ਜਲੰਧਰ ਪੁਲੀਸ ਦੇ ਛਾਪਿਆਂ ਤੋਂ ਬਰਨਾਲਾ ਪੁਲੀਸ ਬੇਖ਼ਬਰ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 10 ਜੂਨ
ਹਲਕੇ ਦੇ ਪਿੰਡ ਹਮੀਦੀ ਵਿੱਚ ਜਲੰਧਰ ਪੁਲੀਸ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਨਾਮਜ਼ਦ ਰਹੇ ਰੇਸ਼ਮ ਸਿੰਘ ਦੇ ਪਰਿਵਾਰ ਤੋਂ ਪੁੱਛ-ਪੜਤਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਰੇਸ਼ਮ ਸਿੰਘ ਪੁਲੀਸ ਨੂੰ ਨਹੀਂ ਮਿਲਿਆ ਪਰ ਪੁਲੀਸ ਵੱਲੋਂ ਸਾਰੀ ਰਾਤ ਪਰਿਵਾਰ ਤੋਂ ਉਸ ਬਾਰੇ ਪੁੱਛ-ਪੜਤਾਲ ਕੀਤੀ ਗਈ। ਦੂਜੇ ਪਾਸੇ ਬਰਨਾਲਾ ਪੁਲੀਸ ਇਸ ਛਾਪੇਮਾਰੀ ਤੋਂ ਅਣਜਾਣ ਹੈ।
ਇਸ ਸਬੰਧੀ ਰੇਸ਼ਮ ਸਿੰਘ ਦੀ ਪਤਨੀ ਮਨਦੀਪ ਕੌਰ ਅਤੇ ਉਸ ਦੀ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ਨੂੰ ਸਿਰਫ਼ ਏਨਾ ਹੀ ਦੱਸਿਆ ਗਿਆ ਕਿ ਉਹ ਜਲੰਧਰ ਤੋਂ ਆਏ ਹਨ ਪਰ ਕਿਸੇ ਵੀ ਮੁਕੱਦਮੇ ਜਾਂ ਮਾਮਲੇ ਬਾਰੇ ਨਹੀਂ ਦੱਸਿਆ ਗਿਆ। ਜਦਕਿ ਪੁਲੀਸ ਅਧਿਕਾਰੀ ਵਾਰ-ਵਾਰ ਰੇਸ਼ਮ ਸਿੰਘ ਨੂੰ ਪੇਸ਼ ਕਰਨ ਅਤੇ ਉਸ ਦਾ ਪਤਾ ਹੀ ਪੁੱਛਦੇ ਰਹੇ। ਪੂਰੀ ਰਾਤ ਪੁਲੀਸ ਨੇ ਪਰਿਵਾਰ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਅਤੇ ਸਵੇਰ ਤੱਕ ਰੇਸ਼ਮ ਸਿੰਘ ਬਾਰੇ ਪੁੱਛਦੇ ਰਹੇੇ। ਉਨ੍ਹਾਂ ਦੱਸਿਆ ਕਿ ਰੇਸ਼ਮ ਸਿੰਘ ਪਿਛਲੇ ਇੱਕ ਵਰ੍ਹੇ ਤੋਂ ਕਿਰਤ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ, ਪਰ ਪੁਲੀਸ ਬੇਵਜ੍ਹਾ ਉਸ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਮੁਖੀ ਰੇਸ਼ਮ ਸਿੰਘ ਬਾਰੇ ਉਨ੍ਹਾਂ ਨੂੰ ਵੀ ਖ਼ੁਦ ਕੁੱਝ ਨਹੀਂ ਪਤਾ ਕਿ ਉਹ ਕਿੱਥੇ ਹੈ।
ਜ਼ਿਕਰਯੋਗ ਹੈ ਕਿ ਲਗਪਗ 4 ਸਾਲ ਪਹਿਲਾਂ ਰੇਸ਼ਮ ਸਿੰਘ ਨੂੰ ਸੰਗਰੂਰ ਜ਼ਿਲ੍ਹੇ ’ਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ਾਂ ਤਹਿਤ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਕਰੀਬ ਇੱਕ ਸਾਲ ਤੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਪਿੰਡ ਹਮੀਦੀ ’ਚ ਪਰਿਵਾਰ ਨਾਲ ਰਹਿ ਰਿਹਾ ਸੀ। ਸੂਤਰਾਂ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਡਾ. ਅੰਬੇਡਕਰ ਦੇ ਬੁੱਤ ’ਤੇ ਨਾਅਰੇ ਲਿਖਣ ਦੇ ਮਾਮਲੇ ਵਿੱਚ ਜਲੰਧਰ ਪੁਲੀਸ ਰੇਸ਼ਮ ਸਿੰਘ ਦੇ ਘਰ ਆਈ ਸੀ। ਇਸ ਮਾਮਲੇ ਸਬੰਧੀ ਰੇਸ਼ਮ ਸਿੰਘ ਦੇ ਘਰ ਰੇਡ ਕਰਨ ਪਹੁੰਚੇ ਜਲੰਧਰ ਪੁਲੀਸ ਦੇ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਉਹ ਮਾਮਲੇ ਬਾਰੇ ਨਹੀਂ ਦੱਸ ਸਕਦੇ। ਇਸ ਸਬੰਧੀ ਭਲਕੇ ਜਲੰਧਰ ਦੇ ਸੀਨੀਅਰ ਪੁਲੀਸ ਅਧਿਕਾਰੀ ਪ੍ਰੈੱਸ ਕਾਨਫ਼ਰੰਸ ਕਰਨਗੇ।
ਛਾਪੇ ਬਾਰੇ ਜਾਣਕਾਰੀ ਨਹੀਂ: ਐੱਸਐੱਸਪੀ
ਐੱਸਐੱਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੇ ਕਿਹਾ ਕਿ ਜਲੰਧਰ ਪੁਲੀਸ ਵੱਲੋਂ ਕੀਤੀ ਛਾਪੇਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ।