For the best experience, open
https://m.punjabitribuneonline.com
on your mobile browser.
Advertisement

ਜਦੋਂ ਫ਼ੌਜੀ ਵੀਰ ਰੱਬ ਬਣ ਕੇ ਬਹੁੜੇ...

04:27 AM Jan 19, 2025 IST
ਜਦੋਂ ਫ਼ੌਜੀ ਵੀਰ ਰੱਬ ਬਣ ਕੇ ਬਹੁੜੇ
Advertisement

ਕੇ.ਐੱਸ. ਅਮਰ

Advertisement

ਹਿਮਾਚਲ ਪ੍ਰਦੇਸ਼ ਦੀਆਂ ਸੈਰਗਾਹਾਂ ਸੈਲਾਨੀਆਂ ਨੂੰ ਹਮੇਸ਼ਾਂ ਹੀ ਆਪਣੇ ਵੱਲ ਆਕਰਸ਼ਿਤ ਕਰਦੀਆਂ ਰਹਿੰਦੀਆਂ ਹਨ। ਮੌਸਮ ਗਰਮੀਆਂ ਦਾ ਹੋਵੇ ਜਾਂ ਸਰਦੀਆਂ ਦਾ, ਦੋਵੇਂ ਰੁੱਤਾਂ ਦਾ ਆਨੰਦ ਮਾਨਣ ਲਈ ਦੇਸ਼ ਵਿਦੇਸ਼ ਦੇ ਸੈਲਾਨੀ ਉੱਥੇ ਪਹੁੰਚਦੇ ਹਨ। ਹਿਮਾਲਿਆ ਪਰਬਤ ਦੀਆਂ ਕੁਦਰਤੀ ਚੋਟੀਆਂ ਦੀ ਖ਼ੂਬਸੂਰਤੀ ਸੈਲਾਨੀਆਂ ਨੂੰ ਮੰਤਰ-ਮੁਗਧ ਕਰ ਦਿੰਦੀ ਹੈ। ਉੱਚੀਆਂ ਬਰਫ਼ੀਲੀਆਂ ਪਹਾੜੀਆਂ ਦੇ ਦ੍ਰਿਸ਼, ਪਹਾੜਾਂ ਦੀਆਂ ਚੋਟੀਆਂ ’ਚੋਂ ਡਿੱਗਦੇ ਝਰਨੇ, ਕੁਦਰਤੀ ਹਰਿਆਲੀ ਅਤੇ ਸੇਬਾਂ ਦੇ ਬਾਗ਼ ਮਨੁੱਖ ਨੂੰ ਰੂਹਾਨੀਅਤ ਦਾ ਨਜ਼ਾਰਾ ਦਿੰਦੇ ਹਨ। ਦੁਨੀਆ ਭਰ ਦੇ ਸੈਲਾਨੀ ਟਰੈਕਿੰਗ, ਬਾਈਕਿੰਗ ਤੇ ਪੈਰਾਗਲਾਈਡਿੰਗ ਦਾ ਰੋਮਾਂਚਕ ਮਾਣਨ ਲਈ ਕੁੱਲੂ ਮਨਾਲੀ ਤੇ ਰੋਹਤਾਂਗ ਪਾਸ ਦੇਖੇ ਜਾ ਸਕਦੇ ਹਨ।
