For the best experience, open
https://m.punjabitribuneonline.com
on your mobile browser.
Advertisement

ਜਲਵਾਯੂ ਤਬਦੀਲੀ ਕਾਰਨ ਮੰਡਰਾ ਰਿਹਾ ਸੰਕਟ

04:07 AM Jun 28, 2025 IST
ਜਲਵਾਯੂ ਤਬਦੀਲੀ ਕਾਰਨ ਮੰਡਰਾ ਰਿਹਾ ਸੰਕਟ
Advertisement
ਗੁਰਪ੍ਰੀਤ
Advertisement

ਦੁਨੀਆ ਭਰ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਪਏ ਨੇ, ਉਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਸੰਕਟ ਮੰਡਰਾ ਰਿਹਾ ਹੈ। ਇਸ ਸਭ ਕਾਸੇ ਲਈ ਇਨਸਾਨ ਹੀ ਦੋਸ਼ੀ ਹੈ ਜਾਂ ਫਿਰ ਇਹ ਕਹਿ ਲਓ ਕਿ ਇਨਸਾਨਾਂ ਦੇ ਰੂਪ ਵਿੱਚ ਸ਼ੈਤਾਨ ਜਿਨ੍ਹਾਂ ਨੂੰ ਕਾਰਪੋਰੇਟ ਘਰਾਣੇ ਕਿਹਾ ਜਾਂਦਾ ਹੈ, ਉਹ ਦੋਸ਼ੀ ਹਨ। ਜਲਵਾਯੂ ਪਰਿਵਰਤਨ ਬਾਰੇ ਅਸੀਂ ਭਾਵੇਂ ਸਕੂਲੀ ਪੜ੍ਹਾਈ ਦੌਰਾਨ ਪੜ੍ਹਦੇ ਰਹੇ ਸੀ ਕਿ ਜਲਵਾਯੂ ਪਰਿਵਰਤਨ ਕਾਰਨ ਬੜੀਆਂ ਮੁਸੀਬਤਾਂ ਆ ਸਕਦੀਆਂ ਨੇ ਪਰ ਇਹ ਕੌੜੀ ਸਚਾਈ ਹੁਣ ਬਹੁਤ ਨੇੜੇ ਆ ਗਈ ਹੈ, ਜੋ ਸਾਡੇ ਜੀਵਨ ਨੂੰ ਨਿੱਤ ਦਿਨ ਪ੍ਰਭਾਵਿਤ ਕਰ ਰਹੀ ਹੈ। ਖੇਤੀਬਾੜੀ ਵੀ ਇਸ ਤੋਂ ਵੱਖਰੀ ਨਹੀਂ ਹੈ।

Advertisement
Advertisement

ਦੁਨੀਆ ਭਰ ਵਿੱਚ ਵਿਕਾਸ ਦੇ ਨਾਂ ’ਤੇ ਵਿਨਾਸ਼ ਹੋ ਰਿਹਾ ਹੈ। ਜਲਵਾਯੂ ਪਰਿਵਰਤਨ ਦੇ ਨਾਲ-ਨਾਲ ਮਨੁੱਖ ਦੀਆਂ ਲੋੜਾਂ ਵਧ ਚੁੱਕੀਆਂ ਹਨ। ਹੁਣ ਉਹ ਹੱਥੀਂ ਕੰਮ ਕਰਨ ਦੀ ਬਜਾਏ ਇਲੈਕਟ੍ਰੌਨਿਕ ਅਤੇ ਹੋਰਨਾਂ ਅਜਿਹੇ ਯੰਤਰਾਂ ਦੀ ਵਰਤੋਂ ਕਰ ਰਿਹਾ ਹੈ ਜਿਨ੍ਹਾਂ ਦਾ ਮਨੁੱਖੀ ਜੀਵਨ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਨਾਲ ਧਰਤੀ ਅਤੇ ਜ਼ਮੀਨ ਨੂੰ ਡਾਢਾ ਨੁਕਸਾਨ ਪੁੱਜ ਰਿਹਾ ਹੈ। ਕੋਈ ਭਾਵੇਂ ਇਸ ’ਤੇ ਯਕੀਨ ਕਰੇ ਜਾਂ ਨਾ, ਪਰ ਇਹ ਗੱਲ ਸੱਚ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨੈਟਵਰਕ, ਜਿਹੜੇ ਇਸ ਪੂਰੇ ਸਿਸਟਮ ਜਾਂ ਫਿਰ ਇਹ ਕਹਿ ਲਓ ਕਿ ਟੈਲੀਕਾਮ ਨੂੰ ਚਲਾਉਂਦੇ ਨੇ, ਉਹ ਸਭ ਤੋਂ ਵੱਧ ਬਿਜਲੀ ਅਤੇ ਪਾਣੀ ਦੇ ਨਾਲ-ਨਾਲ ਹਵਾ ਦੀ ਵਰਤੋਂ ਕਰਦੇ ਹਨ।

