ਜਵਾਈ ਨੂੰ ਅਗਵਾ ਕਰਨ ਦੇ ਕੇਸ ’ਚ ਸਾਬਕਾ ਐੱਸਐੱਚਓ ਨੂੰ ਉਮਰ ਕੈਦ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 30 ਨਵੰਬਰ
ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸ਼ਹਿਰ ਦੇ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋਏ ਨੌਜਵਾਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਾਬਕਾ ਐੱਸਐੱਚਓ ਜਗਵੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਥਾਣੇਦਾਰ ਨੂੰ ਧਾਰਾ 364 ਵਿੱਚ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ, ਧਾਰਾ 466 ਵਿੱਚ 7 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 471 ਵਿੱਚ 5 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 474 ਵਿੱਚ 5 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਪਿੰਡ ਕੁੰਭੜਾ ਦਾ ਨੌਜਵਾਨ ਗੁਰਦੀਪ ਸਿੰਘ ਕਰੀਬ 14 ਸਾਲ ਪਹਿਲਾਂ ਫੇਜ਼-11 ’ਚੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਪਤਾ ਲੱਗਾ ਕਿ ਉਸ ਨੂੰ ਉਸ ਦੇ ਸਹੁਰੇ ਤੇ ਥਾਣੇਦਾਰ ਜਗਵੀਰ ਸਿੰਘ ਨੇ ਅਗਵਾ ਕੀਤਾ ਹੈ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਿੱਚ ਚੱਲ ਰਹੀ ਸੀ।
ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਦੀ ਮਾਤਾ ਭੁਪਿੰਦਰ ਕੌਰ ਦੀ ਸ਼ਿਕਾਇਤ ਅਨੁਸਾਰ ਉਸ ਦੇ ਬੇਟੇ ਗੁਰਦੀਪ ਸਿੰਘ ਦਾ ਵਿਆਹ ਥਾਣੇਦਾਰ ਜਗਵੀਰ ਸਿੰਘ ਦੀ ਧੀ ਜਸਪ੍ਰੀਤ ਕੌਰ ਵਾਸੀ ਫੇਜ਼-11 ਨਾਲ 30 ਨਵੰਬਰ 2008 ਨੂੰ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਪਤੀ ਪਤਨੀ ਵਿੱਚ ਝਗੜਾ ਹੋ ਗਿਆ। ਇਸ ਸਬੰਧੀ ਲੜਕੀ ਦੇ ਪਰਿਵਾਰ ਨੇ ਲੜਕੇ ਵਾਲਿਆਂ ਵਿਰੁੱਧ ਕੇਸ ਵੀ ਕਰਵਾਇਆ ਸੀ। ਇਸ ਤੋਂ ਬਾਅਦ ਦੋਵੇਂ ਪਰਿਵਾਰਾਂ ਵਿੱਚ ਆਪਸੀ ਫ਼ੈਸਲਾ ਹੋ ਗਿਆ ਤੇ ਗੁਰਦੀਪ ਸਿੰਘ ਸਹੁਰੇ ਪਰਿਵਾਰ ਨਾਲ ਫੇਜ਼-11 ਵਿੱਚ ਰਹਿਣ ਲੱਗ ਪਿਆ।
ਨੌਜਵਾਨ ਦੀ ਮਾਂ ਅਨੁਸਾਰ ਗੁਰਦੀਪ ਕੁੱਝ ਦਿਨਾਂ ਮਗਰੋਂ ਉਨ੍ਹਾਂ ਮਿਲਣ ਆ ਜਾਇਆ ਕਰਦਾ ਸੀ ਪਰ ਉਸ ਦੀ ਪਤਨੀ ਇਤਰਾਜ਼ ਕਰਦੀ ਤੇ ਗੁਰਦੀਪ ਨੂੰ ਕੁੰਭੜਾ ਆਉਣ ਤੋਂ ਰੋਕਦੀ ਸੀ। 4 ਜੁਲਾਈ 2010 ਨੂੰ ਗੁਰਦੀਪ ਸਿੰਘ ਘਰੋਂ ਬੋਲੈਰੋ ਗੱਡੀ ’ਤੇ ਗਿਆ ਸੀ। ਉਸ ਦਿਨ ਇਕ ਵਾਰ ਉਸ ਦੀ ਪਰਿਵਾਰ ਨਾਲ ਗੱਲ ਹੋਈ ਕਿ ਉਹ ਘਰ ਆ ਰਿਹਾ ਹੈ। ਕਾਫ਼ੀ ਦੇਰ ਤੱਕ ਜਦੋਂ ਗੁਰਦੀਪ ਘਰ ਨਾ ਪਰਤਿਆ।
ਨੌਜਵਾਨ ਦੀ ਮਾਂ ਭੁਪਿੰਦਰ ਕੌਰ ਅਤੇ ਚਾਚਾ ਦਲਜੀਤ ਸਿੰਘ ਕੁੰਭੜਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਗੁਰਦੀਪ ਸਿੰਘ ਆਪਣੇ ਸਹੁਰੇ ਜਗਵੀਰ ਸਿੰਘ ਨਾਲ ਬੋਲੈਰੋ ਗੱਡੀ ਵਿੱਚ ਜਾਣ ਬਾਰੇ ਪਤਾ ਲੱਗਾ ਸੀ। ਬਾਅਦ ਵਿੱਚ ਗੁਰਦੀਪ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਇਸੇ ਦੌਰਾਨ ਥਾਣੇਦਾਰ ਨੇ ਆਪਣੀ ਲੜਕੀ ਜਸਪ੍ਰੀਤ ਕੌਰ ਨੂੰ ਵਿਦੇਸ਼ ਭੇਜ ਦਿੱਤਾ ਅਤੇ ਬਾਕੀ ਪਰਿਵਾਰ ਵਾਲੇ ਵੀ ਘਰ ਨੂੰ ਜਿੰਦਾ ਲਗਾ ਕੇ ਕਿਧਰੇ ਚਲੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਤਤਕਾਲੀ ਐੱਸਐੱਚਓ ਜਗਵੀਰ ਸਿੰਘ ਨੇ ਗੁਰਦੀਪ ਸਿੰਘ ਨੂੰ ਗੱਡੀ ਸਣੇ ਲਾਪਤਾ ਕਰ ਦਿੱਤਾ ਸੀ। ਇਸ ਸਬੰਧੀ ਜਗਵੀਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।