ਪਿਛਲੇ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਅਸੀਂ ਵੀ ਪਰਿਵਾਰ ਸਮੇਤ ਕੁੱਲੂ, ਮਨਾਲੀ ਤੇ ਰੋਹਤਾਂਗ ਪਾਸ ਜਾਣ ਦਾ ਮਨ ਬਣਾਇਆ ਸੀ। ਤਕਰੀਬਨ ਪੰਜ ਦਿਨ ਦਾ ਟੂਰ ਉਲੀਕਿਆ ਗਿਆ ਸੀ। ਇਸ ਵਾਰ ਵੀ ਮੇਰੇ ਨਾਲ ਮੇਰੇ ਦੋਸਤ ਰਜਿੰਦਰ ਰਾਣਾ ਦਾ ਪਰਿਵਾਰ ਜਾ ਰਿਹਾ ਸੀ। ਕੁੱਲੂ ਦੇ ਇੱਕ ਹੋਟਲ ਦੀ ਬੁਕਿੰਗ ਅਸੀਂ ਜੂਨ ਦੇ ਪਹਿਲੇ ਹਫ਼ਤੇ ਹੀ ਕਰਵਾ ਲਈ ਸੀ ਤਾਂ ਜੋ ਰਾਤ ਗੁਜ਼ਾਰਨ ਲਈ ਸਾਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਟੈਕਸੀ ਰਾਹੀਂ ਤਲਵਾੜਾ ਟਾਊਨਸ਼ਿਪ ਤੋਂ ਇਸ ਖ਼ੂਬਸੂਰਤ ਸਫ਼ਰ ਦਾ ਆਗਾਜ਼ ਕੀਤਾ ਤੇ ਸਫ਼ਰ ਦਾ ਅਨੰਦ ਮਾਣਦੇ ਹੋਏ ਸ਼ਾਮ ਨੂੰ ਆਪਣੇ ਹੋਟਲ ਵਿੱਚ ਪਹੁੰਚ ਗਏ। ਨਵੀਆਂ ਰਾਹਾਂ ਨੂੰ ਤੱਕਣ ਦੀ ਚਾਹਤ ਮੈਨੂੰ ਆਨੰਦਿਤ ਕਰ ਰਹੀ ਸੀ। ਹੋਟਲ ਦੇ ਆਲੇ-ਦੁਆਲੇ ਦਾ ਵਾਤਾਵਰਨ ਬਹੁਤ ਖ਼ੂਬਸੂਰਤ ਸੀ। ਮੁੱਖ ਮਾਰਗ ਉੱਪਰ ਬਣੇ ਹੋਟਲ ਦੁਆਲੇ ਆਲੂ ਬੁਖਾਰੇ ਦੇ ਰੁੱਖਾਂ ਨੇ ਖ਼ੂਬਸੂਰਤੀ ਨੂੰ ਚਾਰ ਚੰਨ ਲਾਏ ਹੋਏ ਸਨ। ਅਗਲੀ ਸਵੇਰ ਹੋਟਲ ਦੀ ਬਾਲਕੋਨੀ ਵਿੱਚੋਂ ਹਿਮਾਲਿਆ ਪਰਬਤ ਦੀਆਂ ਬਰਫ਼ਾਨੀ ਚੋਟੀਆਂ ਦਾ ਨਜ਼ਾਰਾ ਦੇਖਿਆ ਜਾ ਸਕਦਾ ਸੀ। ਮੇਰੇ ਦੋਸਤ ਨੇ ਹੋਟਲ ਦੇ ਬਗੀਚੇ ਵਿੱਚ ਸੈਰ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਆਲੂ ਬੁਖਾਰੇ ਦੇ ਬੂਟਿਆਂ ਦਾ ਬਗੀਚਾ ਅਸੀਂ ਪਹਿਲੀ ਵਾਰ ਦੇਖਿਆ ਸੀ। ਇਸ ਸਬੰਧੀ ਅਸੀਂ ਜਾਣਕਾਰੀ ਵੀ ਲਈ। ਨਾਸ਼ਤਾ ਕਰਨ ਉਪਰੰਤ ਅਸੀਂ ਅਗਲੇ ਸਫ਼ਰ ਲਈ ਤਿਆਰ ਹੋ ਗਏ।
