ਸਰਬਜੀਤ ਸਿੰਘ ਭੰਗੂਪਟਿਆਲਾ, 10 ਜੂਨਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਡੇਅਰੀ ਮਾਲਕਾਂ ਦੀ ਮੀਟਿੰਗ ਹੋਈ ਜਿਸ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਇਸ ਤਹਿਤ ਦੋ-ਤਿੰਨ ਮਹੀਨਿਆਂ ਵਿੱਚ ਸੰਪੂਰਨ ਤੌਰ ’ਤੇ ਸ਼ਹਿਰ ਦੀਆਂ ਸਾਰੀਆਂ ਡੇਅਰੀਆਂ ਅਬਲੋਵਾਲ ਵਿੱਚ ਬਣੇ ਡੇਅਰੀ ਪ੍ਰਾਜੈਕਟ ਵਿੱਚ ਸ਼ਿਫਟ ਹੋ ਜਾਣਗੀਆਂ। ਡੇਅਰੀ ਮਾਲਕ ਨਗਰ ਨਿਗਮ ਨਾਲ ਸਮਝੌਤਾ ਕਰਨ ਲਈ ਤਿਆਰ ਹੋ ਗਏ ਹਨ। ਡੇਅਰੀ ਮਾਲਕਾਂ ਦੀ ਯੂਨੀਅਨ ਨੇ ਵੀ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਐਗਰੀਮੈਂਟ ਸਾਈਨ ਕਰ ਕੇ ਨਗਰ ਨਿਗਮ ਨੂੰ ਜਮ੍ਹਾਂ ਕਰਵਾ ਦਿੱਤੇ ਜਾਣਗੇ।ਮੇਅਰ ਨੇ ਮੀਟਿੰਗ ਉਪਰੰਤ ਕਿਹਾ ਕਿ ਅਬਲੋਵਾਲ ਵਿੱਚ 21.26 ਏਕੜ ਰਕਬੇ ’ਚ ਤਿਆਰ ਕੀਤਾ ਗਿਆ ਡੇਅਰੀ ਪ੍ਰਾਜੈਕਟ ਚੰਗਾ ਸਾਬਤ ਹੋਵੇਗਾ। ਇਸ ਵਿੱਚ ਨਿਗਮ ਵੱਲੋਂ 27 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਨਾਲ ਜਿੱਥੇ ਡੇਅਰੀ ਮਾਲਕਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਗੋਬਰ ਕਾਰਨ ਆਉਣ ਵਾਲੀ ਦਿੱਕਤ ਤੋਂ ਮੁਕਤ ਹੋਣਗੇ। ਉਨ੍ਹਾਂ ਕਿਹਾ ਕਿ ਨਿਗਮ ਨੂੰ ਰੋਜ਼ਾਨਾ ਸੀਵਰੇਜ ਲਾਈਨਾਂ ਦੇ ਬਲਾਕ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਸ ਕਾਰਨ ਸੁਪਰ ਸਕਰ ਮਸ਼ੀਨਾਂ ਦੀ ਵਰਤੋਂ ਕਰਕੇ 20 ਕਿਲੋਮੀਟਰ ਲੰਬੀਆਂ ਸੀਵਰੇਜ ਲਾਈਨਾਂ ਨੂੰ ਸਾਫ਼ ਕਰਨ ਲਈ ਜਨਤਕ ਫੰਡਾਂ ਵਿੱਚੋਂ ਪੈਸਾ ਖਰਚ ਕੀਤਾ ਜਾ ਰਿਹਾ ਸੀ।ਐਫਲੂਐਂਟ ਟਰੀਟਮੈਂਟ ਪਲਾਂਟ ਨਾਲ ਸੀਵਰੇਜ ਬੰਦ ਨਹੀਂ ਹੋਣਗੇਮੇਅਰ ਕੁੰਦਨ ਗੋਗੀਆ ਨੇ ਐਫਲੂਐਂਟ ਟਰੀਟਮੈਂਟ ਪਲਾਂਟ ਬਾਰੇ ਕਿਹਾ ਕਿ ਇਸ ਪਲਾਂਟ ਨਾਲ ਗੋਹੇ ਕਾਰਨ ਸੀਵਰੇਜ ਬੰਦ ਨਹੀਂ ਹੋਣਗੇ। ਇਸ ਤੋਂ ਇਲਾਵਾ ਡੇਅਰੀ ਮਾਲਕਾਂ ਲਈ ਪਾਣੀ ਦਾ ਉਚਿਤ ਪ੍ਰਬੰਧ, ਲਾਈਟ, ਮਿਲਕ ਕੁਲੈਕਸ਼ਨ ਸੈਂਟਰ ਅਤੇ ਅਜਿਹੀਆਂ ਹੋਰ ਸੁਵਿਧਾਵਾਂ ਵੀ ਮਿਲਣਗੀਆਂ। ਲੋਨ ਸਬੰਧੀ ਡੇਅਰੀ ਮਾਲਕਾਂ ਅਤੇ ਬੈਂਕ ਦਾ ਤਾਲਮੇਲ ਕਰਵਾ ਦਿੱਤਾ ਗਿਆ ਹੈ।