਮੇਂ ਬਾਅਦ ਅਜਿਹੀ ਕੋਈ ਘਟਨਾ ਸਾਡੀ ਨੀਂਦ ਤੋੜ ਦਿੰਦੀ ਹੈ।
ਰਿਪੋਰਟਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸ਼ਰਾਬ ਬਣਾਉਣ ਲਈ ਜ਼ਹਿਰੀਲੇ ਅਤੇ ਸਨਅਤੀ ਮਾਦੇ ਮੀਥੇਨੌਲ ਦੀ ਵਰਤੋਂ ਕੀਤੀ ਜਾ ਰਹੀ ਹੈ। ਮਜੀਠਾ ਕਾਂਡ ਵਿੱਚ ਵੀ ਪਤਾ ਲੱਗਿਆ ਹੈ ਕਿ ਸ਼ਰਾਬ ਬਣਾਉਣ ਲਈ ਮੀਥੇਨੌਲ ਦੀ ਵਰਤੋਂ ਕੀਤੀ ਗਈ ਸੀ। ਆਮ ਤੌਰ ’ਤੇ ਇਨ੍ਹਾਂ ਘਟਨਾਵਾਂ ਦੀ ਜਾਂਚ ਤੋਂ ਪਤਾ ਲਗਦਾ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਸ਼ਰਾਬ ਤਿਆਰ ਕਰਨ ਲਈ ਮੀਥੇਨੌਲ ਹਾਸਿਲ ਕਰ ਕੇ ਵੰਡਣ ਵਿੱਚ ਕੁਝ ਨੈੱਟਵਰਕ ਸ਼ਾਮਿਲ ਹਨ। ਦਿੜ੍ਹਬਾ ਕਾਂਡ ਦੀ ਜਾਂਚ ਤੋਂ ਪਤਾ ਲੱਗਿਆ ਸੀ ਕਿ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਲਈ ਮੀਥੇਨੌਲ ਨੋਇਡਾ ਦੀ ਇੱਕ ਫੈਕਟਰੀ ਤੋਂ ਸਪਲਾਈ ਕੀਤਾ ਗਿਆ ਸੀ। ਪਿਛਲੇ ਸਾਲਾਂ ਵਿੱਚ ਜ਼ਹਿਰੀਲੀ ਸ਼ਰਾਬ ਦੇ ਇਨ੍ਹਾਂ ਕੇਸਾਂ ਦੀ ਜਾਂਚ ਕਿਸੇ ਕੰਢੇ ਨਹੀਂ ਲੱਗ ਸਕੀ। 2020 ਦੇ ਕਾਂਡ ਵਿੱਚ ਆਬਕਾਰੀ ਤੇ ਪੁਲੀਸ ਅਫ਼ਸਰਾਂ ਨੂੰ ਮੁਅੱਤਲ ਕੀਤਾ ਗਿਆ ਸੀ ਪਰ ਕਿਸੇ ਵੀ ਅਫ਼ਸਰ ਦੀ ਬਰਖ਼ਾਸਤਗੀ ਨਹੀਂ ਹੋਈ ਅਤੇ ਨਾ ਹੀ ਕਿਸੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਾਲਾਂਕਿ, ਪੰਜਾਬ ਆਬਕਾਰੀ ਕਾਨੂੰਨ ਵਿੱਚ ਸੋਧ ਕਰ ਕੇ ਜ਼ਹਿਰੀਲੇ ਮਾਦਿਆਂ ਦੀ ਵਰਤੋਂ ਦੇ ਸਬੰਧ ਵਿੱਚ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ ਹੈ ਪਰ ਕਾਨੂੰਨ ਦੀ ਕਾਰਗਰ ਅਮਲਦਾਰੀ ਵੱਡੀ ਚੁਣੌਤੀ ਬਣੀ ਹੋਈ ਹੈ।
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਮਜੀਠਾ ਖੇਤਰ ਵਿੱਚ ਵਾਪਰਿਆ ਇਹ ਕਾਂਡ ਇਹ ਦ੍ਰਿੜ੍ਹਾਉਂਦਾ ਹੈ ਕਿ ਪੰਜਾਬ ਵਿੱਚ ਸ਼ਰਾਬ ਤਿਆਰ ਕਰਨ ਲਈ ਮੀਥੇਨੌਲ ਦੀ ਵਰਤੋਂ ਘਾਤਕ ਸਮੱਸਿਆ ਬਣ ਚੁੱਕੀ ਹੈ ਅਤੇ ਇਸ ਨਾਲ ਜੁੜੇ ਸ਼ਰਾਬ ਕਾਰੋਬਾਰੀਆਂ, ਭ੍ਰਿਸ਼ਟ ਅਫ਼ਸਰਾਂ ਅਤੇ ਇਹ ਜ਼ਹਿਰੀਲਾ ਮਾਦਾ ਸਪਲਾਈ ਕਰਨ ਵਾਲੀਆਂ ਫਰਮਾਂ ਦੇ ਤਾਣੇ-ਬਾਣੇ ਨੂੰ ਤੋੜਨ ਲਈ ਫੌਰੀ ਕਾਰਗਰ ਕਾਰਵਾਈ ਦੀ ਲੋੜ ਹੈ।