ਅਗਲੇ ਦੋ ਦਿਨ ਦਾ ਪ੍ਰੋਗਰਾਮ ਮਨਾਲੀ ਅਤੇ ਆਲੇ-ਦੁਆਲੇ ਦੀਆਂ ਸੈਰਗਾਹਾਂ ਦੇਖਣ ਦਾ ਸੀ। ਧਾਰਮਿਕ ਅਕੀਦੇ ਤਹਿਤ ਅਸੀਂ ਪਹਿਲਾਂ ਮਣੀਕਰਨ ਸਾਹਿਬ ਦੀ ਯਾਤਰਾ ਕਰਨੀ ਚਾਹੀ ਜੋ ਸਾਡੇ ਹੋਟਲ ਤੋਂ ਲਗਭਗ 43 ਕਿਲੋਮੀਟਰ ਦੀ ਦੂਰੀ ’ਤੇ ਸੀ। ਪਹਾੜੀ ਸਫ਼ਰ ਹੋਣ ਕਾਰਨ ਉੱਥੇ ਪਹੁੰਚਣ ਲਈ ਸਾਨੂੰ ਲਗਭਗ ਡੇਢ ਘੰਟਾ ਲੱਗ ਗਿਆ। ਮਣੀਕਰਨ ਸਾਹਿਬ ਵਿੱਚ ਸ਼ਰਧਾਲੂਆਂ ਦੀ ਬਹੁਤ ਭੀੜ ਸੀ। ਇਹ ਤੀਰਥ ਸਥਾਨ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਮੰਨਿਆ ਜਾਂਦਾ ਹੈ ਜੋ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਇਹ ਵੀ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹ ਸਥਾਨ ਗੁਰੂਆਂ ਪੀਰਾਂ ਫ਼ਕੀਰਾਂ ਦੀ ਰੂਹਾਨੀਅਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇੱਥੇ 24 ਘੰਟੇ ਅਤੁੱਟ ਲੰਗਰ ਵਰਤਾਇਆ ਜਾਂਦਾ ਹੈ। ਗਰਮ ਪਾਣੀ ਦਾ ਚਸ਼ਮਾ ਇੱਥੋਂ ਦਾ ਮੁੱਖ ਆਕਰਸ਼ਣ ਹੈ। ਇੱਥੇ ਲੰਗਰ ਦੇ ਸਾਰੇ ਚਾਵਲ ਇਸ ਕੁਦਰਤੀ ਜਲ ਸਰੋਤ ਵਿੱਚ ਹੀ ਉਬਾਲੇ ਜਾਂਦੇ ਹਨ। ਅਸੀਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਅੱਜ ਦਾ ਸਾਰਾ ਦਿਨ ਇਸ ਧਾਰਮਿਕ ਸਥਾਨ ਲਈ ਹੀ ਰੱਖਿਆ ਗਿਆ ਸੀ। ਨਦੀ ਉੱਪਰ ਬਣੇ ਪੁਲ ਉਪਰ ਫੋਟੋਗਰਾਫੀ ਕਰਨ ਮਗਰੋਂ ਅਸੀਂ ਮਨਾਲੀ ਆਪਣੇ ਹੋਟਲ ਵਿੱਚ ਪਹੁੰਚ ਗਏ ਜੋ ਪਹਿਲਾਂ ਤੋਂ ਹੀ ਬੁੱਕ ਕਰਵਾਇਆ ਹੋਇਆ ਸੀ।
ਅਗਲਾ ਦਿਨ ਮਨਾਲੀ ਘੁੰਮਣ ਵਾਸਤੇ ਰੱਖਿਆ ਗਿਆ ਸੀ। ਮਾਲ ਰੋਡ ਤੇ ਹੜਿੰਬਾ ਦੇਵੀ ਮੰਦਰ ਇੱਥੇ ਮੁੱਖ ਆਕਰਸ਼ਣ ਹਨ, ਜਿਨ੍ਹਾਂ ਨੂੰ ਦੇਖਣ ਲਈ ਅਸੀਂ ਬਹੁਤ ਹੀ ਉਤਾਵਲੇ ਸੀ। ਅਸੀਂ ਪਹਿਲਾਂ ਹੜਿੰਬਾ ਦੇਵੀ ਮੰਦਰ ਦੇ ਦਰਸ਼ਨ ਕਰਨਾ ਚਾਹੁੰਦੇ ਸੀ। ਇਹ ਪ੍ਰਾਚੀਨ ਤੇ ਪ੍ਰਸਿੱਧ ਮੰਦਰ ਪੁਰਾਣੀ ਮਨਾਲੀ ਸੜਕ ਉੱਪਰ ਸਥਿਤ ਹੈ। ਇੱਥੇ ਵੀ ਸ਼ਰਧਾਲੂਆਂ ਦੀ ਬਹੁਤ ਵੱਡੀ ਭੀੜ ਸੀ। ਇਸ ਪ੍ਰਾਚੀਨ ਮੰਦਰ ਉੱਪਰ ਬਹੁਤ ਸਾਰੇ ਜੰਗਲੀ ਜਾਨਵਰਾਂ ਦੇ ਸਿੰਙ ਸੁਸ਼ੋਭਤ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਪ੍ਰਾਚੀਨ ਮੰਦਰ ਰਾਜਾ ਬਹਾਦਰ ਸਿੰਘ ਨੇ 1553 ਈਸਵੀ ਵਿੱਚ ਬਣਾਇਆ ਸੀ। ਇਹ ਮੰਦਰ ਮਹਾਭਾਰਤ ਨਾਲ ਜੁੜਿਆ ਦੱਸਿਆ ਜਾਂਦਾ ਹੈ। ਮਿਥਿਹਾਸਕ ਹਵਾਲਿਆਂ ਅਨੁਸਾਰ ਇਹ ਮੰਦਰ ਪੰਜ ਪਾਂਡਵਾਂ ਵਿੱਚੋਂ ਇੱਕ, ਭੀਮ ਦੀ ਪਤਨੀ ਹੜਿੰਬਾ ਦੇਵੀ ਨੂੰ ਸਮਰਪਿਤ ਹੈ। ਹੜਿੰਬਾ ਦੇਵੀ ਕੁੱਲੂ ਰਾਜਵੰਸ਼ ਨਾਲ ਸਬੰਧ ਰੱਖਦੀ ਸੀ।
ਇਹ ਮੰਦਰ ਸੁੰਦਰ ਕਲਾ ਦਾ ਨਮੂਨਾ ਹੈ। ਮੰਦਰ ਦੇ ਅੰਦਰ ਇੱਕ ਕੁਦਰਤੀ ਚਟਾਨ ਹੈ, ਜਿਸ ਦੇ ਥੱਲੇ ਹੜਿੰਬਾ ਦੇਵੀ ਦਾ ਸਥਾਨ ਹੈ। ਸਥਾਨਕ ਭਾਸ਼ਾ ਵਿੱਚ ਇਸ ਚਟਾਨ ਨੂੰ ਢੋਗਕਾ ਕਿਹਾ ਜਾਂਦਾ ਹੈ। ਇਸ ਲਈ ਇੱਥੇ ਹੜਿੰਬਾ ਦੇਵੀ ਨੂੰ ਢੋਗਰੀ ਦੇਵੀ ਅਤੇ ਗ੍ਰਾਮ ਦੇਵੀ ਦੇ ਨਾਂ ਨਾਲ ਵੀ ਪੂਜਿਆ ਜਾਂਦਾ ਹੈ। ਚਾਰ ਛੱਤਾਂ ਵਾਲਾ ਇਹ ਮੰਦਰ ਪੈਗੋਡਾ ਸ਼ੈਲੀ ਵਿੱਚ ਬਣਾਇਆ ਗਿਆ ਹੈ। ਦਿਓਦਾਰ ਤੇ ਚੀਲ ਦੇ ਰੁੱਖਾਂ ਵਿੱਚ ਘਿਰਿਆ ਇਹ ਮੰਦਰ ਸੈਲਾਨੀਆਂ ਲਈ ਰਮਣੀਕ ਨਜ਼ਾਰਾ ਪੇਸ਼ ਕਰਦਾ ਹੈ। ਅੱਜ ਤੱਕ ਲੱਖਾਂ ਸ਼ਰਧਾਲੂ ਇਸ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਇਸ ਮੰਦਰ ਦੀ ਪਰਿਕਰਮਾ ਵਿੱਚ ਹੀ ਅਸੀਂ ਯਾਕ ਦੀ ਸਵਾਰੀ ਵੀ ਕੀਤੀ ਸੀ, ਜਿਸ ਨੂੰ ਇੱਥੇ ਪਵਿੱਤਰ ਮੰਨਿਆ ਜਾਂਦਾ ਹੈ। ਮੰਦਰ ਦੇ ਦਰਸ਼ਨਾਂ ਤੋਂ ਬਾਅਦ ਮਾਲ ਰੋਡ ਉੱਪਰ ਕੁਝ ਖਰੀਦੋ ਫਰੋਖਤ ਕਰਨ ਉਪਰੰਤ ਅਸੀਂ ਹੋਟਲ ਵਿੱਚ ਵਾਪਸ ਆ ਗਏ।
ਅਗਲਾ ਦਿਨ ਸਾਡੇ ਸਫ਼ਰ ਦਾ ਅੰਤਿਮ ਦਿਨ ਸੀ। ਇਹ ਕੇਵਲ ਰੋਹਤਾਂਗ ਪਾਸ ਲਈ ਹੀ ਰਾਖਵਾਂ ਰੱਖਿਆ ਗਿਆ ਸੀ। ਮਨਾਲੀ ਤੋਂ ਰੋਹਤਾਂਗ ਪਾਸ ਲਗਭਗ 51 ਕਿਲੋਮੀਟਰ ਸੀ। ਇਸ ਲਈ ਅਸੀਂ ਜਲਦੀ ਨਿਕਲਣਾ ਚਾਹੁੰਦੇ ਸੀ। ਰੋਹਤਾਂਗ ਪਾਸ ਹਿਮਾਲਿਆ ਪਰਬਤ ਦੀਆਂ ਬਰਫ਼ਾਨੀ ਚੋਟੀਆਂ ਦਾ ਸਫ਼ਰ ਹੈ। ਰੋਹਤਾਂਗ ਪਾਸ ਨੂੰ ਜਾਂਦੀ ਸੜਕ ਬਹੁਤ ਘੱਟ ਚੌੜੀ ਹੈ ਤੇ ਆਲੇ-ਦੁਆਲੇ ਬਹੁਤ ਡੂੰਘੀਆਂ ਖੱਡਾਂ ਹਨ। ਡਰਾਈਵਰ ਦੀ ਛੋਟੀ ਜਿਹੀ ਗ਼ਲਤੀ ਵੀ ਖ਼ਤਰੇ ਦਾ ਕਾਰਨ ਬਣ ਸਕਦੀ ਹੈ। ਬੱਚੇ ਬੇਖ਼ੌਫ਼ ਅਤੇ ਬਹੁਤ ਖ਼ੁਸ਼ ਸਨ। ਅਸੀਂ ਤਕਰੀਬਨ ਸਵੇਰੇ 7 ਵਜੇ ਨਿਕਲ ਪਏ ਤੇ 12-13 ਕਿਲੋਮੀਟਰ ਦੇ ਸਫ਼ਰ ਮਗਰੋਂ ‘ਗੁਲਾਬਾ ਚੈੱਕ ਪੋਸਟ’ ਆਈ ਜਿੱਥੇ ਰੋਹਤਾਂਗ ਪਾਸ ਜਾਣ ਵਾਲੀਆਂ ਗੱਡੀਆਂ ਦੀ ਰਜਿਸਟਰੇਸ਼ਨ ਕੀਤੀ ਜਾਂਦੀ ਹੈ। ਸਾਡੀ ਗੱਡੀ ਦੀ ਰਜਿਸਟਰੇਸ਼ਨ ਨਹੀਂ ਹੋਈ ਸੀ ਕਿਉਂਕਿ ਸਾਡੇ ਕੋਲ ਮਨਾਲੀ ਦੇ ਐੱਸ.