For the best experience, open
https://m.punjabitribuneonline.com
on your mobile browser.
Advertisement

ਜਹਾਜ਼ ਹਾਦਸਾ: ਰੂਪਾਨੀ ਸਮੇਤ 80 ਪੀੜਤਾਂ ਦੀ ਹੋਈ ਪਛਾਣ

05:53 AM Jun 16, 2025 IST
ਜਹਾਜ਼ ਹਾਦਸਾ  ਰੂਪਾਨੀ ਸਮੇਤ 80 ਪੀੜਤਾਂ ਦੀ ਹੋਈ ਪਛਾਣ
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ ਅਹਿਮਦਾਬਾਦ ’ਚ ਜਹਾਜ਼ ਹਾਦਸੇ ਵਾਲੀ ਥਾਂ ਦਾ ਦੌਰਾ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਅਹਿਮਦਾਬਾਦ, 15 ਜੂਨ
ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮਾਰੇ ਗਏ 241 ਯਾਤਰੀਆਂ ਵਿਚੋਂ 80 ਦੀ ਡੀਐੱਨਏ ਟੈਸਟਿੰਗ ਜ਼ਰੀਏ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਦੇ ਡੀਐੱਨਏ ਦਾ ਵੀ ਮਿਲਾਣ ਹੋ ਗਿਆ ਹੈ। ਰੂਪਾਨੀ ਦੀ ਦੇਹ ਸੋਮਵਾਰ ਨੂੰ ਰਾਜਕੋਟ ਭੇਜੀ ਜਾਵੇਗੀ ਜਿਥੇ ਸ਼ਾਮ ਨੂੰ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਦੇ ਸਨਮਾਨ ’ਚ ਗੁਜਰਾਤ ’ਚ ਇਕ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ ਜਿਸ ਦੌਰਾਨ ਕੌਮੀ ਝੰਡਾ ਅੱਧਾ ਝੁਕਿਆ ਰਹੇਗਾ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 33 ਪਰਿਵਾਰਾਂ ਨੂੰ ਦੇਹਾਂ ਸੌਂਪ ਦਿੱਤੀਆਂ ਗਈਆਂ ਹਨ। ਉਧਰ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਤੇਜ਼ ਹੋ ਗਈ ਹੈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈ ਰਹੀਆਂ ਹਨ।
ਵਧੀਕ ਸਿਵਲ ਸੁਪਰਡੈਂਟ ਡਾ. ਰਜਨੀਸ਼ ਪਟੇਲ ਨੇ ਦੱਸਿਆ ਕਿ ਰੂਪਾਨੀ ਦੇ ਡੀਐੱਨਏ ਦਾ ਮਿਲਾਣ ਹੋ ਗਿਆ ਹੈ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸਾਂਘਵੀ ਨੇ ਗਾਂਧੀਨਗਰ ’ਚ ਦੱਸਿਆ, ‘‘ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਦੇ ਡੀਐੱਨਏ ਨਮੂਨੇ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਗਏ ਹਨ।’’ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਦੱਸਿਆ ਕਿ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਰੂਪਾਨੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰੂਪਾਨੀ ਦਾ ਡੀਐੱਨਏ ਮਿਲਣ ਬਾਰੇ ਜਾਣਕਾਰੀ ਦਿੱਤੀ। ਡਾਕਟਰ ਪਟੇਲ ਨੇ ਕਿਹਾ ਕਿ ਜਿਹੜੇ ਪੀੜਤਾਂ ਦੀ ਹਾਲੇ ਤੱਕ ਪਛਾਣ ਹੋਈ ਹੈ, ਉਹ ਗੁਜਰਾਤ ਅਤੇ ਰਾਜਸਥਾਨ ਦੀਆਂ ਵੱਖ ਵੱਖ ਥਾਵਾਂ ਤੋਂ ਹਨ। ਜਹਾਜ਼ ਹਾਦਸੇ ’ਚ ਲਾਸ਼ਾਂ ਸੜਨ ਅਤੇ ਨੁਕਸਾਨੇ ਜਾਣ ਕਾਰਨ ਉਨ੍ਹਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੋ ਗਿਆ ਹੈ ਜਿਸ ਕਾਰਨ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਡੀਐੱਨਏ ਟੈਸਟ ਕੀਤੇ ਜਾ ਰਹੇ ਹਨ। ਡਾ. ਪਟੇਲ ਨੇ ਕਿਹਾ, ‘‘ਹੁਣ ਤੱਕ 80 ਲਾਸ਼ਾਂ ਦੇ ਡੀਐੱਨਏ ਨਮੂਨਿਆਂ ਦਾ ਮਿਲਾਨ ਹੋ ਚੁੱਕਾ ਹੈ ਅਤੇ 33 ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪੀਆਂ ਜਾ ਚੁੱਕੀਆਂ ਹਨ। ਇਹ ਪੀੜਤ ਉਦੈਪੁਰ, ਵਡੋਦਰਾ, ਖੇਡਾ, ਮਹਿਸਾਨਾ, ਅਰਵਲੀ, ਅਹਿਮਦਾਬਾਦ ਅਤੇ ਬੋਟਾਡ ਜ਼ਿਲ੍ਹਿਆਂ ਤੋਂ ਹਨ।’’ ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਪੀੜਤਾਂ ਦੇ ਪਰਿਵਾਰਾਂ ਨਾਲ ਤਾਲਮੇਲ ਬਣਾਉਣ ਲਈ 230 ਟੀਮਾਂ ਬਣਾਈਆਂ ਗਈਆਂ ਹਨ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਏਏਆਈਬੀ ਟੀਮ ਦੀ ਅਗਵਾਈ ਹੇਠ ਜਾਂਚ ਚੱਲ ਰਹੀ ਹੈ ਅਤੇ ਉਹ ਪਿਛਲੇ ਤਿੰਨ ਦਿਨਾਂ ਤੋਂ ਇਥੇ ਮੌਜੂਦ ਹਨ। ਅਹਿਮਦਾਬਾਦ ਮਿਉਂਸਿਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਬਾਂਚਾ ਨਿੱਧੀ ਪਾਨੀ ਨੇ ਕਿਹਾ ਕਿ ਬਲੈਕ ਬਾਕਸ ਮਿਲਣਾ ਜਾਂਚ ਪ੍ਰਕਿਰਿਆ ਦਾ ਬਹੁਤ ਹੀ ਅਹਿਮ ਹਿੱਸਾ ਹੈ। ਸਿਟੀ ਪੁਲੀਸ ਕਮਿਸ਼ਨਰ ਜੀਐੱਸ ਮਲਿਕ ਨੇ ਹਾਦਸੇ ਵਾਲੀ ਥਾਂ ਦਾ ਅੱਜ ਸਵੇਰੇ ਦੌਰਾ ਕੀਤਾ। ਕੇਂਦਰ ਸਰਕਾਰ ਨੇ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸ਼ਨਿਚਰਵਾਰ ਨੂੰ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਅਗਵਾਈ ਹੇਠ ਉੱਚ ਪੱਧਰੀ ਬਹੁ-ਅਨੁਸ਼ਾਸਨੀ ਕਮੇਟੀ ਬਣਾਈ ਸੀ ਜੋ ਤਿੰਨ ਮਹੀਨਿਆਂ ’ਚ ਆਪਣੀ ਰਿਪੋਰਟ ਦੇਵੇਗੀ। -ਪੀਟੀਆਈ

Advertisement

ਮੋਦੀ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਹਾਦਸੇ ਵਾਲੀ ਥਾਂ ਦਾ ਦੌਰਾ
ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸਕੱਤਰ ਪੀਕੇ ਮਿਸ਼ਰਾ ਨੇ ਐਤਵਾਰ ਨੂੰ ਅਹਿਮਦਾਬਾਦ ’ਚ ਜਹਾਜ਼ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਸਿਵਲ ਹਸਪਤਾਲ ਦਾ ਦੌਰਾ ਵੀ ਕੀਤਾ ਜਿਥੇ ਜ਼ਖ਼ਮੀ ਵਿਅਕਤੀ ਜ਼ੇਰੇ ਇਲਾਜ ਹਨ। ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਮਗਰੋਂ ਮਿਸ਼ਰਾ ਨੇ ਹਸਪਤਾਲ ਦੇ ਮੁਰਦਾਘਰ ਦਾ ਵੀ ਦੌਰਾ ਕੀਤਾ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸ਼ਰਾ ਨੇ ਕਿਹਾ, ‘‘ਭਿਆਨਕ ਹਾਦਸੇ ਨਾਲ ਮੈਨੂੰ ਦੁੱਖ ਹੋਇਆ। ਹਰ ਕੋਈ ਦੁਖੀ ਹੈ। ਪੀੜਤਾਂ ਨਾਲ ਦੁੱਖ ਵੰਡਾਉਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ।’’ ਗੁਜਰਾਤ ਸਰਕਾਰ ਦੇ ਅਧਿਕਾਰੀਆਂ ਨੇ ਵੀ ਮਿਸ਼ਰਾ ਨੂੰ ਏਆਈ ਡਰੀਮਲਾਈਨਰ ਹਾਦਸੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। -ਪੀਟੀਆਈ

Advertisement
Advertisement

Advertisement
Author Image

Gurpreet Singh

View all posts

Advertisement