ਗੁਰਦੀਪ ਸਿੰਘ ਲਾਲੀਸੰਗਰੂਰ, 3 ਜੁਲਾਈਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ ਯੂਨੀਅਨ ਦੀ ਅਗਵਾਈ ਹੇਠ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਮਿਆਂ ਦੀ ਅਣਮਿਥੇ ਸਮੇਂ ਦੀ ਚੱਲ ਰਹੀ ਹੜਤਾਲ 24ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਹੜਤਾਲੀ ਕਾਮਿਆਂ ਵਲੋਂ ਵਿਭਾਗ ਦੇ ਸਰਕਲ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਭਲਕੇ 4 ਜੁਲਾਈ ਨੂੰ ਸੰਗਰੂਰ ਵਿਖੇ ਅਤੇ 7 ਜੁਲਾਈ ਨੂੰ ਧੂਰੀ ਵਿਖੇ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ।ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਦੱਸਿਆ ਕਿ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀ ਹੜਤਾਲ 10 ਜੂਨ ਤੋਂ ਚੱਲ ਰਹੀ ਹੈ ਜੋ ਕਿ ਅੱਜ 24ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਪਰ ਸਰਕਾਰ ਜਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਮੰਗਾਂ ਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਕਾਮਿਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਯੂਨੀਅਨ ਦੇ ਸਟੇਟ ਬਾਡੀ ਆਗੂਆਂ ਵਲੋਂ ਮੀਟਿੰਗ ਕੀਤੀ ਗਈ ਜਿਸ ਵਿਚ ਫੈਸਲਾ ਲਿਆ ਗਿਆ ਕਿ ਭਲਕੇ 4 ਜੁਲਾਈ ਨੂੰ ਸੰਗਰੂਰ ਸ਼ਹਿਰ ਵਿਚ ਵਿਸ਼ਾਲ ਝੰਡਾ ਮਾਰਚ ਕੀਤਾ ਜਾਵੇਗਾ ਅਤੇ 7 ਜੁਲਾਈ ਨੂੰ ਧੂਰੀ ਵਿਚ ਝੰਡਾ ਮਾਰਚ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫ਼ਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਵਾਸ ਸ਼ਰਮਾ, ਜਨਰਲ ਸਕੱਤਰ ਜਗਵੀਰ ਸਿੰਘ, ਸਹਾਇਕ ਸਕੱਤਰ ਮਿਲਖਾ ਸਿੰਘ ਬਰਨਾਲਾ, ਕਲਵਿੰਦਰ ਸਿੰਘ ਸੂਬਾ ਕਮੇਟੀ ਮੈਂਬਰ, ਬੀਰਾ ਸਿੰਘ ਬਰੇਟਾ, ਗੁਰਜੰਟ ਸਿੰਘ ਉਗਰਾਹਾਂ, ਸੰਜੂ ਧੂਰੀ, ਵਿਜੇ ਕੁਮਾਰ, ਜਗਸੀਰ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਹੰਡਿਆਇਆ, ਅਨਮੋਲ ਭਦੌੜ ਅਤੇ ਲਖਵਿੰਦਰ ਸਿੰਘ ਹਾਜ਼ਰ ਸਨ।