ਬਿਜਲੀ ਇਸ ਸਾਰੇ ਸਿਸਟਮ ਨੂੰ ਚਲਾਉਣ ਵਾਸਤੇ ਅਤੇ ਪਾਣੀ ਇਸ ਸਾਰੇ ਸਿਸਟਮ ਨੂੰ ਠੰਢਾ ਕਰਨ ਵਾਸਤੇ ਕਿਸੇ ਨਾ ਕਿਸੇ ਰੂਪ ਵਿੱਚ ਵਰਤਿਆ ਜਾਂਦਾ ਹੈ ਪਰ ਇਹ ਸਭ ਧਰਤੀ ਵਿੱਚੋਂ ਹੀ ਕੱਢਿਆ ਜਾਣ ਵਾਲਾ ਉਹ ਪਾਣੀ ਹੈ ਜਿਹੜਾ ਆਮ ਇਨਸਾਨ ਪੀਂਦਾ ਹੈ। ਧਰਤੀ ਵਿੱਚ ਲਗਾਤਾਰ ਜ਼ਹਿਰ ਮਿਲ ਰਹੀ ਹੈ। ਵਿਸ਼ਵ ਪੱਧਰ ’ਤੇ ਛਪੀਆਂ ਰਿਪੋਰਟਾਂ ਨਾ ਸਾਡੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਹਨ। ਤਾਪਮਾਨ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਦੁਨੀਆ ਭਰ ਵਿੱਚ ਖੁਰਾਕ ਸੁਰੱਖਿਆ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਦੂਜੇ ਪਾਸੇ ਵਿਸ਼ਵ ਵਿੱਚ ਤਾਪਮਾਨ ਵਿੱਚ ਲਗਾਤਾਰ ਹੋ ਰਿਹਾ ਵਾਧਾ ਫਸਲਾਂ ਦੀ ਵਿਭਿੰਨਤਾ ਵਿੱਚ ਵੀ ਗਿਰਾਵਟ ਪੈਦਾ ਕਰ ਰਿਹਾ ਹੈ। ਪਾਣੀ ਤੇ ਧਰਤੀ ਤੋਂ ਇਲਾਵਾ ਹਵਾ ਨੂੰ ਬਚਾਉਣ ਵਾਸਤੇ ਕੋਈ ਵੀ ਅੱਗੇ ਨਹੀਂ ਆ ਰਿਹਾ। ਬੁੱਧੀਜੀਵੀ ਸੁਝਾਅ ਤਾਂ ਦਿੰਦੇ ਹਨ ਪਰ ਸਰਕਾਰਾਂ ਇਨ੍ਹਾਂ ਉੱਤੇ ਗੌਰ ਕਰਨ ਦੀ ਬਜਾਏ ਪ੍ਰਾਈਵੇਟ ਕੰਪਨੀਆਂ ਨੂੰ ਪਹਿਲ ਦਿੰਦੀਆਂ ਹਨ ਜਿਹੜੀਆਂ ਸਮਾਜ ਦੀ ਵੱਡੇ ਪੱਧਰ ’ਤੇ ਲੁੱਟ ਕਰ ਕੇ ਨੌਕਰੀਆਂ ਅਤੇ ਹੋਰ ਕਾਰੋਬਾਰਾਂ ਨੂੰ ਸੰਕਟ ਵਿੱਚ ਪਾਉਂਦੀਆਂ ਹਨ।

ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਵਿਸ਼ਵ ਤਾਪਮਾਨ ਡੇਢ ਡਿਗਰੀ ਸੈਲਸੀਅਸ ਵਧਦਾ ਹੈ ਤਾਂ ਦੁਨੀਆ ਵਿੱਚ ਖੁਰਾਕ ਸੁਰੱਖਿਆ ਅਤੇ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਕਿਉਂਕਿ ਇਸ ਕਾਰਨ ਫਸਲਾਂ ਦੀ ਵਿਭਿੰਨਤਾ ਵਿੱਚ ਨਿਘਾਰ ਆਵੇਗਾ। ਜਿਸ ਤਰ੍ਹਾਂ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ, ਉਸ ਤਰੀਕੇ ਨਾਲ ਕੁਦਰਤ ਵੀ ਆਪਣਾ ਰੰਗ ਦਿਖਾ ਰਹੀ ਹੈ। ਤਾਪਮਾਨ ਵਿੱਚ ਹੋ ਰਹੇ ਵਾਧੇ ਕਾਰਨ ਜਿੱਥੇ ਦੁਨੀਆ ਭਰ ਅੰਦਰ ਤਬਾਹੀ ਮੱਚੀ ਪਈ ਹੈ, ਉੱਥੇ ਸਮੇਂ-ਸਮੇਂ ਹੜ੍ਹਾਂ ਅਤੇ ਭੂਚਾਲਾਂ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਪ੍ਰਾਈਵੇਟ ਕੰਪਨੀਆਂ ਕਾਰਨ ਹੀ ਅਜਿਹਾ ਹੋ ਰਿਹਾ ਹੈ ਜਿਹੜੀਆਂ ਕੁਦਰਤ ਨਾਲ ਖਿਲਵਾੜ ਕਰ ਕੇ ਆਪਣਾ ਫਾਇਦਾ ਚੁੱਕਦੀਆਂ ਹਨ।

ਕੌਮਾਂਤਰੀ ਜਰਨਲ ‘ਨੇਚਰ ਫੂਡ’ ਵਿੱਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਵਿਸ਼ਵ ਤਾਪਮਾਨ ਵਿੱਚ ਦੋ ਡਿਗਰੀ ਸੈਲਸੀਅਸ ਦੇ ਵਾਧੇ ਨਾਲ 52 ਪ੍ਰਤੀਸ਼ਤ ਖੇਤੀਬਾੜੀ ਜ਼ਮੀਨ ’ਤੇ ਫਸਲੀ ਵਿਭਿੰਨਤਾ ਵਿੱਚ ਗਿਰਾਵਟ ਆ ਸਕਦੀ ਹੈ। ਤਾਪਮਾਨ ਵਿੱਚ ਤਿੰਨ ਡਿਗਰੀ ਸੈਲਸੀਅਸ ਵਾਧੇ ਨਾਲ ਇਹ ਅੰਕੜਾ 56 ਪ੍ਰਤੀਸ਼ਤ ਤੱਕ ਵੱਧ ਜਾਵੇਗਾ। ਇਸ ਦਾ ਮਤਲਬ ਹੈ ਕਿ ਵਧਦੇ ਤਾਪਮਾਨ ਨਾਲ ਸਾਡੀ ਥਾਲੀ ਵਿੱਚ ਪਰੋਸੇ ਜਾਣ ਵਾਲੇ ਬਹੁਤ ਸਾਰੇ ਭੋਜਨ, ਦਾਲਾਂ ਅਤੇ ਸਬਜ਼ੀਆਂ ਗਾਇਬ ਹੋ ਸਕਦੀਆਂ ਹਨ।

