ਦੇਵਿੰਦਰ ਸਿੰਘ ਜੱਗੀਪਾਇਲ, 1 ਫਰਵਰੀਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਜਿਸ ਉੱਪਰ ਮਨੁੱਖੀ ਜੀਵਨ ਨਿਰਭਰ ਕਰਦਾ ਹੈ, ਜਦੋਂ ਪਾਣੀ ਹੀ ਦੂਸ਼ਿਤ ਹੋ ਜਾਵੇ ਤਾਂ ਮਨੁੱਖੀ ਜੀਵਨ ਲਈ ਖਤਰੇ ਦੀ ਘੰਟੀ ਹੁੰਦੀ ਹੈ। ਅਜਿਹੀ ਹੀ ਤਾਜ਼ਾ ਮਿਸਾਲ ਇਤਿਹਾਸਕਪਿੰਡ ਜਰਗ ਵਿਖੇ ਦੇਖਣ ਨੂੰ ਮਿਲੀ, ਜਿੱਥੇ ਜਰਗੜੀ ਵਾਲੇ ਰਸਤੇ ਨੂੰ ਜਾਣ ਵਾਲੇ ਰਸਤੇ ਅਤੇ ਜਰਗ ਦੇ ਜਰਗੜੀ ਦਰਵਾਜੇ ਦੇ ਨੇੜਲੇ ਰਿਹਾਇਸ਼ੀ ਘਰਾਂ ਵਿੱਚ ਲੱਗੇ ਸਮਰਸੀਬਲਾਂ ਦੇ ਪਾਣੀ ਦੇ ਸੈਂਪਲ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਡਾਕਟਰ ਸ਼ਿੰਗਾਰਾ ਸਿੰਘ ਮੁੱਲਾਂਪੁਰ ਦੀ ਅਗਵਾਈ ਵਿੱਚ ਸਮੁੱਚੀ ਟੀਮ ਵੱਲੋਂ ਭਰੇ ਗਏ ਸਨ। ਜਿਸ ਦੀ ਖਰੜ ਲੈਬਾਰਟਰੀ ਤੋਂ ਆਈ ਰਿਪੋਰਟ ਅਨੁਸਾਰ ਪਾਣੀ ਬਿਲਕੁਲ ਨਾ ਪੀਣ ਯੋਗ ਹੈ।ਡਾ. ਸ਼ਿੰਗਾਰਾ ਸਿੰਘ ਮੁੱਲਾਂਪੁਰ ਨੇ ਅੱਜ ਫਿਰ ਆਪਣੀ ਟੀਮ ਸਮੇਤ ਪਿੰਡ ਜਰਗ ਦਾ ਦੌਰਾ ਕਰਕੇ ਦੂਸ਼ਿਤ ਹੋ ਚੁੱਕੇ ਘਰਾਂ ਦੇ ਪਾਣੀ ਵਾਲੇ ਪਰਿਵਾਰਾਂ ਨੂੰ ਵੀ ਸੂਚਿਤ ਕਰਕੇ ਨਿਸ਼ਾਨ ਵੀ ਲਗਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸ਼ਿੰਗਾਰਾ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਕਿਹਾ ਕੁਲਦੀਪ ਸਿੰਘ ਪੁੱਤਰ ਭਰਪੂਰ ਸਿੰਘ ਸਾਬਕਾ ਸਰਪੰਚ ਟੀਡੀਐਸ 760, ਲਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ 790 ਟੀਡੀਐਸ, ਹਰਬੰਸ ਸਿੰਘ ਪੁੱਤਰ ਜਗੀਰ ਸਿੰਘ ਟੀਡੀਐਸ 840, ਦੇਵ ਰਾਜ ਸਿੰਘ ਪੁੱਤਰ ਲਛਮਣ ਦਾਸ ਟੀਡੀਐਸ 630 ਤੇ ਹਰਜੀਵਨ ਸਿੰਘ ਪੁੱਤਰ ਚਰਨਜੀਤ ਸਿੰਘ ਟੀਡੀਐਸ 930 ਪਾਇਆ ਗਿਆ। ਜਿਸ ਤੋਂ ਸਪੱਸ਼ਟ ਹੋ ਗਿਆ ਹੈ ਇਨ੍ਹਾ ਘਰਾਂ ਵਿੱਚ ਲੱਗੇ ਸਮਰਸੀਬਲਾਂ ਦਾ ਪਾਣੀ ਬਿਲਕੁਲ ਵੀ ਪੀਣ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪਾਣੀ ਨਾਲ ਕਾਲਾ ਪੀਲੀਆ, ਖਾਜ, ਖੁਜਲੀ, ਪੇਟ ਦੇ ਰੋਗ, ਉਲਟੀਆਂ, ਦਸਤ, ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰੀ ਟੂਟੀਆਂ ਦਾ ਪਾਣੀ ਜਾਂ ਉਬਾਲ ਕੇ ਪਾਣੀ ਪੀਣ।ਇਸ ਮੌਕੇ ਜਸਪ੍ਰੀਤ ਸਿੰਘ ਮੰਡੇਰ (ਜੱਸੀ) ਨੇ ਕਿਹਾ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਭਲਾਈ ਲਈ ਇਹ ਠੋਸ ਕਦਮ ਚੁੱਕਿਆ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਇਹ ਪਾਣੀ ਤਾਂ ਪਸ਼ੂਆਂ ਦੇ ਪੀਣਯੋਗ ਵੀ ਨਹੀਂ ਹੈ। ਜੇਕਰ ਜਿਊਂਦਾ ਰਹਿਣ ਲਈ ਪੀਣ ਵਾਲਾ ਪਾਣੀ ਹੀ ਸ਼ੁੱਧ ਨਾ ਰਿਹਾ ਤਾਂ ਆਉਣ ਵਾਲੇ ਸਮੇਂ ਦੌਰਾਨ ਪਿੰਡ ਜਰਗ ਵਿੱਚ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਿੰਡ ਜਰਗ ਦੇ ਦੂਸ਼ਿਤ ਹੋ ਚੁੱਕੇ ਪਾਣੀ ਦਾ ਢੁਕਵਾਂ ਹੱਲ ਕੀਤਾ ਜਾਵੇ।