ਡੀ.ਐੱਮ. ਦੀ ਆਗਿਆ ਨਹੀਂ ਸੀ। ਅਸੀਂ ਪਰੇਸ਼ਾਨ ਹੋ ਗਏ ਕਿਉਂਕਿ ਸਾਡਾ ਮਨਾਲੀ ਰੋਹਤਾਂਗ ਟੂਰ ਦਾ ਆਖ਼ਰੀ ਦਿਨ ਸੀ ਤੇ ਅਸੀਂ ਰੋਹਤਾਂਗ ਪਾਸ ਦੇਖ ਕੇ ਹੀ ਮੁੜਨਾ ਚਾਹੁੰਦੇ ਸੀ। ਅਸੀਂ ਸਾਰੇ ਨਿਰਾਸ਼ ਸਾਂ। ਇਸ ਲਈ ਮਨਾਲੀ ਵਾਪਸ ਆਉਣ ਦਾ ਮਨ ਬਣਾ ਲਿਆ। ਰਸਤੇ ਵਿੱਚ ਇੱਕ ਹੋਟਲ ’ਤੇ ਰੁਕ ਕੇ ਅਸੀਂ ਚਾਹ ਦਾ ਆਨੰਦ ਮਾਨਣਾ ਚਾਹੁੰਦੇ ਸਾਂ। ਚਾਹ ਦਾ ਆਰਡਰ ਦਿੱਤਾ ਹੀ ਸੀ ਕਿ ਹੋਟਲ ’ਤੇ ਆ ਕੇ ਇੱਕ ਬੱਸ ਰੁਕ ਗਈ ਜੋ ਕੈਲੌਂਗ ਜਾ ਰਹੀ ਸੀ। ਅਸੀਂ ਆਪਣੇ ਟੈਕਸੀ ਡਰਾਈਵਰ ਨੂੰ ਉੱਥੇ ਰੋਕ ਕੇ ਬੱਸ ਰਾਹੀਂ ਜਾਣ ਦਾ ਮਨ ਬਣਾ ਲਿਆ ਅਤੇ ਬੱਸ ਵਿੱਚ ਸਵਾਰ ਹੋ ਗਏ। ਸਾਰਿਆਂ ਦੇ ਚਿਹਰਿਆਂ ’ਤੇ ਰੋਹਤਾਂਗ ਪਾਸ ਦੇਖਣ ਦੀ ਖ਼ੁਸ਼ੀ ਪਰਤ ਆਈ ਸੀ। ਲਗਭਗ 12 ਵਜੇ ਦੇ ਕਰੀਬ ਅਸੀਂ ਰੋਹਤਾਂਗ ਪਾਸ ਪਹੁੰਚ ਗਏ। ਰੋਹਤਾਂਗ ਪਾਸ ਹਿਮਾਚਲ ਪ੍ਰਦੇਸ਼ ਦਾ ਪ੍ਰਮੁੱਖ ਸੈਲਾਨੀ ਕੇਂਦਰ ਹੈ ਜਿਸ ਦੀ ਸਮੁੰਦਰ ਤਲ ਤੋਂ ਉਚਾਈ 4,144 ਮੀਟਰ ਅਰਥਾਤ 13,500 ਫੁੱਟ ਹੈ। ਇਸ ਪਾਸ ਦਾ ਪੁਰਾਣਾ ਨਾਮ ਭੁੱਗ ਤੁੰਗ ਸੀ। ਇਸ ਪਾਸ ਦੀ ਖਾਸੀਅਤ ਹੈ ਕਿ ਇੱਥੇ ਬਹੁਤ ਜਲਦੀ ਮੌਸਮ ਬਦਲਦਾ ਹੈ। ਜੂਨ ਮਹੀਨੇ ਜਦੋਂ ਪੰਜਾਬ ’ਚ ਅਤਿ ਦੀ ਗਰਮੀ ਹੁੰਦੀ ਹੈ, ਉਦੋਂ ਵੀ ਇੱਥੇ ਬਰਫ਼ ਦਾ ਵਿਸ਼ਾਲ ਸਮੁੰਦਰ ਦਿਖਾਈ ਦਿੰਦਾ ਹੈ। ਸੈਲਾਨੀ ਦੁਪਹਿਰ ਵੇਲੇ ਵੀ ਠੰਢ ਨਾਲ ਕੰਬਦੇ ਦਿਖਾਈ ਦਿੰਦੇ ਹਨ। ਰੋਹਤਾਂਗ ਪਾਸ ਦੀ ਦੇਖ-ਰੇਖ ਭਾਰਤੀ ਫ਼ੌਜ ਹੀ ਕਰਦੀ ਹੈ। ਜ਼ਿਆਦਾਤਰ ਸੈਲਾਨੀ ਗਰਮੀਆਂ ਦੇ ਅਪਰੈਲ ਮਈ ਅਤੇ ਜੂਨ ਮਹੀਨਿਆਂ ਦੌਰਾਨ ਇੱਥੇ ਆਉਂਦੇ ਹਨ। ਪੰਜਾਬ ਵਿੱਚੋਂ ਲੰਘਦਾ ਸਭ ਤੋਂ ਵੱਡਾ ਦਰਿਆ ਬਿਆਸ ਇੱਥੋਂ ਹੀ ਨਿਕਲਦਾ ਹੈ। ਇਸ ਥਾਂ ਨੂੰ ਬਿਆਸ ਕੁੰਡ ਕਿਹਾ ਜਾਂਦਾ ਹੈ। 12 ਤੋਂ 3 ਵਜੇ ਤੱਕ ਲਗਭਗ ਤਿੰਨ ਘੰਟੇ ਅਸੀਂ ਰੋਹਤਾਂਗ ਪਾਸ ਉਪਰ ਬਰਫ਼ ਦਾ ਆਨੰਦ ਮਾਣਦੇ ਰਹੇ। ਨਵੀਆਂ ਰਾਹਾਂ ਅਤੇ ਨਵੀਆਂ ਸੈਰਗਾਹਾਂ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਬਣ ਜਾਂਦੀਆਂ ਹਨ। ਲਗਭਗ 3.30 ਵਜੇ ਸੜਕ ’ਤੇ ਵਾਪਸ ਆਏ ਤਾਂ ਪਤਾ ਲੱਗਿਆ ਕਿ ਹੁਣ ਵਾਪਸੀ ਲਈ ਕੋਈ ਬੱਸ ਨਹੀਂ। ਸਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਰਹੀ ਸੀ। ਠੰਢ ਲਗਾਤਾਰ ਵਧ ਰਹੀ ਸੀ। ਪਲ ਪਲ ਚਿੰਤਾ ਵਧ ਰਹੀ ਸੀ। ਰੋਹਤਾਂਗ ਪਾਸ ਉਪਰ ਰਹਿਣ ਦਾ ਕੋਈ ਪ੍ਰਬੰਧ ਨਹੀਂ। ਜਿੰਨੇ ਵੀ ਸੈਲਾਨੀ ਇੱਥੇ ਆਉਂਦੇ ਹਨ, ਉਹ ਮਨਾਲੀ ਜਾਂ ਕੈਲੌਂਗ ਚਲੇ ਜਾਂਦੇ ਹਨ। ਮਨਾਲੀ ਤੋਂ ਕੈਲੌਂਗ ਬੱਸ ਦਾ ਇੱਕ ਹੀ ਰੂਟ ਹੈ। ਜਿਸ ਬੱਸ ਵਿੱਚ ਅਸੀਂ ਆਏ ਸੀ, ਉਹ ਅਗਲੇ ਦਿਨ ਵਾਪਸ ਮੁੜਨੀ ਸੀ।