ਅਧਿਐਨ ਅਨੁਸਾਰ ਫਸਲ ਵਿਭਿੰਨਤਾ ਵਿੱਚ ਸਭ ਤੋਂ ਵੱਧ ਗਿਰਾਵਟ ਭੂ-ਮੱਧ ਰੇਖਾ ਦੇ ਆਲੇ-ਦੁਆਲੇ ਸਾਹਮਣੇ ਆਈ ਹੈ; ਜਿਵੇਂ ਉਪ-ਸਹਾਰਨ ਅਫਰੀਕਾ ਅਤੇ ਦੱਖਣੀ ਏਸ਼ੀਆ ਵਿੱਚ ਜਿੱਥੇ ਮੌਜੂਦਾ ਖੇਤੀਬਾੜੀ ਭੂਮੀ ਦਾ 70% ਤੋਂ ਵੱਧ ਹਿੱਸਾ ਫਸਲ ਵਿਭਿੰਨਤਾ ਗੁਆ ਸਕਦਾ ਹੈ। ਇਹ ਚਿੰਤਾ ਵੀ ਪ੍ਰਗਟਾਈ ਗਈ ਹੈ ਕਿ ਜੇਕਰ ਤਾਪਮਾਨ ਇਸੇ ਦਰ ਨਾਲ ਵਧਦਾ ਰਿਹਾ ਤਾਂ ਦੁਨੀਆ ਦੇ ਇੱਕ ਤਿਹਾਈ ਭੋਜਨ ਉਤਪਾਦਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਅਧਿਐਨ ਫਿਨਲੈਂਡ ਦੀ ਆਲਟੋ ਯੂਨੀਵਰਸਿਟੀ, ਜਰਮਨੀ ਦੀ ਗੌਟਿੰਗੇਨ ਯੂਨੀਵਰਸਿਟੀ ਅਤੇ ਸਵਿਟਜ਼ਰਲੈਂਡ ਦੀ ਜ਼ਿਊਰਿਖ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਕੀਤਾ ਸੀ। ਆਪਣੀ ਖੋਜ ਵਿੱਚ ਵਿਗਿਆਨੀਆਂ ਨੇ ਡੇਢ ਤੋਂ ਚਾਰ ਡਿਗਰੀ ਸੈਲਸੀਅਸ ਦੇ ਵਾਧੇ ਦੇ ਚਾਰ ਵੱਖ-ਵੱਖ ਜਲਵਾਯੂ ਦ੍ਰਿਸ਼ਾਂ ਵਿੱਚ 30 ਪ੍ਰਮੁੱਖ ਫਸਲਾਂ ਦਾ ਅਧਿਐਨ ਕੀਤਾ ਹੈ। ਉਨ੍ਹਾਂ ਮੌਸਮੀ ਸਥਿਤੀਆਂ ਜਿਵੇਂ ਤਾਪਮਾਨ, ਮੀਂਹ ਅਤੇ ਸੋਕੇ ਦੇ ਫਸਲਾਂ ’ਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਹੈ। ਇਹ ਅਧਿਐਨ ਇਸ ਗੱਲ ਦੀ ਸਹੀ ਤਸਵੀਰ ਪੇਸ਼ ਕਰਦਾ ਹੈ ਕਿ ਵਧਦਾ ਤਾਪਮਾਨ ਸਾਡੀਆਂ ਭੋਜਨ ਉਤਪਾਦਨ ਸਮਰੱਥਾਵਾਂ ਨੂੰ ਕਿੱਥੇ ਅਤੇ ਕਿਵੇਂ ਪ੍ਰਭਾਵਤ ਕਰੇਗਾ। ਅਧਿਐਨ ਦੇ ਨਤੀਜਿਆਂ ਅਨੁਸਾਰ ਘੱਟ ਤਾਪਮਾਨ ਵਾਲੇ ਖੇਤਰ ਮੱਧ ਅਤੇ ਉੱਚ ਤਾਪਮਾਨ ਵਾਲੇ ਖੇਤਰਾਂ ਨਾਲੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਇਨ੍ਹਾਂ ਵਿੱਚ ਗਰਮ ਖੇਤਰ ਦੇ ਵੱਡੇ ਹਿੱਸੇ ਸ਼ਾਮਿਲ ਹਨ। ਇਹ ਡਰ ਹੈ ਕਿ ਜਿਵੇਂ-ਜਿਵੇਂ ਤਾਪਮਾਨ ਵਧੇਗਾ, ਇਨ੍ਹਾਂ ਖੇਤਰਾਂ ਵਿੱਚ ਖੇਤੀਬਾੜੀ ਲਈ ਢੁਕਵੀਂ ਜ਼ਮੀਨ ਦੀ ਮਾਤਰਾ ਘਟ ਜਾਵੇਗੀ ਅਤੇ ਉਗਾਈਆਂ ਜਾਣ ਵਾਲੀਆਂ ਫਸਲਾਂ ਦੀ ਵਿਭਿੰਨਤਾ ਤੇਜ਼ੀ ਨਾਲ ਘਟ ਜਾਵੇਗੀ।

