ਜਸਵੰਤ ਜ਼ਫਰ ਨੂੰ ਪੁਰਸਕਾਰ ਮਿਲਣ ’ਤੇ ਸਾਥੀਆਂ ਵੱਲੋਂ ਵਧਾਈ
ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਫਰਵਰੀ
ਪੰਜਾਬ ਆਰਟ ਕੌਂਸਲ ਵੱਲੋਂ ਜਸਵੰਤ ਸਿੰਘ ਜ਼ਫਰ ਨੂੰ ਪੰਜਾਬ ਗੌਰਵ ਐਵਾਰਡ ਨਾਲ ਸਨਮਾਨਿਤ ਕਰਨ ਦੇ ਐਲਾਨ ’ਤੇ ਐੱਸਸੀਡੀ ਸਰਕਾਰੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਬੁਲਾਰੇ ਬ੍ਰਿਜ ਭੂਸ਼ਣ ਗੋਇਲ ਨੇ ਦੱਸਿਆ ਕਿ ਸ੍ਰੀ ਜ਼ਫਰ ਨੂੰ ਇਹ ਪੁਰਸਕਾਰ ਡਾ. ਐਮ. ਐਸ. ਰੰਧਾਵਾ ਦੀ ਯਾਦ ਵਿੱਚ ਮਨਾਏ ਜਾ ਰਹੇ ਸਾਹਿਤ ਉਤਸਵ ਵਿੱਚ ਦਿੱਤਾ ਜਾਵੇਗਾ। ਜਫਰ ਨੂੰ ਸਾਹਿਤਕ ਪੁਰਸਕਾਰ ਲਈ ਲੁਧਿਆਣਾ ਤੋਂ ਚੁਣਿਆ ਗਿਆ ਹੈ ,ਜਿਸ ਵਿੱਚ ਇੱਕ ਲੱਖ ਦਾ ਨਕਦ ਇਨਾਮ ਸ਼ਾਮਲ ਹੈ। ਸ੍ਰੀ ਗੋਇਲ ਨੇ ਕਿਹਾ ਕਿ ਪੇਸ਼ੇ ਵਜੋਂ ਇੰਜੀਨੀਅਰ, ਜਸਵੰਤ ਸਿੰਘ ਜ਼ਫਰ ਇੱਕ ਪੰਜਾਬੀ ਕਵੀ, ਵਾਰਤਕ ਲੇਖਕ, ਨਾਟਕਕਾਰ, ਸੰਪਾਦਕ ਅਤੇ ਇੱਕ ਵਿਜ਼ੂਅਲ ਕਲਾਕਾਰ ਹੈ। ਉਹ ਸਾਲ 2023 ਵਿੱਚ ਪੀਐੱਸਪੀਸੀਐੱਲ ਤੋਂ ਮੁੱਖ ਇੰਜੀਨੀਅਰ ਅਤੇ ਜੂਨ 2024 ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਵਜੋਂ ਕਾਰਜਭਾਰ ਸੌਂਪਿਆ ਗਿਆ ਹੈ। ਜ਼ਫਰ ਨੇ 5 ਕਾਵਿ ਪੁਸਤਕਾਂ, 5 ਵਾਰਤਕ ਪੁਸਤਕਾਂ ਅਤੇ 2 ਨਾਟਕ ਲਿਖੇ ਅਤੇ ਕੁਝ ਰਚਨਾਵਾਂ ਦਾ ਹਿੰਦੀ, ਅੰਗਰੇਜ਼ੀ, ਮਰਾਠੀ, ਤਮਿਲ, ਬੰਗਲਾ, ਊਡੀਆ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਸ੍ਰੀ ਜ਼ਫਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਪ੍ਰਿੰਸੀਪਲ ਡਾ. ਸੁਮਨ ਲਤਾ, ਡਾ. ਸੱਤਿਆ ਰਾਣੀ, ਪ੍ਰੋ. ਗੀਤਾਂਜਲੀ ਪਾਬਰੇਜਾ, ਪ੍ਰੋ. ਪੀਕੇ ਸ਼ਰਮਾ, ਪ੍ਰੋ. ਪੀਡੀ ਗੁਪਤਾ ਅਤੇ ਡਾ. ਪੂਨਮ ਸਪਰਾ ਆਦਿ ਸ਼ਾਮਲ ਹਨ।