ਖੇਤਰੀ ਪ੍ਰਤੀਨਿਧਅੰਮ੍ਰਿਤਸਰ, 12 ਅਪਰੈਲਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਵੇਰਕਾ ਬਲਾਕ ਦੇ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਮਨਦੀਪ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਦੇ ਯਤਨਾਂ ਸਦਕਾ ਸਰਕਲ ਮੂਧਲ ਦੇ ਪਿੰਡ ਜਹਾਂਗੀਰ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਮਨਦੀਪ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਸਕੀਮ ਸਬੰਧੀ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਈ-ਕੇਵਾਈਸੀ, ਲੈਂਡ ਸੀਡਿੰਗ ਅਤੇ ਆਪਣਾ ਆਧਾਰ ਕਾਰਡ ਬੈਂਕ ਖਾਤੇ ਨਾਲ ਜ਼ਰੂਰ ਅਪਡੇਟ ਕਰਵਾਉਣ। ਕੈਂਪ ਦੌਰਾਨ ਸੀਐੱਸਸੀ ਸੈਂਟਰ ਵੇਰਕਾ ਦੇ ਸਹਿਯੋਗ ਨਾਲ ਪੀਐੱਮ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਲਾਭਪਾਤਰੀਆਂ ਦੀ ਈ-ਕੇਵਾਈਸੀ ਕੀਤੀ ਗਈ। ਡਾ. ਅਮਰਜੀਤ ਸਿੰਘ ਬੱਲ, ਪੌਦ ਸੁਰੱਖਿਆ ਅਫ਼ਸਰ ਨੇ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ, ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਕਣਕ ਦੇ ਸੀਜ਼ਨ ਦੌਰਾਨ ਕਣਕ ਦੀ ਕਟਾਈ ਉਪਰੰਤ ਫਸਲ ਦੀ ਰਹਿੰਦ-ਖੂੰਹਦ (ਨਾੜ) ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਜੋਬਣ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਪਰਗਟ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਅਤੇ ਜਸਬੀਰ ਸਿੰਘ ਹਾਜ਼ਰ ਸਨ।