ਖੋਜ ਕਰਤਾਵਾਂ ਅਨੁਸਾਰ ਵਿਸ਼ਵਵਿਆਪੀ ਤਾਪਮਾਨ ਦੋ ਡਿਗਰੀ ਸੈਲਸੀਅਸ ਤੋਂ ਵੱਧ ਵਧਣ ਨਾਲ ਖੇਤੀਯੋਗ ਜ਼ਮੀਨ ਦਾ ਵੱਡਾ ਹਿੱਸਾ ਪਹਿਲਾਂ ਕਦੇ ਨਾ ਦੇਖੀਆਂ ਗਈਆਂ ਜਲਵਾਯੂ ਸਥਿਤੀਆਂ ਦੇ ਸੰਪਰਕ ਵਿੱਚ ਆ ਜਾਵੇਗਾ। ਅਜਿਹੀ ਸਥਿਤੀ ਵਿੱਚ ਭੂਮੱਧ ਰੇਖਾ ਦੇ ਨੇੜੇ ਸਥਿਤ ਦੇਸ਼ਾਂ ਜਿਵੇਂ ਭਾਰਤ, ਅਫਰੀਕੀ ਅਤੇ ਹੋਰ ਦੱਖਣੀ ਏਸ਼ਿਆਈ ਦੇਸ਼ਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ। ਡਰ ਹੈ ਕਿ ਵਿਸ਼ਵਵਿਆਪੀ ਤਾਪਮਾਨ ਵਿੱਚ ਦੋ ਡਿਗਰੀ ਸੈਲਸੀਅਸ ਵਾਧੇ ਨਾਲ ਘੱਟ ਤਾਪਮਾਨ ਖੇਤਰਾਂ ਵਿੱਚ ਮੌਜੂਦਾ 10 ਤੋਂ 31 ਪ੍ਰਤੀਸ਼ਤ ਖੇਤੀਬਾੜੀ ਉਤਪਾਦਨ ਉਨ੍ਹਾਂ ਖੇਤਰਾਂ ਵਿੱਚ ਤਬਦੀਲ ਹੋ ਜਾਵੇਗਾ ਜਿੱਥੇ ਜਲਵਾਯੂ ਇਨ੍ਹਾਂ ਫਸਲਾਂ ਲਈ ਢੁਕਵਾਂ ਨਹੀਂ ਹੋਵੇਗਾ। ਜੇਕਰ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਵਧਦਾ ਹੈ ਤਾਂ ਇਹ ਤਬਦੀਲੀ 20 ਤੋਂ 48 ਪ੍ਰਤੀਸ਼ਤ ਤੱਕ ਵਧ ਸਕਦੀ ਹੈ। ਜੇ ਤਾਪਮਾਨ ਵਿੱਚ ਵਾਧਾ ਤਿੰਨ ਡਿਗਰੀ ਸੈਲਸੀਅਸ ਤੋਂ ਵਧ ਜਾਂਦਾ ਹੈ ਤਾਂ ਉਪ-ਸਹਾਰਨ ਅਫਰੀਕਾ ਵਿੱਚ ਤਿੰਨ-ਚੌਥਾਈ ਫਸਲ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ। ਇਹ ਖਾਸ ਤੌਰ ’ਤੇ ਚੌਲ, ਮੱਕੀ, ਕਣਕ, ਆਲੂ ਅਤੇ ਸੋਇਆਬੀਨ ਵਰਗੀਆਂ ਫਸਲਾਂ ਨੂੰ ਪ੍ਰਭਾਵਿਤ ਕਰੇਗਾ ਜੋ ਦੁਨੀਆ ਦੀਆਂ ਦੋ-ਤਿਹਾਈ ਭੋਜਨ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਖੋਜ ਕਰਤਾਵਾਂ ਅਨੁਸਾਰ ਇਨ੍ਹਾਂ ਖੇਤਰਾਂ ਵਿੱਚ ਨਾ ਸਿਰਫ਼ ਉਤਪਾਦਨ ਘਟੇਗਾ, ਸਗੋਂ ਫਸਲਾਂ ਦੀ ਵਿਭਿੰਨਤਾ ਵੀ ਘਟ ਜਾਵੇਗੀ। ਇਸ ਕਾਰਨ ਜ਼ਰੂਰੀ ਪੋਸ਼ਣ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਸਕਦਾ ਹੈ। ਅਧਿਐਨ ਦੀ ਮੁੱਖ ਖੋਜ ਕਰਤਾ ਸਾਰਾ ਹੇਕੋਨੇਨ ਅਨੁਸਾਰ ਜੇਕਰ ਖੁਰਾਕੀ ਫਸਲਾਂ ਦੀਆਂ ਕਿਸਮਾਂ ਘਟ ਜਾਂਦੀਆਂ ਹਨ ਤਾਂ ਕੈਲੋਰੀ ਅਤੇ ਪ੍ਰੋਟੀਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਮੁਸ਼ਕਿਲ ਹੋ ਜਾਵੇਗਾ। ਗਰਮ ਦੇਸ਼ਾਂ ਤੋਂ ਆਉਣ ਵਾਲੀਆਂ ਕੰਦਾਂ ਦੀਆਂ ਫਸਲਾਂ ਜਿਵੇਂ ਯਾਮ ਜੋ ਘੱਟ ਆਮਦਨ ਵਾਲੇ ਖੇਤਰਾਂ ਵਿੱਚ ਖੁਰਾਕ ਦਾ ਮੁੱਖ ਆਧਾਰ ਹਨ, ਖਾਸ ਤੌਰ ’ਤੇ ਖ਼ਤਰੇ ਵਿੱਚ ਹੋਣਗੀਆਂ। ਇਸ ਤਬਦੀਲੀ ਨਾਲ ਅਨਾਜ ਅਤੇ ਦਾਲਾਂ ਦੀਆਂ ਫਸਲਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਇਸ ਦੇ ਉਲਟ ਯੂਰੋਪ ਅਤੇ ਅਮਰੀਕਾ ਵਰਗੇ ਮੱਧ ਅਤੇ ਉੱਚ ਤਾਪਮਾਨ ਵਾਲੇ ਖੇਤਰਾਂ ਨੂੰ ਘੱਟ ਨੁਕਸਾਨ ਹੋਵੇਗਾ। ਉਮੀਦ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਫਸਲਾਂ ਦੀ ਵਿਭਿੰਨਤਾ ਵਧ ਸਕਦੀ ਹੈ। ਇਸ ਕਾਰਨ ਕੁਝ ਖੇਤਰਾਂ ਵਿੱਚ ਫਲਾਂ ਅਤੇ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਉਗਾਉਣਾ ਸੰਭਵ ਹੋ ਸਕਦਾ ਹੈ। ਅਧਿਐਨ ਨਾਲ ਜੁੜੇ ਖੋਜ ਕਰਤਾ ਪ੍ਰੋਫੈਸਰ ਮੈਟੀ ਕੁੰਮੂ ਨੇ ਪ੍ਰੈਸ ਰਿਲੀਜ਼ ਵਿੱਚ ਚਿਤਾਵਨੀ ਦਿੱਤੀ ਕਿ ਇਹ ਸਭ ਇੰਨਾ ਆਸਾਨ ਨਹੀਂ, ਨਵਾਂ ਜਲਵਾਯੂ ਕੀੜਿਆਂ ਅਤੇ ਮੌਸਮੀ ਆਫ਼ਤਾਂ ਦਾ ਜੋਖਿ਼ਮ ਵਧਾ ਸਕਦਾ ਹੈ।

