ਜ਼ਮਾਨਾ ਕਿਹੜਾ ਪੁੱਛ ਕੇ ਬਦਲਦੈ...
ਡਾ. ਅਵਤਾਰ ਸਿੰਘ ਪਤੰਗ
ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਬਹੁਤੇ ਪਿੰਡਾਂ ਵਿੱਚ ਬਿਜਲੀ ਨਹੀਂ ਸੀ ਹੁੰਦੀ। ਲੋਕ ਘਰਾਂ ਵਿੱਚ ਮਿੱਟੀ ਦੇ ਤੇਲ ਜਾਂ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਦੇ ਸਨ। ਦੀਵੇ ਨੂੰ ਜ਼ਰਾ ਉੱਚਾ ਰੱਖਣ ਲਈ ਦੀਵਟ ਹੁੰਦੀ ਸੀ। ਦੀਵੇ ਦੀ ਲੋਅ ਇੰਨੀ ਮੱਧਮ ਹੁੰਦੀ ਸੀ ਕਿ ਰੋਟੀ ਖਾਣ ਵਾਲੇ ਨੂੰ ਇਹ ਨਹੀਂ ਸੀ ਪਤਾ ਲਗਦਾ ਕਿ ਕੌਲੀ ਵਿੱਚ ਦਾਲ ਹੈ ਜਾਂ ਕੋਈ ਸਬਜ਼ੀ।
1970 ਦੇ ਗਰਮੀਆਂ ਦੇ ਮਹੀਨੇ ਇੱਕ ਦਿਨ ਸਰਕਾਰ ਦੇ ਕੁਝ ਨੁਮਾਇੰਦੇ ਇਹ ਸਰਵੇ ਕਰਨ ਸਾਡੇ ਪਿੰਡ ਆਏ ਕਿ ਪਿੰਡ ਦੇ ਕਿੰਨੇ ਕੁ ਘਰ ਬਿਜਲੀ ਕੁਨੈਕਸ਼ਨ ਲੈਣ ਦੇ ਚਾਹਵਾਨ ਹਨ। ਉਨ੍ਹਾਂ ਅਧਿਕਾਰੀਆਂ ਨੇ ਪਿੰਡ ਦੇ ਸਰਪੰਚ ਨੂੰ ਕੁਝ ਫਾਰਮ ਦਿੱਤੇ ਅਤੇ ਕਿਹਾ ਕਿ ਜੇਕਰ ਪਿੰਡ ਦੇ ਵੀਹ ਘਰ ਫਾਰਮ ਭਰ ਕੇ ਸਰਪੰਚ ਦੀ ਮੋਹਰ ਲਗਵਾ ਕੇ ਬਿਜਲੀ ਮਹਿਕਮੇ ਨੂੰ ਭੇਜ ਦੇਣਗੇ ਤਾਂ ਸਰਕਾਰ ਪਿੰਡ ਨੂੰ ਬਿਜਲੀ ਕੁਨੈਕਸ਼ਨ ਦੇਣ ਦੀ ਮਨਜ਼ੂਰੀ ਦੇ ਸਕਦੀ ਹੈ। ਸਰਪੰਚ ਨੇ ਪਿੰਡ ਦੇ ਕੁਝ ਨੌਜਵਾਨ ਮੁੰਡਿਆਂ ਦੀ ਘਰ-ਘਰ ਜਾ ਕੇ ਫਾਰਮ ਭਰਵਾਉਣ ਦੀ ਡਿਊਟੀ ਲਗਾ ਦਿੱਤੀ।
