ਜਬਰ ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ ਕਾਇਮ
ਪੱਤਰ ਪ੍ਰੇਰਕ
ਸ਼ਾਹਕੋਟ, 7 ਮਾਰਚ
ਇੱਥੇ ਮਜ਼ਦੂਰ ਤੇ ਦਲਿਤ ਜਥੇਬੰਦੀਆਂ ਅਤੇ ਦਲਿਤ ਸਰਪੰਚਾਂ ਤੇ ਪੰਚਾਂ ਨੇ ਮੀਟਿੰਗ ਕਰ ਕੇ 17 ਮੈਂਬਰੀ ਜਬਰ ਵਿਰੋਧੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਨੇ ਇਲਾਕੇ ਵਿੱਚ ਸੱਤਾਧਾਰੀ ਧਿਰ ਦੇ ਇਸ਼ਾਰਿਆਂ ’ਤੇ ਪੁਲੀਸ ਵੱਲੋਂ ਦਲਿਤਾਂ ਉੱਪਰ ਕੀਤੇ ਜਾ ਰਹੇ ਜਬਰ ਖ਼ਿਲਾਫ਼ 13 ਮਾਰਚ ਨੂੰ ਡੀਐੱਸਪੀ ਦਫਤਰ ਸ਼ਾਹਕੋਟ ਅੱਗੇ ਧਰਨਾ ਲਗਾਉਣ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਆਗੂਆਂ ਦੇ ਵਿਚਾਰਾਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਸੱਤਾਧਾਰੀ ਧਿਰ ਦੀ ਚਾਕਰੀ ਲਈ ਮਜਬੂਰ ਪੁਲੀਸ ਦੇ ਕੁਝ ਅਧਿਕਾਰੀ ਤੇ ਕਰਮਚਾਰੀਆਂ ਦਾ ਗੱਠਜੋੜ ਪਹਿਲਾਂ ਹੀ ਹਾਸ਼ੀਏ ’ਤੇ ਧੱਕੇ ਹੋਏ ਮਜ਼ਦੂਰ ਤੇ ਦਲਿਤ ਵਰਗ ਦੇ ਸਵੈਮਾਣ ਨੂੰ ਠੇਸ ਪਹੁੰਚਾਉਂਦਾ ਨਜ਼ਰ ਆਉਂਦਾ ਰਹਿੰਦਾ ਹੈ। ਲੋਕਾਂ ਵੱਲੋਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੂੰ ਵੀ ਉਹ ਸਤਿਕਾਰ ਨਹੀਂ ਮਿਲਦਾ ਜਿਸ ਦੇ ਉਹ ਅਸਲ ਹੱਕਦਾਰ ਹੁੰਦੇ ਹਨ। ਇਸ ਸਥਿਤੀ ਨੂੰ ਬੱਝਵੇ ਸੰਘਰਸ਼ਾਂ ਨਾਲ ਹੀ ਬਦਲਿਆ ਜਾ ਸਕਦਾ ਹੈ।
ਪਿਛਲੇ ਦਿਨਾਂ ’ਚ ਇਲਾਕੇ ਦੇ ਪਿੰਡਾਂ ਵਿਚ ਦਲਿਤ ਤੇ ਮਜ਼ਦੂਰ ਵਰਗ ਨਾਲ ਹੋਈਆਂ ਧੱਕੇਸ਼ਾਹੀਆਂ ਬਾਰੇ ਵੀ ਚਰਚਾ ਹੋਈ। ਮੀਟਿੰਗ ਵਿਚ 17 ਮੈਂਬਰੀ ਜਬਰ ਵਿਰੋਧੀ ਤਾਲਮੇਲ ਸੰਘਰਸ਼ ਕਮੇਟੀ ਦਾ ਗਠਨ ਕਰ ਕੇ ਨਿਰਮਲ ਸਿੰਘ ਮਲਸੀਆਂ ਨੂੰ ਕਨਵੀਨਰ ਚੁਣਿਆ। ਮੀਟਿੰਗ ਵਿੱਚ 13 ਮਾਰਚ ਦੇ ਧਰਨੇ ਨੂੰ ਕਾਮਯਾਬ ਨੂੰ ਬਣਾਉਣ ਲਈ ਵੱਖ-ਵੱਖ ਜਥੇਬੰਦੀਆਂ ਨੂੰ ਵਰਕਰਾਂ ਦੇ ਕੋਟੇ ਵੀ ਲਗਾਏ ਗਏ।