ਜਨਤਕ ਜਥੇਬੰਦੀਆਂ ਵੱਲੋਂ ਡੀਐੱਸਪੀ ਦਫ਼ਤਰ ਦਾ ਘਿਰਾਓ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 29 ਜਨਵਰੀ
ਜਨਤਕ ਜਥੇਬੰਦੀਆਂ ਵੱਲੋਂ ਇਲਾਕੇ ਵਿੱਚ ਵਧ ਰਹੇ ਨਸ਼ਿਆਂ ਦੇ ਕਹਿਰ ਤੇ ਆਮ ਲੋਕਾਂ ਦੀਆਂ ਪੁਲੀਸ ਪ੍ਰਸ਼ਾਸਨ ਕੋਲ ਆਈਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਡੀਐੱਸਪੀ ਗੋਇੰਦਵਾਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੀ ਪ੍ਰਧਾਨਗੀ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਸੁਖਜਿੰਦਰ ਸਿੰਘ ਰਾਜੂ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਰੇਸ਼ਮ ਸਿੰਘ ਫੈਲੋਕੇ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਕੈਪਟਨ ਸਿੰਘ ਕਾਹਲਵਾਂ ਅਤੇ ਔਰਤ ਮੁਕਤੀ ਮੋਰਚੇ ਦੀ ਆਗੂ ਕੁਲਵਿੰਦਰ ਕੌਰ ਨੇ ਕੀਤੀ।
ਇਸ ਮੌਕੇ ਸੁਲੱਖਣ ਸਿੰਘ ਤੁੜ, ਮੁਖਤਿਆਰ ਸਿੰਘ ਮੱਲਾ, ਜਸਬੀਰ ਸਿੰਘ ਵੈਰੋਵਾਲ਼, ਮਨਜੀਤ ਸਿੰਘ ਬੱਗੂ ਆਦਿ ਨੇ ਕਿਹਾ ਕਿ ਇਸ ਧਰਨੇ ਦੀ ਪੁਲੀਸ ਪ੍ਰਸ਼ਾਸਨ ਨੂੰ ਅਗਾਊਂ ਸੂਚਨਾ ਹੋਣ ਦੇ ਬਾਵਜੂਦ ਡੀਐੱਸਪੀ ਗੋਇੰਦਵਾਲ ਆਪਣੇ ਦਫ਼ਤਰ ਤੋਂ ਗਾਇਬ ਰਹੇ। ਆਗੂਆਂ ਨੇ ਦੋਸ਼ ਲਾਇਆ ਕਿ ਪੁਲੀਸ ਪ੍ਰਸ਼ਾਸਨ ਹਲਕਾ ਵਿਧਾਇਕ ਦੇ ਕਥਿਤ ਦਬਾਅ ਕਾਰਨ ਲੋਕਾਂ ਦੇ ਮਸਲਿਆਂ ਨੂੰ ਲਟਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਲੋਕ ਲੁੱਟ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ।
ਉਨ੍ਹਾਂ ਆਖਿਆ ਕਿ ਪੁਲੀਸ ਸਿਆਸੀ ਆਗੂਆਂ ਨੂੰ ਖ਼ੁਸ਼ ਕਰਨ ’ਚ ਰੁੱਝਿਆ ਹੋਇਆ ਹੈ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਵਿਧਾਇਕ ਅਤੇ ਡੀਐੱਸਪੀ ਗੋਇੰਦਵਾਲ ਸਾਹਿਬ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸਰਬਜੀਤ ਸਿੰਘ ਭਰੋਵਾਲ, ਸੁਖਵੰਤ ਸਿੰਘ ਛਾਪੜੀ ਸਾਹਿਬ, ਬਲਵਿੰਦਰ ਸਿੰਘ ਦਿੱਲੀ, ਲਖਬੀਰ ਸਿੰਘ ਲੁਹਾਰ, ਕੰਵਲਜੀਤ ਸਿੰਘ ਡੇਹਰਾ ਸਾਹਿਬ, ਜਗੀਰ ਸਿੰਘ ਗੰਡੀਵਿੰਡ, ਸਰਵਨ ਸਿੰਘ ਜਾਮਾਰਾਏ, ਤਰਸੇਮ ਸਿੰਘ ਢੋਟੀਆਂ ਬਲਵਿੰਦਰ ਸਿੰਘ ਗੋਇੰਦਵਾਲ ਆਦਿ ਹਾਜ਼ਰ ਸਨ।
ਦੇਰ ਰਾਤ ਤੱਕ ਚੱਲੇ ਇਸ ਧਰਨੇ ਦੌਰਾਨ ਕੋਈ ਵੀ ਅਧਿਕਾਰੀ ਧਰਨਾਕਾਰੀਆਂ ਦੀ ਸਾਰ ਲੈਣ ਨਾ ਪੁੱਜਾ। ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।