ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਧਰਨਾ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 3 ਫਰਵਰੀ
ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਬਲਾਕ ਦਿੜ੍ਹਬਾ ਦੀ ਟੀਮ ਵੱਲੋਂ ਐੱਸਡੀਐੱਮ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਵੱਡੀ ਗਿਣਤੀ ਮਜ਼ਦੂਰ ਸ਼ਾਮਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਵਿੰਦਰ ਸਾਦੀਹਰੀ ਤੇ ਜਗਸੀਰ ਸਮੂਰਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਦਲਿਤਾਂ ਨਾਲ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਤੇ ਖਜ਼ਾਨਾ ਮੰਤਰੀ ਦੇ ਹਲਕੇ ’ਚ ਪਿੰਡ ਸ਼ਾਦੀਹਰੀ ਦਾ ਮਸਲਾ ਲੰਬੇ ਸਮੇ ਤੋਂ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕੀ ਹੱਕ ਸਾਰਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਨਹੀਂ ਦਿੱਤੇ ਜਾ ਰਹੇ, ਕਾਨੂੰਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਕੋਆਪ੍ਰੇਟਿਵ ਸੁਸਾਈਟੀਆਂ ਵਿੱਚ ਮੈਂਬਰਸ਼ਿਪ ਨਹੀਂ ਦਿਤੀ ਜਾ ਰਹੀ, ਦਲਿਤਾਂ ਤੇ ਦਰਜ ਝੂਠੇ ਪਰਚੇ ਰੱਦ ਨਹੀਂ ਕੀਤੇ ਜਾ ਰਹੇ ਅਤੇ ਲੰਬੇ ਸੰਘਰਸ਼ ਤੋਂ ਬਾਅਦ ਪਿੰਡਾਂ ’ਚ ਮਿਲਿਆ ਪੰਚਾਇਤੀ ਜ਼ਮੀਨ ਦਾ ਹੱਕ ‘ਆਪ’ ਸਰਕਾਰ ਵੱਲੋਂ ਖੋਹਿਆ ਜਾ ਰਿਹਾ ਹੈ ਜਿਸ ਕਰਕੇ ਉਕਤ ਮੰਗਾਂ ਮੰਨਵਾਉਣ ਲਈ ਅੱਜ ਵੱਖ-ਵੱਖ ਪਿੰਡਾਂ ਦੇ ਕਿਰਤੀ ਲੋਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਅੱਜ ਦੇ ਧਰਨੇ ਨੂੰ ਪੱਕੇ ਮੋਰਚੇ ਵਿੱਚ ਤਬਦੀਲ ਕਰਨ ਤੋਂ ਬਾਅਦ ਹੀ ਪ੍ਰਸ਼ਾਸਨ ਹਰਕਤ ’ਚ ਆਇਆ ਗਿਆ ਤੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਐੱਸਡੀਐੱਮ ਨਾਲ ਗੱਲਬਾਤ ਵਿੱਚ ਸਾਰੀਆਂ ਮੰਗਾਂ ਨੂੰ ਇਕ ਮਹੀਨੇ ’ਚ ਲਾਗੂ ਕਾਰਨ ਦਾ ਭਰੋਸਾ ਦਿੱਤਾ ਤੇ ਉਕਤ ਮੰਗਾਂ ’ਤੇ ਜ਼ਿਲ੍ਹਾ ਪੱਧਰੀ ਮੀਟਿੰਗ ਰਖਵਾਈ ਗਈ। ਮੀਟਿੰਗ ਦੇ ਭਰੋਸ ਮਗਰੋਂ ਧਰਨਾ ਮੁਲਤਵੀ ਕੀਤਾ ਗਿਆ। ਇਸ ਮੌਕੇ ਮਾੜੂ ਸਿੰਘ ਸਮੂਰਾ, ਨਿੱਕਾ ਸਿੰਘ, ਹਾਕਮ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਸ਼ਾਦੀਹਰੀ ਤੇ ਨਿੱਕਾ ਸਿੰਘ ਆਦਿ ਹਜ਼ਾਰ ਸਨ।