ਅਜਿਹੀ ਸਥਿਤੀ ਵਿੱਚ ਮੱਧ ਅਤੇ ਉੱਚ ਤਾਪਮਾਨ ਵਾਲੇ ਖੇਤਰਾਂ ਦੇ ਕਿਸਾਨਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਲਚਕ ਅਪਣਾਉਣੀ ਪਵੇਗਾ। ਤਾਪਮਾਨ ਵਧਣ ਨਾਲ ਭਾਵੇਂ ਕੁਝ ਨਵੀਆਂ ਫਸਲਾਂ ਉਗਾਉਣ ਦੇ ਮੌਕੇ ਮਿਲ ਸਕਦੇ ਹਨ, ਪਰ ਵਿਸ਼ਵਵਿਆਪੀ ਮੰਗ ਅਤੇ ਬਾਜ਼ਾਰ ਸ਼ਕਤੀਆਂ ਇਹ ਨਿਰਧਾਰਤ ਕਰਨਗੀਆਂ ਕਿ ਕਿਸਾਨ ਅਸਲ ਵਿੱਚ ਕੀ ਉਗਾਉਂਦੇ ਹਨ। ਅਜਿਹੀ ਸਥਿਤੀ ਵਿੱਚ ਇਨ੍ਹਾਂ ਤਬਦੀਲੀਆਂ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਕਿਸਾਨਾਂ ਨੂੰ ਨਵੀਆਂ ਫਸਲਾਂ ਦੀਆਂ ਕਿਸਮਾਂ ਅਜ਼ਮਾਉਣ, ਬਿਜਾਈ ਦਾ ਸਮਾਂ ਬਦਲਣ ਅਤੇ ਅਜਿਹੀਆਂ ਸਹੂਲਤਾਂ ਵਿੱਚ ਨਿਵੇਸ਼ ਕਰਨ ਦੀ ਲੋੜ ਹੋਵੇਗੀ ਜੋ ਮੌਸਮ ਅਤੇ ਕੀੜਿਆਂ ਨਾਲ ਨਜਿੱਠਣ ਵਿੱਚ ਮਦਦ ਕਰ ਸਕਣ।