ਦੂਸਰੇ ਦਿਨ ਅਸੀਂ ਫਾਰਮ ਲੈ ਕੇ ਸਭ ਤੋਂ ਪਹਿਲਾਂ ਚਾਚੀ ਬਚਨ ਕੌਰ ਦੇ ਘਰ ਗਏ। ਸਾਡੀ ਗੱਲ ਸੁਣ ਕੇ ਚਾਚੀ ਬੋਲੀ, “ਨਾ... ... ਜਿਹੜੇ ਸਾਡੇ ਸਿਆਣੇ ਜੱਦੀ-ਪੁਸ਼ਤੀ ਦੀਵੇ ਬਾਲਦੇ ਆਏ ਐ, ਕਿਆ ਉਹ ਪਾਗਲ ਤੇ?... ਦੀਵਾ ਬਾਲਣਾਂ ਸੰਝਾਂ ਨੂੰ ਸ਼ੁਭ ਸਗਨ ਹੁੰਦੈ। ਨਾਲੇ ਜਦ ਦੇਸੀ ਘਿਓ ਦੀ ਜੋਤ ਜਗਾ ਕੇ ਦੇਵੀ ਮਾਂ ਦੀ ਮੂਰਤੀ ਅੱਗੇ ਧਰੀਦੀ ਐ... ਤਾਂ ਘਰ ਵਿੱਚ ਸੌ ਬਰਕਤਾਂ ਪੈਂਦੀਆਂ ਐ... ਲੈ ਸੁਣ ਲਿਉ ਭੱਦਰਕਾਰੇ ਇਸ ਬਿਜਲੀ ਦੇ... ਲੁਦੇਹਾਣੇ ਮੇਰੀ ਭੈਣ ਦੇ ਘਰ ਲੱਗੀ ਤੀ ਬਿਜਲੀ ਕਾਫ਼ੀ ਚਿਰ ਪਹਿਲਾਂ... ਇੱਕ ਦਿਨ ਮੇਰਾ ਜੀਜਾ ਲਾਟੂ ਲਾਣ ਚੜ੍ਹ ਗਿਆ ਮੇਜ ’ਤੇ... ਅਹਿ ਜਿਹਾ ਕਰੰਟ ਮਾਰਿਆ, ਪਟਕਾ ਕੇ ਥੱਲੇ ਮਾਰਿਆ ਧਰਤੀ ’ਤੇ... ਹੁਣ ਤੱਕ ਸੱਟਾਂ ਰੜਕਦੀਆਂ... ਹੁਣ ਵੀ ਸੇਕ ਦਿੰਦਾ ਇੱਟ-ਰੋੜੇ ਦਾ ਪੁੜਿਆਂ ਨੂੰ... ਫਿਰ ਇੱਕ ਦਿਨ ਮੇਰੀ ਭੈਣ ਕੱਪੜੇ ਸੁੱਕਣੇ ਪਾਣ ਲੱਗੀ ਰੱਸੀ ’ਤੇ... ਪਤਾ ਨ੍ਹੀਂ ਕਿੱਥੋਂ ਟੁੱਟ ਪੈਣਾ ਕਰੰਟ ਆ ਗਿਆ... ਨਾਲ ਈ ਲਟਕ ਗਈ ਤੋਰੀ ਆਂਗੂ... ਉੱਥੇ ਖੜ੍ਹੀ ਈ ਅਰਾਟਾਂ ਪਾਵੇ।... ਨਾ ਪੁੱਤ ਅਸੀਂ ਜੋੜੇ ਹੱਥ... ਇਸ ਨਿਖਸਮੀ ਬਿਜਲੀ ਨਾਲੋਂ ਆਪਾਂ ਐਵੇਂ ਚੰਗੇ....ਅਸੀਂ ਨ੍ਹੀਂ ਅਣਆਈ ਮੌਤ ਮਰਨਾ।”
ਫਿਰ ਅਸੀਂ ਸੁੱਚੇ ਨੰਬਰਦਾਰ ਦੇ ਘਰ ਗਏ। ਉਹਨੇ ਆਪਣੀ ਖੋਜ ਮੁਤਾਬਕ ਸਾਨੂੰ ਕਥਾ ਸੁਣਾੳਣੀ ਸ਼ੁਰੂ ਕਰ ਦਿੱਤੀ, “ਗ੍ਰੰਥਾਂ ’ਚ ਲਿਖਿਆ, ਬਈ ਜਦ ਕ੍ਰਿਸ਼ਨ ਭਗਵਾਨ ਦੇ ਮਾਮੇ ਕੰਸ ਨੇ ਆਪਣੀ ਜੰਮਦੀ ਮਾਸੂਮ ਭਾਣਜੀ ਨੂੰ ਪਟਕਾ ਕੇ ਮਾਰਿਆ ਧਰਤੀ ’ਤੇ ਤਾਂ ਉਹ ਅਸਮਾਨੀ ਚੜ੍ਹ ਕੇ ਬਿਜਲੀ ਬਣ ਕੇ ਕੜਕੀ। ਉਹਨੇ ਕੰਸ ਨੂੰ ਸਰਾਪ ਦੇ ਦਿੱਤਾ- ਐ ਪਾਪੀ ਬੰਦਿਆ! ਜਿੱਦਾਂ ਤੂੰ ਮੈਨੂੰ ਮਾਰਿਆ, ਉੱਦਾਂ ਈ ਮੇਰਾ ਭਰਾ ਕ੍ਰਿਸ਼ਨ ਦਾ ਰੂਪ ਧਾਰ ਕੇ ਕਿਸੇ ਦਿਨ ਤੈਨੂੰ ਵਾਲਾਂ ਤੋਂ ਫੜ ਕੇ ਘੜੀਸੂ... ਫਿਰ ਇਸ ਤਰ੍ਹਾਂ ਹੀ ਹੋਇਆ... ਕੰਸ ਬੁਰੀ ਮੌਤ ਮਰਿਆ... ਇਹ ਬਿਜਲੀ ਉਸੇ ਕੰਸ ਦੀ ਈ ਭਾਣਜੀ ਐ ਜੀਹਨੂੰ ਗੌਰਮਿੰਟ ਹੁਣ ਪਿੰਡ-ਪਿੰਡ ਵੰਡਦੀ ਫਿਰਦੀ ਐ... ਓ ਜੀਹਨੇ ਕੰਸ ਨੂੰ ਨ੍ਹੀਂ ਬਖਸ਼ਿਆ, ਭਲਾ ਸਾਨੂੰ ਬਖਸ਼ ਦਊ... ਬਹੁਤੇ ਲੋਕਾਂ ਨੂੰ ਨ੍ਹੀਂ ਪਤਾ ਇਸ ਕਥਾ ਦਾ... ਮੈਂ ਤਾਂ ਗ੍ਰੰਥ ਪੜ੍ਹਦਾ ਰਹਿਨੈਂ... ਸੋ ਭਾਈ ਸਾਡੀ ਤਾਂ ਤੋਬਾ...।”
ਦੋਹਾਂ ਘਰਾਂ ਤੋਂ ਨਿਰਾਸ਼ ਹੋ ਕੇ ਅਸੀਂ ਸੂਬੇਦਾਰ ਸਰਦੂਲ ਸਿੰਘ ਦੇ ਘਰ ਗਏ। ਸਰਦੂਲ ਸਿੰਘ ਕੁਝ ਸਮਾਂ ਪਹਿਲਾਂ ਹੀ ਫ਼ੌਜ ਵਿੱਚੋਂ ਰਿਟਾਇਰ ਹੋ ਕੇ ਆਇਆ ਸੀ। ਉਸ ਦੀ ਦੋ ਮੰਜ਼ਲੀ ਕੋਠੀ ਪਿੰਡ ਵਿੱਚੋਂ ਵੱਖਰੀ ਹੀ ਦਿਸਦੀ ਸੀ। ਕੋਠੀ ਦਾ ਭਾਰਾ ਜਿਹਾ ਗੇਟ ਖੋਲ੍ਹ ਕੇ ਅਸੀਂ ਫ਼ੌਜੀ ਸਾਹਿਬ ਨੂੰ ’ਵਾਜ ਮਾਰੀ। ‘ਸਤਿ ਸ੍ਰੀ ਅਕਾਲ’ ਕਹਿ ਕੇ ਫਾਰਮ ਅਸੀਂ ਉਸ ਦੇ ਹੱਥ ਫੜਾਇਆ। ਮੋਟੇ ਸ਼ੀਸ਼ਿਆਂ ਵਾਲੀ ਐਨਕ ਨੂੰ ਨੱਕ ’ਤੇ ਟਿਕਾ ਕੇ ਫਾਰਮ ਪੜ੍ਹਦਿਆਂ ਹੀ ਫ਼ੌਜੀ ਫੁੱਟ ਪਿਆ, “... ਵ੍ਹੱਟ ਨੌਨਸੈਂਸ... ਫੁਲਿਸ਼... ਕੌਂਸਪੇਰੈਂਸੀ...।” ਸਾਨੂੰ ਸਮਝ ਨਾ ਲੱਗੀ ਕਿ ਫੁਲਿਸ਼ ਅਸੀਂ ਹਾਂ ਜਾਂ ਸਰਪੰਚ। ਫ਼ੌਜੀ ਨੇ ਸਾਨੂੰ ਸਮਝਾਇਆ, “ਦੇਖੋ ਜੈਂਟਲਮੈੱਨ, ਮੈਂ ਸਭ ਸਮਝਤਾ ਹੂੰ... ਹਮ ਕੋਈ ਐਰਾ ਗੈਰਾ ਨੱਥੂ ਖੈਰਾ ਨਹੀਂ... ਹਮ ਨੈਂ ਦੁਨੀਆ ਦੇਖ ਰੱਖੀ ਐ... ਮੈਂ ਇਸ ਇਲਾਕੇ ਕਾ ਫਸਟ ਕਮਿਸ਼ਨਡ ਔਫੀਸਰ ਥਾ... ਹਮਾਰਾ ਬੜੇ-ਬੜੇ ਲੋਗੋਂ ਸੇ ਉਠਨਾ-ਬੈਠਨਾ ਰਹਾ ਹੈ... ਟੈਂ ਨ੍ਹੀਂ ਮੰਨੀ ਹਮਨੇ ਕਿਸੀ ਟੁੰਡੀਲਾਟ ਕੀ... ਇਹ ਸਾਜ਼ਿਸ਼ ਐ... ਪਿਓਰ ਸਾਜ਼ਿਸ਼... ਸਰਕਾਰ ਬਾਹਰਲੇ ਮੁਲਖੋਂ ਸੇ ਬਿਜਲੀ ਖਰੀਦ ਕਰ ਕੇ ਇੰਡੀਆ ਕੀ ਤੇਲ ਕੰਪਨੀਆਂ ਕੋ ਬਰਬਾਦ ਕਰਨਾ ਚਾਹਤੀ ਹੈ... ਹਮ ਅਪਨੇ ਘਰ ਮੇਂ ਬਿਜਲੀ ਲਾ ਕਰ ਦੇਸ਼ ਕੇ ਸਾਥ ਗ਼ਦਾਰੀ ਨਹੀਂ ਕਰ ਸਕਤਾ... ਹਮਾਰੇ ਕੋ ਤੋ ਬਿਜਲੀ ਕੀ ਕਤਈ ਜ਼ਰੂਰਤ ਨਹੀਂ। ਰਾਜ ਕੀ ਬਾਤ ਬਤਾਊਂ...”, ਉਹਨੇ ਖਚਰੀ ਜਿਹੀ ਹਾਸੀ ਹੱਸਦਿਆਂ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, “ਦੀਵੇ ਕੀ ਮੱਧਮ ਰੌਸ਼ਨੀ ਮੇਂ ਸ਼ਾਮ ਕੇ ਵਕਤ ‘ਨੀਮ ਗੁਲਾਬੀ’ ਹੋਨੇ ਕਾ ਮਜ਼ਾ ਈ ਕੁਛ ਔਰ ਹੈ।” ਤੇ ਹੱਸ ਕੇ ਤਾੜੀ ਮਾਰਦਿਆਂ ਉਹਨੇ ਖ਼ਾਲੀ ਫਾਰਮ ਸਾਡੇ ਹੱਥ ਫੜਾ ਦਿੱਤਾ।
ਕੁਝ ਦਿਨਾਂ ਬਾਅਦ ਪਿੰਡ ਦੇ ਸਰਪੰਚ ਨੇ ਪੰਚਾਇਤ ਇਕੱਠੀ ਕਰ ਕੇ ਲੋਕਾਂ ਨੂੰ ਬਿਜਲੀ ਦੇ ਫਾਇਦਿਆਂ ਬਾਰੇ ਸਮਝਾਇਆ ਤਾਂ ਸਾਰੇ ਪਿੰਡ ਨੇ ਫਾਰਮ ਭਰ ਦਿੱਤੇ ਅਤੇ ਸਾਡੇ ਪਿੰਡ ਵਿੱਚ ਬਿਜਲੀ ਲੱਗ ਗਈ।
ਹੁਣ ਜੇ ਅੱਧੇ ਘੰਟੇ ਲਈ ਬਿਜਲੀ ਚਲੀ ਜਾਵੇ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਬਿਜਲੀ ਦਫ਼ਤਰ ਘੇਰਨ ਪੁੱਜ ਜਾਂਦਾ। ਜ਼ਮਾਨਾ ਕਿਹੜਾ ਪੁੱਛ ਕੇ ਬਦਲਦਾ ਹੈ ਕਿਸੇ ਕੋਲੋਂ।
ਸੰਪਰਕ: 88378-08371