For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਮਾਮਲਾ: ਕੰਧੋਲਾ ਪਿੰਡ ਦਾ ਮੁਲਜ਼ਮ ਸਰਪੰਚ ਗ੍ਰਿਫ਼ਤਾਰ

05:03 AM Mar 13, 2025 IST
ਜਬਰ ਜਨਾਹ ਮਾਮਲਾ  ਕੰਧੋਲਾ ਪਿੰਡ ਦਾ ਮੁਲਜ਼ਮ ਸਰਪੰਚ ਗ੍ਰਿਫ਼ਤਾਰ
ਪੁਲੀਸ ਹਿਰਾਸਤ ’ਚ ਮੁਲਜ਼ਮ ਹਰਵਿੰਦਰ ਸਿੰਘ।
Advertisement

ਜਗਮੋਹਨ ਸਿੰਘ/ਸੰਜੀਵ ਬੱਬੀ
ਰੂਪਨਗਰ/ਚਮਕੌਰ ਸਾਹਿਬ, 12 ਮਾਰਚ
ਰੂਪਨਗਰ ਪੁਲੀਸ ਵੱਲੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮੁਲਜ਼ਮ ਹਰਵਿੰਦਰ ਸਿੰਘ ਸਰਪੰਚ ਵਾਸੀ ਪਿੰਡ ਕੰਧੋਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਨੀਅਰ ਕਪਤਾਨ ਪੁਲੀਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ’ਤੇ ਮੁਲਜ਼ਮ ਹਰਵਿੰਦਰ ਸਿੰਘ ਸਰਪੰਚ ਅਤੇ ਮਨਦੀਪ ਸਿੰਘ ਵਾਸੀ ਪਿੰਡ ਕੰਧੋਲਾ ਖ਼ਿਲਾਫ਼ ਥਾਣਾ ਸ੍ਰੀ ਚਮਕੌਰ ਸਾਹਿਬ ਵਿੱਚ ਕੇਸ ਦਰਜ ਹੋਇਆ ਸੀ। ਮੁਲਜ਼ਮ ਮਨਦੀਪ ਸਿੰਘ ਨੂੰ 16 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਰੂਪੋਸ਼ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪਨਾਹ ਦੇਣ ਵਾਲੇ ਨਛੱਤਰ ਸਿੰਘ ਵਾਸੀ ਮਹਿੰਦਰਾ ਕਲੋਨੀ ਖ਼ਿਲਾਫ਼ ਕੇਸ ਕਰਕੇ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਨਛੱਤਰ ਸਿੰਘ ਮੁਲਜ਼ਮ ਹਰਵਿੰਦਰ ਸਿੰਘ ਦੇ ਹੋਟਲ ਦਾ ਮੈਨੇਜਰ ਰਿਹਾ ਹੈ ਅਤੇ ਉਸ ਮਹਰਵਿੰਦਰ ਸਿੰਘ ਨੂੰ ਆਪਣੇ ਨਾਮ ’ਤੇ ਇੱਕ ਮੋਬਾਈਲ ਫੋਨ ਅਤੇ ਇੱਕ ਸਿਮ ਲੈ ਕੇ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਉਪਰੰਤ ਅਮਨਦੀਪ ਸਿੰਘ ਉਰਫ ਅਮਨਾ ਸਰਪੰਚ ਪਿੰਡ ਰਣਕੇ ਥਾਣਾ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਮਨਦੀਪ ਸਿੰਘ ਦੀ ਪੁਛਗਿੱਛ ਤੋਂ ਪਤਾ ਲੱਗਿਆ ਕਿ ਕੁਲਵੰਤ ਸਿੰਘ ਵਾਸੀ ਪਿੰਡ ਸੋਹੀਆ ਥਾਣਾ ਜਗਰਾਓ ਹਾਲ ਵਾਸੀ ਕੈਨੇਡਾ ਜੋ ਹਰਵਿੰਦਰ ਸਿੰਘ ਦੀ ਭੂਆ ਦਾ ਲੜਕਾ ਹੈ, ਨੇ ਮੁਲਜ਼ਮ ਹਰਵਿੰਦਰ ਸਿੰਘ ਨੂੰ ਅਪਣੇ ਚਾਚੇ ਸਹੁਰੇ ਦੇ ਘਰ ਲੁਕੋ ਕੇ ਰੱਖਿਆ ਹੈ। ਪੁਲੀਸ ਨੇ ਉਸ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਵਿੰਦਰ ਸਿੰਘ ਵੀ ਬਾਹਰ ਭੱਜਣ ਦੀ ਫਿਰਾਕ ਵਿੱਚ ਸੀ, ਜਿਸ ਦੀ ਐੱਲਓਸੀ ਜਾਰੀ ਕਰਵਾਈ ਗਈ ਸੀ ਅਤੇ ਮੁਲਜ਼ਮ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਹਰਵਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ੍ਹ ਬੰਦ ਕਰਵਾਇਆ ਗਿਆ।
ਤਫਤੀਸ਼ ਦੌਰਾਨ ਜਿਮੀਦਾਰਾਂ ਢਾਬਾ ਕਮ ਮੈਰਿਜ ਪੈਲੇਸ ਦੇ ਮਾਲਕ ਦਵਿੰਦਰ ਸਿੰਘ ਨੂੰ ਮੁਕੱਦਮਾ ਵਿਚ ਨਾਮਜ਼ਦ ਕੀਤਾ ਗਿਆ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਲਈ ਐੱਸਪੀ ਰੁਪਿੰਦਰ ਕੌਰ ਸਰਾਂ, ਉਪ ਕਪਤਾਨ ਪੁਲੀਸ ਸਬ ਡਵੀਜਨ ਸ੍ਰੀ ਚਮਕੌਰ ਸਾਹਿਬ ਮਨਜੀਤ ਸਿੰਘ, ਮੁੱਖ ਅਫਸਰ ਥਾਣਾ ਸ੍ਰੀ ਚਮਕੌਰ ਸਾਹਿਬ, ਇੰਸ. ਗੁਰਪ੍ਰੀਤ ਸਿੰਘ ਤੇ ਇੰਚਾਰਜ ਸੀਆਈਏ ਰੂਪਨਗਰ ਇੰਸ. ਮਨਫੂਲ ਸਿੰਘ ਦੀ ਅਗਵਾਈ ਵਿੱਚ ਟੀਮਾਂ ਗਠਿਤ ਕੀਤੀਆ ਗਈਆਂ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement

Advertisement
Advertisement
Advertisement
Author Image

Charanjeet Channi

View all posts

Advertisement