ਜਲੰਧਰ ’ਚ ਪੰਜ ਕੌਂਸਲਰਾਂ ਖ਼ਿਲਾਫ਼ ਪਟੀਸ਼ਨ
ਹਤਿੰਦਰ ਮਹਿਤਾ
ਜਲੰਧਰ, 4 ਫਰਵਰੀ
ਆਮ ਆਦਮੀ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਸਮੇਤ ਪੰਜ ਵਾਰਡਾਂ ਦੇ ‘ਆਪ’ ਕੌਂਸਲਰਾਂ ਦੇ ਅਹੁਦੇ ਖ਼ਤਰੇ ਵਿੱਚ ਹਨ। ਕਾਂਗਰਸੀ ਆਗੂਆਂ ਨੇ ‘ਆਪ’ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਸਮੇਤ ਪੰਜ ਕੌਂਸਲਰਾਂ ਖ਼ਿਲਾਫ਼ ਐੱਸਡੀਐੱਮ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਉਕਤ ਕੌਂਸਲਰਾਂ ਦੇ ਦਸਤਾਵੇਜ਼ਾਂ ਵਿੱਚ ਕਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਫਿਰ ਵੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀਆਂ ਨਾਮਜ਼ਦਗੀਆਂ ਰੱਦ ਨਹੀਂ ਹੋਈਆਂ।
ਕਾਂਗਰਸ ਦੇ ਲੀਗਲ ਸੈੱਲ ਨੇ ਦੋਸ਼ ਲਾਇਆ ਹੈ ਕਿ ਉਕਤ ਕੌਂਸਲਰਾਂ ਨੇ ਚੋਣਾਂ ਵਿੱਚ ਧਾਂਦਲੀ ਕੀਤੀ ਹੈ। ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਮੰਗਾ ਸਿੰਘ ਮੁੱਦੜ ਨੇ ਆਮ ਆਦਮੀ ਪਾਰਟੀ ਦੀ ਤਰਫੋਂ ਸੀਨੀਅਰ ਡਿਪਟੀ ਮੇਅਰ ਬਣਾਏ ਗਏ ਬਲਬੀਰ ਸਿੰਘ ਬਿੱਟੂ ਖ਼ਿਲਾਫ਼ ਐੱਸਡੀਐੱਮ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇੰਨਾ ਹੀ ਨਹੀਂ, ਬਿੱਟੂ ਦੀ ਪਤਨੀ ਕਰਮਜੀਤ ਕੌਰ ਵਾਰਡ ਨੰਬਰ 11 ਤੋਂ ਕੌਂਸਲਰ ਹੈ। ਇੱਕ ਵੋਟਰ ਅਨਿਲ ਕੁਮਾਰ ਨੇ ਉਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਕੌਂਸਲਰਾਂ ਦੀਆਂ ਨਾਮਜ਼ਦਗੀਆਂ ਸਹੀ ਢੰਗ ਨਾਲ ਨਹੀਂ ਭਰੀਆਂ ਗਈਆਂ ਅਤੇ ਇਸ ਵਿੱਚ ਕਈ ਖਾਮੀਆਂ ਹਨ।
ਸਾਬਕਾ ਕੌਂਸਲਰ ਅਤੇ ਕਾਂਗਰਸ ਲੀਗਲ ਸੈੱਲ ਦੇ ਆਗੂ ਰਵੀ ਸੈਣੀ ਨੇ ਕੌਂਸਲਰ ਅਸ਼ਵਨੀ ਅਗਰਵਾਲ ਖਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਰਵੀ ਸੈਣੀ ਨੇ ਦੋਸ਼ ਲਾਇਆ ਹੈ ਕਿ ‘ਆਪ’ ਉਮੀਦਵਾਰ ਮੌਜੂਦਾ ਕੌਂਸਲਰ ਅਸ਼ਵਨੀ ਅਗਰਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ 400 ਵੋਟਾਂ ਦੀ ਹੇਰਾਫੇਰੀ ਕੀਤੀ ਹੈ। ਇਸੇ ਤਰ੍ਹਾਂ ਵਾਰਡ-24 ਤੋਂ ਕਾਂਗਰਸੀ ਉਮੀਦਵਾਰ ਸਤੀਸ਼ ਧੀਰ ਵੱਲੋਂ ਐੱਸਡੀਐੱਮ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ’ਚ ਉਨ੍ਹਾਂ ਨੇ ’ਆਪ’ ਕੌਂਸਲਰ ਅਮਿਤ ਢੱਲ ’ਤੇ ਨਾਮਜ਼ਦਗੀ ’ਚ ਸਹੀ ਜਾਣਕਾਰੀ ਨਾ ਦੇਣ ਦੇ ਦੋਸ਼ ਲਾਏ ਹਨ ਅਤੇ ਦਰਜ ਐੱਫ.ਆਈ.ਆਰ. ਦਾ ਡੇਟਾ ਛੁਪਾਉਣ ਦਾ ਵੀ ਦੋਸ਼ ਲਗਾਇਆ ਹੈ। ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 48 ਤੋਂ ਹਾਰੇ ਆਜ਼ਾਦ ਉਮੀਦਵਾਰ ਸ਼ਿਵਨਾਥ ਸ਼ਿੱਬੂ ਵੱਲੋਂ ਦਾਇਰ ਪਟੀਸ਼ਨ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਹਰਜਿੰਦਰ ਸਿੰਘ ਲਾਡਾ ’ਤੇ ਵੋਟਿੰਗ ਦੌਰਾਨ ਧਾਂਦਲੀ ਕਰਨ ਦੇ ਦੋਸ਼ ਲਾਏ ਹਨ। ਦੱਸ ਦੇਈਏ ਕਿ ਸ਼ਿੱਬੂ ਨੇ ਖੁਦ ਉਕਤ ਵਾਰਡ ਤੋਂ ਚੋਣ ਲੜੀ ਸੀ ਅਤੇ ਇਕ ਵੋਟ ਨਾਲ ਹਾਰ ਗਏ ਸਨ।