ਜ਼ਰੂਰੀ ਵਸਤਾਂ ਦੀ ਘਰੋ-ਘਰੀਂ ਸਪਲਾਈ ਦਾ ਦਾਅਵਾ ਠੁੱਸ

ਅੰਮ੍ਰਿਤਸਰ ਵਿਚ ਬੁੱਧਵਾਰ ਨੂੰ ਇਕ ਪੈਟਰੋਲ ਪੰਪ ’ਤੇ ਵਾਹਨ ਚਾਲਕਾਂ ਦੀ ਭੀੜ ਦੀ ਝਲਕ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਮਾਰਚ
ਕਰੋਨਾਵਾਇਰਸ ਤੋਂ ਬਚਾਅ ਲਈ ਸਰਕਾਰ ਵਲੋਂ ਲਾਏ ਗਏ ਕਰਫਿਊ ਦੇ ਅੱਜ ਤੀਜੇ ਦਿਨ ਸ਼ਹਿਰ ਵਿਚ ਮੁਕੰਮਲ ਬੰਦ ਰਿਹਾ ਅਤੇ ਇਸ ਦੌਰਾਨ ਕੋਈ ਢਿਲ ਨਹੀਂ ਦਿੱਤੀ ਗਈ। ਪ੍ਰਸ਼ਾਸਨ ਵਲੋਂ ਜ਼ਰੂਰੀ ਵਸਤਾਂ ਘਰਾਂ ਦੇ ਦਰਵਾਜ਼ਿਆਂ ’ਤੇ ਮੁਹੱਈਆ ਕਰਨ ਦਾ ਦਾਅਵਾ ਅੱਜ ਖੋਖਲਾ ਸਾਬਤ ਹੋਇਆ ਹੈ।
ਅੱਜ ਸਵੇਰ ਹੁੰਦਿਆਂ ਹੀ ਲੋਕ ਦੁੱਧ ਅਤੇ ਹੋਰ ਜ਼ਰੂਰੀ ਵਸਤਾਂ ਦੀ ਪ੍ਰਾਪਤੀ ਲਈ ਘਰਾਂ ਤੋਂ ਬਾਹਰ ਆਏ ਸਨ ਪਰ ਦੁਕਾਨਾਂ ਬੰਦ ਹੋਣ ਕਾਰਨ ਨਾ ਸਿਰਫ ਦੁੱਧ ਦੀ ਪ੍ਰਾਪਤੀ ਲਈ ਮੁਸ਼ਕਲ ਪੇਸ਼ ਆਈ ਸਗੋਂ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਲੋੜੀਂਦੀਆਂ ਵਸਤਾਂ ਵੀ ਨਹੀਂ ਮਿਲੀਆਂ। ਸੁਲਤਾਨਵਿੰਡ ਇਲਾਕੇ ਵਿਚ ਦੁਕਾਨਾਂ ਬੰਦ ਸਨ ਅਤੇ ਲੋਕ ਇਨ੍ਹਾਂ ਵਸਤਾਂ ਦੀ ਪ੍ਰਾਪਤੀ ਵਾਸਤੇ ਮਾਰੇ ਮਾਰੇ ਫਿਰ ਰਹੇ ਸਨ। ਜਨਰਲ ਸਟੋਰ ਜਿਨ੍ਹਾਂ ਤੋਂ ਵੇਰਕਾ ਤੇ ਅਮੁਲ ਦੇ ਦੁੱਧ ਦੇ ਪੈਕੇਟ ਆਮ ਦਿਨਾਂ ਵਿਚ ਮਿਲ ਜਾਂਦੇ ਹਨ, ਅੱਜ ਕਈ ਦੁਕਾਨਾਂ ’ਤੇ ਇਹ ਵੀ ਉਪਲਬਧ ਨਹੀਂ ਸਨ। ਕਈ ਦੁਕਾਨਦਾਰਾਂ ਵਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਪਿੱਛੋਂ ਕੰਪਨੀ ਵਲੋਂ ਹੀ ਦੁੱਧ ਘੱਟ ਭੇਜਿਆ ਗਿਆ ਹੈ। ਕੁਝ ਥਾਵਾਂ ਤੋਂ ਦੁਕਾਨਦਾਰਾਂ ਵਲੋਂ ਲੁਕਾ ਕੇ ਦੁੱਧ ਦੇ ਪੈਕੇਟ ਲੋਕਾਂ ਨੂੰ ਦਿੱਤੇ ਜਾ ਰਹੇ ਸਨ ਤਾਂ ਜੋ ਪੁਲੀਸ ਆਦਿ ਨੂੰ ਪਤਾ ਨਾ ਲੱਗੇ।
ਬੀਤੀ ਰਾਤ ਜਦੋਂ ਪ੍ਰਧਾਨ ਮੰਤਰੀ ਵਲੋਂ ਤਿੰਨ ਹਫਤਿਆਂ ਲਈ ਭਾਰਤ ਮੁਕੰਮਲ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਉਸ ਵੇਲੇ ਵੀ ਲੋਕਾਂ ਵਿਚ ਘਰਾਂ ਦੇ ਜ਼ਰੂਰੀ ਸਮਾਨ ਦੀ ਪ੍ਰਾਪਤੀ ਵਾਸਤੇ ਭੱਜ ਦੌੜ ਸ਼ੁਰੂ ਹੋ ਗਈ ਸੀ ਪਰ ਲੋਕਾਂ ਨੂੰ ਲੋੜੀਂਦਾ ਸਾਮਾਨ ਨਹੀਂ ਮਿਲਿਆ, ਇਸੇ ਲਈ ਲੋਕਾਂ ਵਲੋਂ ਮੁੜ ਸਵੇਰੇ ਲੋੜੀਂਦੇ ਸਾਮਾਨ ਦੀ ਪ੍ਰਾਪਤ ਲਈ ਯਤਨ ਸ਼ੁਰੂ ਕੀਤਾ ਗਿਆ। ਦਵਾਈਆਂ ਦੀਆਂ ਦੁਕਾਨਾਂ ਵੀ ਬੰਦ ਸਨ ਜਿਸ ਕਾਰਨ ਲੋਕਾਂ ਨੂੰ ਦਵਾਈਆਂ ਲੈਣ ਵਿਚ ਵੀ ਮੁਸ਼ਕਲ ਪੇਸ਼ ਆਈ। ਦਵਾਈਆਂ ਦੀ ਇਕ ਦੁਕਾਨ ਅੱਧੀ ਖੁੱਲ੍ਹੀ ਸੀ ਜਿਸ ਦੇ ਬਾਹਰ ਦਵਾਈ ਲੈਣ ਵਾਲੇ ਲਗਪਗ 20 ਤੋਂ ਵੱਧ ਵਿਅਕਤੀ ਕਤਾਰ ਬਣਾ ਕੇ ਖੜੇ ਸਨ। ਦੁਕਾਨਦਾਰ ਵਲੋਂ ਇਕ ਇਕ ਨੂੰ ਦਵਾਈ ਦਿੱਤੀ ਜਾ ਰਹੀ ਸੀ। ਇਸ ਦੌਰਾਨ ਅੱਜ ਨਰਾਤਿਆਂ ਦੀ ਸ਼ੁਰੂਆਤ ਹੋਈ ਹੈ। ਲੋਕਾਂ ਵਲੋਂ ਸਵੇਰੇ ਮੰਦਿਰ ਮੱਥਾ ਟੇਕਣ ਤੋਂ ਬਾਅਦ ਇਸ ਸਬੰਧੀ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਪਰ ਕਰੋਨਾਵਾਇਰਸ ਕਾਰਨ ਸ਼ਹਿਰ ਵਿਚ ਪ੍ਰਮੁੱਖ ਮੰਦਿਰ, ਸ਼ੀਤਲਾ ਮਾਤਾ ਦਾ ਮੰਦਿਰ, ਲੌਂਗਾ ਦੇਵੀ ਦਾ ਮੰਦਿਰ ਤੇ ਹੋਰ ਗਲੀ ਮੁਹਲਿਆਂ ਵਾਲੇ ਮੰਦਿਰ ਵੀ ਬੰਦ ਸਨ। ਕੁਝ ਮੰਦਿਰਾਂ ਦੇ ਗੇਟਾਂ ’ਤੇ ਮੰਦਿਰ ਬੰਦ ਰੱਖਣ ਸਬੰਧੀ ਨੋਟਿਸ ਵੀ ਚਿਪਕਾਏ ਹੋਏ ਸਨ। ਲੋਕਾਂ ਵਲੋਂ ਕਰਫਿਊ ਦੇ ਬਾਵਜੂਦ ਮੰਦਿਰ ਦੇ ਬਾਹਰੋਂ ਹੀ ਮੱਥਾ ਟੇਕ ਕੇ ਨਰਾਤਿਆਂ ਦੀ ਸ਼ੁਰੂਆਤ ਕੀਤੀ ਗਈ ਹੈ।

ਹਰਿਮੰਦਰ ਸਾਹਿਬ ਪੁੱਜੇ ਇੱਕਾ ਦੁੱਕਾ ਸ਼ਰਧਾਲੂ

ਅੱਜ ਸ੍ਰੀ ਹਰਿਮੰਦਰ ਸਾਹਿਬ ਵੀ ਪਿਛਲੇ ਦਿਨਾਂ ਵਾਂਗ ਸ਼ਰਧਾਲੂਆਂ ਦੀ ਘਾਟ ਰਹੀ। ਇੱਕਾ ਦੁੱਕਾ ਸ਼ਰਧਾਲੂ ਹੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਸਨ। ਇਸ ਦੌਰਾਨ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ’ਤੇ ਕੋਈ ਰੋਕ ਨਹੀਂ ਲਾਈ ਗਈ ਹੈ। ਪ੍ਰਸ਼ਾਸਨ ਅਤੇ ਸਰਕਾਰ ਵਲੋਂ ਕਰਫਿਊ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਸੰਗਤ ਦੀ ਆਮਦ ਘਟੀ ਹੈ। ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਅੰਦਰੂਨੀ ਮਰਿਆਦਾ ਪਹਿਲਾਂ ਵਾਂਗ ਹੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦੁਆਰ ਸੰਗਤ ਲਈ 24 ਘੰਟੇ ਖੁੱਲ੍ਹੇ ਹਨ।