ਇਹ ਧਿਆਨ ਦੇਣ ਯੋਗ ਹੈ ਕਿ ਅਫਰੀਕਾ ਵਰਗੇ ਖੇਤਰ ਪਹਿਲਾਂ ਹੀ ਭੋਜਨ ਅਸੁਰੱਖਿਆ, ਗਰੀਬੀ ਅਤੇ ਸਰੋਤਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਂਝ, ਖੋਜ ਕਰਤਾਵਾਂ ਨੂੰ ਉਮੀਦ ਹੈ ਕਿ ਜੇ ਇਨ੍ਹਾਂ ਖੇਤਰਾਂ ਵਿੱਚ ਖਾਦ, ਸਿੰਜਾਈ ਅਤੇ ਸਟੋਰੇਜ ਲਈ ਬਿਹਤਰ ਪ੍ਰਬੰਧ ਕੀਤੇ ਜਾਣ ਤਾਂ ਉਤਪਾਦਨ ਵਧਾਇਆ ਜਾ ਸਕਦਾ ਹੈ। ਵਿਗਿਆਨੀਆਂ ਦੀ ਰਿਪੋਰਟ ਕਹਿੰਦੀ ਹੈ ਕਿ ਜੇ ਅਸੀਂ ਭਵਿੱਖ ਵਿੱਚ ਭੋਜਨ ਪ੍ਰਣਾਲੀ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਨਾ ਸਿਰਫ਼ ਜਲਵਾਯੂ ਪਰਿਵਰਤਨ ਨੂੰ ਰੋਕਣਾ ਪਵੇਗਾ, ਸਗੋਂ ਇਸ ਦੇ ਪ੍ਰਭਾਵ ਅਨੁਸਾਰ ਆਪਣੇ ਆਪ ਨੂੰ ਵੀ ਢਾਲਣਾ ਪਵੇਗਾ। ਉਨ੍ਹਾਂ ਅਨੁਸਾਰ ਇਸ ਦਾ ਪ੍ਰਭਾਵ ਕਿਤੇ ਵੀ ਹੋਵੇ, ਪਰ ਵਿਸ਼ਵਵਿਆਪੀ ਭੋਜਨ ਪ੍ਰਣਾਲੀ ਨਾਲ ਜੁੜੇ ਹੋਣ ਕਾਰਨ, ਇਸ ਦਾ ਪ੍ਰਭਾਵ ਸਾਰਿਆਂ ਤੱਕ ਪਹੁੰਚੇਗਾ।

ਇਸ ਦਾ ਮਤਲਬ ਹੈ ਕਿ ਜੇ ਦੁਨੀਆ ਦੇ ਇੱਕ ਹਿੱਸੇ ਵਿੱਚ ਫਸਲਾਂ ਤਬਾਹ ਹੋ ਜਾਂਦੀਆਂ ਹਨ ਤਾਂ ਇਹ ਪੂਰੀ ਸਪਲਾਈ ਲੜੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਤੀਜੇ ਵਜੋਂ ਭੋਜਨ ਕੀਮਤਾਂ ਵਧ ਸਕਦੀਆਂ ਹਨ, ਕਈ ਥਾਵਾਂ ’ਤੇ ਭੋਜਨ ਦੀ ਉਪਲਬਧਤਾ ਘਟ ਸਕਦੀ ਹੈ।

ਖੈਰ, ਜਿਸ ਤਰੀਕੇ ਨਾਲ ਮਨੁੱਖ ਵਿਕਾਸ ਦੇ ਨਾਮ ’ਤੇ ਪੌਣ ਪਾਣੀ ਆਦਿ ਨਾਲ ਖਿਲਵਾੜ ਕਰ ਰਿਹਾ ਹੈ, ਇਸ ਨਾਲ ਜਿੱਥੇ ਸਾਡੀ ਧਰਤੀ ਗੰਦਲੀ ਹੋ ਰਹੀ ਹੈ, ਉਥੇ ਪਾਣੀ ਵੀ ਜ਼ਹਿਰੀਲਾ ਹੋ ਰਿਹਾ ਹੈ। ਜੇ ਧਰਤੀ ਹੇਠੋਂ ਪਾਣੀ ਖ਼ਤਮ ਹੋ ਜਾਵੇਗਾ ਤਾਂ ਦੁਨੀਆ ਬਚੇਗੀ ਨਹੀਂ।

