ਜਬਰੀ ਵਸੂਲੀ: ਤੀਜੀ ਕਮਾਂਡੋ ਬਟਾਲੀਅਨ ਦਾ ਕਰਮਚਾਰੀ ਤੇ ਸਾਥੀ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 12 ਮਾਰਚ
ਮੁਹਾਲੀ ਪੁਲੀਸ ਵੱਲੋਂ ਜਬਰੀ ਵਸੂਲੀ ਦੇ ਮਾਮਲੇ ਵਿੱਚ ਤੀਜੀ ਕਮਾਂਡੋ ਬਟਾਲੀਅਨ ਵਿੱਚ ਤਾਇਨਾਤ ਬਬਨਜੀਤ ਸਿੰਘ ਉਰਫ਼ ਬੱਬਲੂ ਵਾਸੀ ਨਾਨਕ ਨਗਰੀ (ਮੋਗਾ) ਅਤੇ ਉਸਦੇ ਸਾਥੀ ਮਨਪ੍ਰੀਤ ਸੰਧੂ ਉਰਫ਼ ਮੰਨੂ ਵਾਸੀ ਅਨੰਦ ਨਗਰੀ, ਅਬੋਹਰ (ਜ਼ਿਲ੍ਹਾ ਫਾਜ਼ਿਲਕਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ’ਤੇ ਸੈਕਟਰ-77 (ਸੋਹਾਣਾ) ਵਿੱਚ ਹੱਡੀਆਂ ਦੇ ਇਲਾਜ ਕਰਨ ਵਾਲੇ ਰਮਨ ਕੁਮਾਰ ਨੂੰ ਨਸ਼ਿਆਂ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਜਬਰੀ ਉਸ ਦੇ ਗੱਲੇ ਤੋਂ ਨਕਦੀ ਵਸੂਲਣ ਦਾ ਦੋਸ਼ ਹੈ। ਮੁਲਜ਼ਮਾਂ ਖ਼ਿਲਾਫ਼ ਪੀੜਤ ਦੁਕਾਨਦਾਰ ਰਮਨ ਕੁਮਾਰ ਦੀ ਸ਼ਿਕਾਇਤ ’ਤੇ ਸੋਹਾਣਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨਾਮਜ਼ਦ ਮੁਲਜ਼ਮਾਂ ਦਾ ਇੱਕ ਸਾਥੀ ਜਿੰਦ ਸੰਧੂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੀੜਤ ਰਮਨ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੀਤੀ 8 ਮਾਰਚ ਨੂੰ ਪੰਜਾਬ ਪੁਲੀਸ ਦਾ ਵਰਦੀਧਾਰੀ ਬਬਨਜੀਤ ਸਿੰਘ ਉਸ ਦੇ ਕਲੀਨਿਕ ’ਤੇ ਆਇਆ ਅਤੇ ਖ਼ੁਦ ਨੂੰ ਸੀਆਈਏ ਸਟਾਫ਼ ਦਾ ਕਰਮਚਾਰੀ ਦੱਸਿਆ। ਬਬਨਜੀਤ ਨੇ ਨਸ਼ੀਲੇ ਪਦਾਰਥ ਵੇਚਣ ਦਾ ਦੋਸ਼ ਲਾਉਂਦਿਆਂ ਉਸ ਤੋਂ ਦੋ ਲੱਖ ਰੁਪਏ ਮੰਗੇ ਸੀ।
ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਬਬਨਜੀਤ ਸਿੰਘ ਤੀਜੀ ਕਮਾਡੋ ਬਟਾਲੀਅਨ ਵਿੱਚ ਭਰਤੀ ਹੈ, ਜੋ ਹੁਣ ਇੱਕ ਸੇਵਾਮੁਕਤ ਆਈਏਐਸ ਨਾਲ ਗੰਨਮੈਨ ਤਾਇਨਾਤ ਹੈ।
ਸੋਹਾਣਾ ਥਾਣੇ ਦੇ ਐੱਸਐੱਚਓ ਸਿਮਰਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।