ਜਲਵਾਯੂ ਪਰਿਵਰਤਨ ਦਾ ਕਣਕ ਤੇ ਝੋਨੇ ’ਤੇ ਪੈ ਰਿਹੈ ਅਸਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੂਨ
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਕਲੀਨ ਏਅਰ ਪੰਜਾਬ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਅੱਜ ਹੀਟਵੇਵ ਤੇ ਖੇਤੀਬਾੜੀ ਬਾਰੇ ਮੀਡੀਆ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਖੇਤੀਬਾੜੀ ਵਿਗਿਆਨੀ ਤੇ ਜਲਵਾਯੂ ਮਾਹਿਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਪ੍ਰਿੰਸੀਪਲ ਸਾਇੰਟਿਸਟ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਸਮੇਂ ਦੇ ਨਾਲ-ਨਾਲ ਮੌਸਮ ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਜਲਵਾਯੂ ਪਰਿਵਰਤਨ ਅਤੇ ਹੀਟਵੇਵ ਕਰਕੇ ਕਣਕ ਤੇ ਝੋਨੇ ਵਰਗੀਆਂ ਪ੍ਰਮੁੱਖ ਫਸਲਾਂ ’ਤੇ ਅਸਰ ਪੈ ਰਿਹਾ ਹੈ। ਇਸ ਲਈ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਪੀ. ਐਸ. ਕਿੰਗਰਾ ਨੇ ਕਿਹਾ ਕਿ ਹੀਟਵੇਵ ਹੁਣ ਕੋਈ ਅਸਾਧਾਰਨ ਵਰਤਾਰਾ ਨਹੀਂ ਰਹੀਆਂ, ਇਹ ਆਮ ਹੁੰਦੀਆਂ ਜਾ ਰਹੀਆਂ ਹਨ। ਇਹ ਅਤਿਅੰਤ ਮੌਸਮੀ ਘਟਨਾਵਾਂ ਫਸਲਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ, ਤੇਜ਼ੀ ਨਾਲ ਮਿੱਟੀ ਦੀ ਨਮੀ ਨੂੰ ਘਟਾ ਰਹੀਆਂ ਹਨ। ਇਸ ਨਾਲ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣ ਦੀ ਅਪੀਲ ਕੀਤੀ।