ਪੰਜਾਬ ਵਰਗਾ ਸੂਬਾ ਭਾਵੇਂ ਪੰਜ ਦਰਿਆਵਾਂ ਦੀ ਧਰਤੀ ਦਾ ਅਖਵਾਉਂਦਾ ਹੈ, ਪਰ ਪੰਜ ਦਰਿਆਵਾਂ ਦੀ ਇਸ ਧਰਤੀ ਉੱਤੇ ਵੀ ਇਸ ਵੇਲੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਧਰਤੀ ਵਿੱਚ ਘੋਲੀਆਂ ਜਾ ਰਹੀਆਂ ਜ਼ਹਿਰਾਂ ਕਾਰਨ ਜਿੱਥੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ, ਉਥੇ ਜ਼ਮੀਨ, ਪਾਣੀ, ਹਵਾ ਸਭ ਗੰਧਲਾ ਹੋਣ ਕਾਰਨ ਪੰਜਾਬ ਦਾ ਮਨੁੱਖ ਵੀ ਬਿਮਾਰ ਹੋ ਰਿਹਾ ਹੈ। ਇਸ ਸਬੰਧੀ ਵਿਗਿਆਨੀਆਂ ਨੇ ਜੋ ਭਵਿੱਖਬਾਣੀ ਕੀਤੀ ਹੈ, ਉਸ ਤੋਂ ਸਪਸ਼ਟ ਹੁੰਦਾ ਹੈ ਕਿ ਜਲਦੀ ਹੀ ਪੂਰੀ ਦੁਨੀਆ ਵੈਂਟੀਲੇਟਰ ’ਤੇ ਚਲੀ ਜਾਵੇਗੀ। ਲੱਗਦਾ ਹੈ ਕਿ ਹੁਣ ਕੋਈ ਵਾਇਰਸ ਆਉਣ ਦੀ ਲੋੜ ਨਹੀਂ ਕਿਉਂਕਿ ਦੁਨੀਆ ਕੋਲ ਪਹਿਲਾਂ ਹੀ ਅਜਿਹਾ ਵਾਇਰਸ ਤਿਆਰ ਹੋ ਗਿਆ ਹੈ ਜਿਸ ਨਾਲ ਪੂਰੀ ਦੁਨੀਆ ਤਬਾਹ ਹੋ ਜਾਵੇਗੀ।

ਅਜੇ ਵੀ ਸੰਭਲਣ ਦਾ ਵੇਲਾ ਹੈ, ਨਹੀਂ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਭਿਆਨਕ ਹੋਵੇਗਾ। ਤਕਨੀਕ ਦੇ ਚੱਕਰ ਵਿੱਚ ਅਸੀਂ ਭਾਵੇਂ ਅਸਮਾਨ ਛੂਹ ਲਿਆ ਹੈ ਪਰ ਅਸੀਂ ਆਪਣੇ ਪੈਰਾਂ ਵੱਲ ਨਿਗਾਹ ਨਹੀਂ ਮਾਰੀ ਕਿ ਅਸੀਂ ਕਿੱਧਰ ਜਾ ਰਹੇ ਹਾਂ। ਮਸਲਾ ਬੜਾ ਗੰਭੀਰ ਹੈ। ਸੋ, ਇਸ ਬਾਰੇ ਸਰਕਾਰਾਂ ਤੋਂ ਇਲਾਵਾ ਬੁੱਧੀਜੀਵੀਆਂ, ਵਿਗਿਆਨੀਆਂ ਅਤੇ ਹੋਰ ਸੂਝਵਾਨ ਲੋਕਾਂ ਨੂੰ ਵਿਚਾਰ ਚਰਚਾ ਕਰਨੀ ਪੈਣੀ ਹੈ ਤਾਂ ਹੀ ਧਰਤੀ ਉੱਤੇ ਪੈਦਾ ਹੋਣ ਵਾਲੇ ਸੰਕਟ ਦਾ ਮੁਕਾਬਲਾ ਹੋ ਸਕੇਗਾ। ਪਾਣੀ ਮਨੁੱਖ ਦੀ ਮੁੱਖ ਲੋੜ ਹੈ ਜਿਸ ਨੂੰ ਬਚਾਉਣਾ ਜ਼ਰੂਰੀ ਹੈ। ਜੇ ਹੁਣ ਪਾਣੀ, ਹਵਾ, ਧਰਤੀ ਨਾ ਬਚੇ ਤਾਂ ਲੱਗਦਾ ਨਹੀਂ ਕਿ ਆਉਣ ਵਾਲੀ ਕੋਈ ਪੀੜ੍ਹੀ ਨਿਰੋਗ ਪੈਦਾ ਹੋਵੇਗੀ।

ਸੰਪਰਕ: 95698-20314

Advertisement
Author Image

Jasvir Samar

View all posts

Advertisement