ਹੁਸ਼ਿਆਰ ਸਿੰਘ ਰਾਣੂਮਾਲੇਰਕੋਟਲਾ, 6 ਜੂਨ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਸਵੇਰੇ ਮਾਲੇਰਕੋਟਲਾ ਸ਼ਹਿਰ ਦਾ ਦੌਰਾ ਕੀਤਾ ਅਤੇ ਮੁਹੱਲਾ ਜਮਾਲਪੁਰਾ, ਮਦਰਸਾ ਅਰਬੀਆ ਹਿਫ਼ਜ਼ੁਲ ਕੁਰਾਨ, ਨਾਮਧਾਰੀ ਸ਼ਹੀਦੀ ਸਮਾਰਕ ਦਾ ਦੌਰਾ ਕੀਤਾ।ਉਨ੍ਹਾਂ ਜਮਾਲਪੁਰਾ ਮੁਹੱਲੇ ਦੇ ਘਰ-ਘਰ ਜਾ ਕੇ ਚੰਗੀ ਤਰ੍ਹਾਂ ਜਾਂਚ ਕੀਤੀ। ਉਨ੍ਹਾਂ ਮਦਰਸਾ ਅਰਬੀਆ ਹਿਫ਼ਜ਼ੁਲ ਕੁਰਾਨ ਜਮਾਲਪੁਰਾ ਵਿੱਚ ਸਿਖਿਆਰਥੀ ਨਾਲ ਡੇਂਗੂ, ਚਿਕਨਗੁਨੀਆ,ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਕੋਵਿਡ ਆਦਿ ਤੋਂ ਬਚਾਓ ਦੇ ਉਪਾਅ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਅਤੇ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।ਸਿਹਤ ਮੰਤਰੀ ਨੇ ਸਿਵਲ ਸਰਜਨ ਡਾ. ਸੰਜੇ ਗੋਇਲ ਅਤੇ ਸਿਹਤ ਟੀਮਾਂ ਨਾਲ ਮਿਲ ਕੇ ਡੈਜਜ਼ਰਟ ਕੂਲਰਾਂ, ਫੁੱਲਾਂ ਦੇ ਗਮਲਿਆਂ, ਪਾਣੀ ਦੇ ਕੰਟੇਨਰਾਂ, ਫਰਿੱਜ਼ ਦੀਆਂ ਟਰੇਆਂ, ਟੈਂਕੀ ਦੇ ਪਾਣੀ ਅਤੇ ਪਾਣੀ ਸਟੋਰ ਕਰਨ ਵਾਲੇ ਭਾਂਡਿਆਂ ਵਿੱਚ ਡੇਂਗੂ ਦਾ ਲਾਰਵਾ ਪਾਇਆ। ਮੌਜੂਦਾ ਕੋਵਿਡ ਸਥਿਤੀ ਸਬੰਧੀ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਵੀ ਕੋਵਿਡ ਕੇਸ ਸਾਹਮਣੇ ਆ ਰਹੇ ਹਨ ਪਰ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਥਿਤੀ ਬਿਲਕੁਲ ਆਮ ਹੈ ਅਤੇ ਪੰਜਾਬ ਆਕਸੀਜਨ, ਦਵਾਈਆਂ, ਬੈੱਡਾਂ ਅਤੇ ਸਾਰੇ ਜ਼ਰੂਰੀ ਸਰੋਤਾਂ ਸਮੇਤ ਲੋੜੀਂਦੇ ਬੁਨਿਆਦੀ ਢਾਂਚੇ ਨਾਲ ਪੂਰੀ ਤਰ੍ਹਾਂ ਲੈਸ ਹੈ।