ਜਸਵਿੰਦਰ ਸਿੰਘ ਸਿੱਧੂ ‘ਆਪ’ ਦੇ ਹਲਕਾ ਕੋਆਰਡੀਨੇਟਰ ਨਿਯੁਕਤ
ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਤਿੰਨ ਸਾਲ ਪੂਰੇ ਹੋਣ ਉਪਰੰਤ ਪਾਰਟੀ ਦੀ ਹੋਰ ਮਜ਼ਬੂਤੀ ਲਈ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਸੂਬਾ ਭਰ ’ਚ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਕੋਆਰਡੀਨੇਟਰ ਲਾਏ ਗਏ ਹਨ। ਇਸ ਕੜੀ ਤਹਿਤ ਇਥੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਲਈ ਸੰਘਰਸ਼ਸੀਲ ਅਧਿਆਪਕ ਆਗੂ ਰਹੇ ਅਤੇ ਗਮਾਡਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਸਿੱਧੂ ਨੂੰ ਕੋਆਰਡੀਨੇਟਰ ਲਾਇਆ ਗਿਆ ਹੈ। ਇਸੇ ਤਰ੍ਹਾਂ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਲਈ ਇੰਦਰਜੀਤ ਸਿੰਘ ਮਾਨ, ਮੋਗਾ ਵਿਧਾਨ ਸਭਾ ਹਲਕੇ ਲਈ ਪਾਰਟੀ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਅਤੇ ਅਜੇ ਸ਼ਰਮਾ ਵਿਧਾਨ ਸਭਾ ਹਲਕਾ, ਧਰਮਕੋਟ ਦਾ ਕੋਆਰਡੀਨੇਟਰ ਲਗਾਇਆ ਗਿਆ ਹੈ।
ਹਲਕਾ ਬਾਘਾਪੁਰਾਣਾ ਲਈ ਲਾਏ ਕੋਆਰਡੀਨੇਟਰ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹਲਕਿਆਂ ਦੇ ਕੋਆਰਡੀਨੇਟਰ ਬਲਾਕ ਪ੍ਰਧਾਨ ਐੱਮਐੱਲਏ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਦੀ ਰੀੜ੍ਹ ਦੀ ਹੱਡੀ ਵਾਲੰਟੀਅਰਾਂ ਨਾਲ ਮੀਟਿੰਗ ਕਰਨ ਉਪਰੰਤ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਬਲਾਕ ਅਤੇ ਫਿਰ ਬੂਥ ਪੱਧਰ ਤੱਕ ਜਾ ਕੇ ਪਾਰਟੀ ਦੇ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨਗੇ। ਸਿੱਧੂ ਜੋ ਪਿਛਲੇ ਸਮੇਂ ਵਿੱਚ ਹਲਕਾ ਧਰਮਕੋਟ ਤੋਂ ਪਾਰਟੀ ਦੇ ਮਜਬੂਤ ਟਿਕਟ ਦੇ ਦਾਅਵੇਦਾਰ ਸਨ ਪਰ ਪਾਰਟੀ ਨੇ ਕਿਸੇ ਕਾਰਨਾਂ ਕਰਕੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ। ਪਰ ਪਾਰਟੀ ਲਗਾਤਾਰ ਉਨ੍ਹਾਂ ਦੀਆਂ ਸੇਵਾਵਾਂ ਲੈਂਦੀ ਆ ਰਹੀ ਹੈ। ਉਨ੍ਹਾਂ ਨੂੰ ਹਰਿਆਣਾ ਅਤੇ ਦਿੱਲੀ ਵਰਗੇ ਅਹਿਮ ਚੋਣਾਂ ਵਿੱਚ ਵੀ ਮਹੱਤਵਪੂਰਨ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ।