ਜ਼ਮੀਨ ਬਗ਼ੈਰ ਬੱਚਿਆਂ ਦੇ ਵਿਆਹ ਕਰਨੇ ਔਖੇ ਹੋ ਜਾਣਗੇ: ਧੰਨਾ ਸਿੰਘ
ਬਰਨਾਲਾ (ਰਵਿੰਦਰ ਰਵੀ): ਸਥਾਨਕ ਗਰਚਾ ਰੋਡ ’ਤੇ ਪੁੱਡਾ ਵੱਲੋਂ 317 ਏਕੜ ਖੇਤੀਬਾੜੀ ਜ਼ਮੀਨ ਐਕੁਆਇਰ ਕਰਨ ਸਬੰਧੀ ਲੱਗੇ ਇਸ਼ਤਹਾਰ ਨੂੰ ਦੇਖ ਕੇ ਜ਼ਮੀਨ ਮਾਲਕ ਪ੍ਰੇਸ਼ਾਨ ਹਨ। ਅੱਜ ਕਿਸਾਨਾਂ ਨੇ ਕਾਂਗਰਸ ਦੇ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਟੀ.ਬੈਨਿਥ ਨੂੰ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਮੰਗ ਪੱਤਰ ਦਿੱਤਾ। ਜ਼ਮੀਨ ਮਾਲਕ ਧੰਨਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨਾਂ ਐਕੁਆਇਰ ਕੀਤੀਆਂ ਜਾਣਗੀਆਂ ਪਰ ਸਰਕਾਰ ਨੇ ਕਿਸਾਨਾਂ ਨਾਲ ਬਿਨਾਂ ਕੋਈ ਗੱਲਬਾਤ ਕੀਤੇ ਹੀ ਜ਼ਮੀਨ ਐਕੁਆਇਰ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ। ਉਸ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਤੇ ਖੇਤੀਬਾੜੀ ਤੋਂ ਬਿਨਾਂ ਉਨ੍ਹਾਂ ਦੀ ਆਮਦਨ ਦਾ ਕੋਈ ਸਾਧਨ ਨਹੀਂ ਹੈ। ਜੇ ਪੁੱਡਾ ਵੱਲੋਂ ਇਹ ਜ਼ਮੀਨ ਐਕੁਆਇਰ ਕੀਤੀ ਜਾਂਦੀ ਹੈ ਤਾਂ ਕਿਸਾਨ ਪਰਿਵਾਰ ਬੇਰੁਜ਼ਗਾਰ ਅਤੇ ਸਾਨੂੰ ਆਪਣੇ ਬੱਚਿਆਂ ਦੇ ਵਿਆਹ ਕਰਨੇ ਵੀ ਔਖੇ ਹੋ ਜਾਣਗੇ ਕਿਉਂਕਿ ਜ਼ਿੰਮੀਦਾਰਾਂ ਦੇ ਰਿਸ਼ਤੇ ਤੋਂ ਪਹਿਲਾਂ ਜ਼ਮੀਨ ਦੇਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਐਕੁਆਇਰ ਕੀਤੀ ਜਾ ਰਹੀ ਜ਼ਮੀਨ ’ਤੇ ਉਨ੍ਹਾਂ ਨੂੰ ਇਤਰਾਜ਼ ਹੈ। ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਹੇਸ਼ ਲੋਟਾ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਦੱਸਿਆ ਕਿ ਪੁੱਡਾ ਵੱਲੋਂ ਗਰਚਾ ਰੋਡ ’ਤੇ ਬਠਿੰਡਾ ਬਾਈਪਾਸ ਰੋਡ ਦੇ ਵਿਚਕਾਰ ਪੈਂਦੀ 317 ਏਕੜ ਜ਼ਮੀਨ ਐਕੁਆਇਰ ਕਰਨ ਸਬੰਧੀ ਜੋ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਉਸ ਨਾਲ ਕਈ ਪਰਿਵਾਰ ਬੇਰੁਜ਼ਗਾਰ ਹੋ ਜਾਣਗੇ। ਜੇਕਰ ਸਰਕਾਰ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਿੱਖਾ ਸੰਘਰਸ਼ ਵੱਢਿਆ ਜਾਵੇਗਾ। ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਨੋਟੀਫ਼ਿਕੇਸ਼ਨ ਰੱਦ ਕਰਨ ਲਈ ਪੱਤਰ ਲਿਖਣ। ਮੰਗ ਪੱਤਰ ਦੇਣ ਮੌਕੇ ਕੇਵਲ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਗਿਆਨ ਦਾਸ, ਸੁਖਦੇਵ ਸਿੰਘ, ਹਰਪਾਲ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਮਨਦੀਪ ਸਿੰਘ, ਜਗਸੀਰ ਸਿੰਘ, ਸੁਖਦੀਪ ਸਿੰਘ, ਬਲਵੀਰ ਸਿੰਘ, ਚਮਕੌਰ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।