ਜਲੰਧਰ ਦੇ ਸੁਮਿਤਪਾਲ ਨੇ ਆਸਟਰੇਲੀਆ ’ਚ ਇਤਿਹਾਸ ਸਿਰਜਿਆ
ਹਤਿੰਦਰ ਮਹਿਤਾ
ਜਲੰਧਰ, 24 ਮਈ
ਆਸਟਰੇਲੀਆ ਦੀ ਸਟੇਟ ਤਸਮਾਨੀਆ ਵਿੱਚ ਬਾਡੀ ਬਿਲਡਿੰਗ ਮੁਕਾਬਲਿਆਂ ’ਚ ਜਲੰਧਰ ਦੇ ਸੁਮਿਤਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕਰ ਕੇ ਪੰਜਾਬ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਤਸਮਾਨੀਆ ਦੀ ਰਾਜਧਾਨੀ ਹੌਬਰਟ ਵਿੱਚ ਹੋਏ ਬਾਡੀ ਬਿਲਡਿੰਗ ਦੇ ਮੁਕਾਬਲਿਆਂ ’ਚ ਸੁਮਿਤਪਾਲ ਸਿੰਘ ਪਹਿਲਾ ਸਿੱਖ ਨੌਜਵਾਨ ਹੈ, ਜਿਹੜਾ ‘ਮਿਸਟਰ ਲੌਨਸਿਸਟਨ ਤਸਮਾਨੀਆ’ ਬਣਿਆ ਹੈ।
ਤਸਮਾਨੀਆ ਤੋਂ ਕੀਤੀ ਗੱਲਬਾਤ ਦੌਰਾਨ ਸੁਮਿਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਅਗਲਾ ਨਿਸ਼ਾਨਾ ਨੈਸ਼ਨਲ ਜਿੱਤ ਕੇ ਪ੍ਰੋਕਾਰਡ ਲੈਣਾ ਹੈ। ਉਹ ਤਿੰਨ ਸੋਨ ਤਗ਼ਮੇ ਜਿੱਤ ਕੇ ਓਵਰਆਲ ਮੁਕਾਬਲੇ ਵਿੱਚ ਮੋਹਰੀ ਰਿਹਾ। ਉਸ ਨੂੰ ਇਸ ਗੱਲ ’ਤੇ ਫ਼ਖ਼ਰ ਹੈ ਕਿ ਉਹ ਪਹਿਲਾ ਸਿੱਖ ਹੈ, ਜਿਸ ਨੇ ਇਹ ਵੱਕਾਰੀ ਖ਼ਿਤਾਬ ਜਿੱਤਿਆ ਹੈ। ਉਸ ਨੇ ਇਹ ਖ਼ਿਤਾਬ ਆਪਣੇ ਮਰਹੂਮ ਪਿਤਾ ਕੁਲਦੀਪ ਸਿੰਘ ਨੂੰ ਸਮਰਪਿਤ ਕੀਤਾ ਹੈ, ਜਿਨ੍ਹਾਂ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਇੱਥੇ ਮਾਡਲ ਹਾਊਸ ਵਿੱਚ ਰਹਿੰਦੀ ਸੁਮਿਤਪਾਲ ਦੀ ਮਾਂ ਜਸਬੀਰ ਕੌਰ ਨੇ ਪੁੱਤਰ ਦੇ ਖ਼ਿਤਾਬ ਜਿੱਤਣ ’ਤੇ ਖੁਸ਼ੀ ਜ਼ਾਹਿਰ ਕੀਤੀ।