ਜ਼ਮੈਟੋ ਮੁਲਾਜ਼ਮ ਦੇ ਘਰੋਂ ਮਿਲੀ ਔਰਤ ਦੀ ਲਾਸ਼
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜੂਨ
ਲੋਕਾਂ ਦੇ ਘਰਾਂ ’ਚ ਕੰਮ ਕਰਦੀ ਦਾਰੂ ਕੁਟੀਆ ਦੀ ਰਜਨੀ (35) ਦੀ ਸੂਇਆਂ ਨਾਲ ਵਿੰਨ੍ਹੀ ਤੇ ਖੂਨ ਨਾਲ ਲੱਥ ਪੱਥ ਲਾਸ਼ ਜ਼ੁਮੈਟੋ ਮੁਲਾਜ਼ਮ ਕੁਲਬੀਰ ਸਿੰਘ ਘੁੰਮਣ ਦੇ ਘਰੋਂ ਮਿਲੀ ਹੈ। ਉਸ ਦਾ ਘਰ ਇਥੇ ਗੁਰੂ ਨਾਨਕ ਫਾਊਂਡੇਸ਼ਨ ਸਕੂਲ ਨੇੜੇ ਸਥਿਤ ਗੁਰਮਤਿ ਇਨਕਲੇਵ ਵਿੱਚ ਹੈ। ਪੀੜਤ ਪਰਿਵਾਰ ਅਨੁਸਾਰ ਇਸ ਘਰ ’ਚ ਉਹ ਰੋਟੀ ਪਕਾਉਂਦੀ ਸੀ ਤੇ ਪਰਿਵਾਰ ਇਸ ਵਿਅਕਤੀ ਨੂੰ ਹੀ ਰਜਨੀ ਦਾ ਕਾਤਲ ਮੰਨ ਰਿਹਾ ਹੈ। ਥਾਣਾ ਪਸਿਆਣਾ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਦੀ ਧੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਕੁਲਬੀਰ ਸਿੰਘ ਦੇ ਘਰ ਰੋਟੀ ਬਣਾਉਂਦੀ ਸੀ। ਇਸ ਤਹਿਤ ਉਹ 9 ਜੂਨ ਨੂੰ ਵੀ ਰੋਟੀ ਬਣਾਉਣ ਲਈ ਗਈ ਸੀ। ਉਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਸ਼ਾਮੀ 6 ਵਜੇ ਆ ਜਾਵੇਗੀ। ਮਗਰੋਂ ਉਸ ਦਾ ਫੋਨ ਬੰਦ ਆਇਆ। ਫੇਰ ਕੁਲਬੀਰ ਸਿੰਘ ਨੂੰ ਫੋਨ ਕੀਤਾ ਤਾਂ ਪਹਿਲਾਂ ਤਾਂ ਉਸ ਨੇ ਚੁੱਕਿਆ ਨਹੀਂ ਤੇ ਫੇਰ ਫੋਨ ਬੰਦ ਕਰ ਲਿਆ। ਅੱਜ ਸਵੇਰੇ ਜਦੋਂ ਜਾ ਕੇ ਦੇਖਿਆ ਤਾਂ ਉਸ ਦੇ ਘਰ ਰਜਨੀ ਦੀ ਲਾਸ਼ ਪਈ ਸੀ। ਮਗਰੋਂ ਪੁਲੀਸ ਨੇ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਪੁੱਜਦੀ ਕੀਤੀ ਤੇ ਫੇਰ ਕਾਰਵਾਈ ਅਮਲ ’ਚ ਲਿਆਂਉਂਦਿਆਂ ਕੁਲਬੀਰ ਸਿੰਘ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲੀਸ ਮੁਤਾਬਕ ਉਹ ਜੁਮੈਟੋ ਵਿੱਚ ਕੰਮ ਕਰਦਾ ਹੈ।