ਅਚਾਨਕ ਸੜਕ ਉੱਪਰ ਫ਼ੌਜ ਦੀ ਇੱਕ ਗੱਡੀ ਆਈ। ਅਸੀਂ ਝਟਪਟ ਫ਼ੈਸਲਾ ਕੀਤਾ ਕਿ ਇਸ ਨੂੰ ਕਿਸੇ ਢੰਗ ਨਾਲ ਰੋਕਿਆ ਜਾਵੇ। ਅਸੀਂ ਸੜਕ ਦੇ ਵਿਚਕਾਰ ਕਤਾਰ ਬਣਾ ਕੇ ਖੜ੍ਹ ਗਏ। ਫ਼ੌਜੀ ਹੇਠਾਂ ਉਤਰ ਕੇ ਸਾਡੇ ਵੱਲ ਹਥਿਆਰਾਂ ਸਮੇਤ ਅੱਗੇ ਵਧੇ। ਅਸੀਂ ਡਰ ਨਾਲ ਕੰਬ ਰਹੇ ਸੀ। ਅਸੀਂ ਉਨ੍ਹਾਂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਨੂੰ ਕਿਸੇ ਤਰ੍ਹਾਂ ਮਨਾਲੀ ਤੱਕ ਲੈ ਜਾਣ। ਉਨ੍ਹਾਂ ਨੇ ਸਾਡੀ ਗੱਲ ਅਣਸੁਣੀ ਕਰ ਦਿੱਤੀ। ਉਹ ਕਹਿ ਰਹੇ ਸਨ ਕਿ ਸਾਡੀ ਗੱਡੀ ਵਿੱਚ ਅਸਲਾ ਹੈ ਤੇ ਅਸੀਂ ਇਹ ਅਸਲਾ ਲੈ ਕੇ ਚੰਡੀਗੜ੍ਹ ਜਾ ਰਹੇ ਹਾਂ। ਇਸ ਦੇ ਨਾਲ ਹੀ ਫ਼ੌਜ ਦੀ ਇੱਕ ਹੋਰ ਗੱਡੀ ਆ ਗਈ ਜਿਸ ਵਿੱਚ ਕੋਈ ਅਫਸਰ ਸਵਾਰ ਸੀ। ਉਸ ਗੱਡੀ ਵਿੱਚ ਇੱਕ ਸਰਦਾਰ ਜੀ ਵੀ ਸਨ, ਜਿਨ੍ਹਾਂ ਨੂੰ ਅਸੀਂ ਆਪਣੀ ਸਾਰੀ ਵਿਥਿਆ ਸੁਣਾਈ।
ਆਖ਼ਰ ਉਨ੍ਹਾਂ ਨੇ ਸਾਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ। ਸਾਡੇ ਲਈ ਉਹ ਰੱਬ ਬਣ ਕੇ ਬਹੁੜੇ ਸਨ। ਸਾਨੂੰ ਉਨ੍ਹਾਂ ਨੇ ਆਪਣੀ ਗੱਡੀ ਵਿੱਚੋਂ ਉਸ ਹੋਟਲ ਵਿੱਚ ਹੀ ਉਤਾਰ ਦਿੱਤਾ ਜਿੱਥੇ ਸਾਡਾ ਡਰਾਈਵਰ ਇੰਤਜ਼ਾਰ ਕਰ ਰਿਹਾ ਸੀ। ਅਸੀਂ ਉਨ੍ਹਾਂ ਦੇ ਬਹੁਤ ਹੀ ਸ਼ੁਕਰਗੁਜ਼ਾਰ ਸੀ ਤੇ ਵਾਰ ਵਾਰ ਉਨ੍ਹਾਂ ਦਾ ਧੰਨਵਾਦ ਕਰ ਰਹੇ ਸਾਂ। ਹਨੇਰਾ ਵਧ ਰਿਹਾ ਸੀ। ਅਸੀਂ ਆਪਣੇ ਹੋਟਲ ਵਿੱਚ ਵਾਪਸ ਪਹੁੰਚ ਗਏ।
ਸੰਪਰਕ: 94653-69343

Advertisement

Advertisement
Author Image

Ravneet Kaur

View all posts

Advertisement