ਜਦੋਂ ਪ੍ਰਸ਼ੰਸਕ ਨੇ ਜ਼ੀਨਤ ਅਮਾਨ ਨੂੰ ਪਰਵੀਨ ਬਾਬੀ ਸਮਝਿਆ
ਮੁੰਬਈ: ਅਦਾਕਾਰਾ ਜ਼ੀਨਤ ਅਮਾਨ ਨੇ ਆਪਣੇ ਫਿਲਮੀ ਸਫ਼ਰ ਦੀ ਮਰਹੂਮ ਅਦਾਕਾਰਾ ਪਰਵੀਨ ਬਾਬੀ ਨਾਲ ਸਬੰਧਤ ਗੱਲ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ। ਰੈੱਡਇਟ ਦੇ ‘ਆਸਕ ਮੀਂ ਐਨੀਥਿੰਗ’ (ਏਐੱਮਏ) ਵਿੱਚ ਗੱਲਬਾਤ ਕਰਦਿਆਂ ਅਦਾਕਾਰਾ ਨੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇੱਕ ਯੂਜ਼ਰ ਨੇ ਸਵਾਲ ਕੀਤਾ ਕਿ ਉਹ ਜ਼ੀਨਤ ਅਤੇ ਪਰਵੀਨ ਬਾਬੀ ਦੋਵਾਂ ਨੂੰ ਲੈ ਕੇ ਉਲਝਣ ਵਿੱਚ ਰਹਿੰਦਾ ਸੀ। ਉਸ ਨੇ ਪੁੱਛਿਆ ਕਿ ਉਹ (ਜ਼ੀਨਤ) ਕਦੇ ਪ੍ਰਸ਼ੰਸਕਾਂ ਕਾਰਨ ਇਸ ਤਰ੍ਹਾਂ ਦੀ ਉਲਝਣ ਵਿੱਚ ਪਈ ਸੀ? ਇਸ ਦੇ ਜਵਾਬ ਵਿੱਚ ਅਦਾਕਾਰਾ ਨੇ ਕਿਹਾ ਕਿ ਇਹ ਵਰਤਾਰਾ ਉਸ ਲਈ ਆਮ ਸੀ। ਉਸ ਨੇ ਕਿਹਾ ਕਿ ਅਜਿਹਾ ਹੀ ਦੁਬਈ ਵਿੱਚ ਹੋਇਆ ਸੀ। ਉਸ ਨੇ ਕਿਹਾ ਕਿ ਪਰਵੀਨ ਬੇਸ਼ੱਕ ਖਿੱਚ ਪਾਉਣ ਵਾਲੀ ਸ਼ਖ਼ਸੀਅਤ ਸੀ। ਇੱਕ ਵਾਰ ਉਹ ਦੁਬਈ ਵਿੱਚ ਸੀ ਜਦੋਂ ਉੱਥੇ ਔਰਤ ਆਈ ਅਤੇ ਉਸ ਨੇ ਅਦਾਕਾਰਾ ਨੂੰ ਪਰਵੀਨ ਸਮਝ ਲਿਆ। ਜ਼ੀਨਤ ਨੇ ਕਿਹਾ ਕਿ ਉਸ ਨੇ ਔਰਤ ਨੂੰ ਦੱਸਿਆ ਕਿ ਉਸ ਦੀ ਪਸੰਦੀਦਾ ਅਦਾਕਾਰ ਪਰਵੀਨ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਅਦਾਕਾਰਾ ਨੇ ਇੱਕ ਪ੍ਰਸ਼ੰਸਕ ਨੇ ਸਵਾਲ ਕੀਤਾ ਕਿ ਮੌਜੂਦਾ ਸਮੇਂ ਵਿੱਚ ਕੋਈ ਫਿਲਮੀ ਕਿਰਦਾਰ ਇਵੇਂ ਦਾ ਹੈ ਜੋ ਉਸ ਨੂੰ ਲਗਦਾ ਹੋਵੇ ਕਿ ਉਹ ਕਰ ਸਕਦੀ ਹੈ। ਇਸ ਦੇ ਜਵਾਬ ਵਿੱਚ ਜ਼ੀਨਤ ਨੇ ਲਿਖਿਆ ਕਿ ਉਹ ਉਸ ਕਿਰਦਾਰ ਨੂੰ ਨਿਭਾਅ ਸਕਦੀ ਹੈ ਜੋ ਪ੍ਰਿਯੰਕਾ ਚੋਪੜਾ ਨੇ ਕੀਤਾ ਹੋਵੇ। -ਆਈਏਐੱਨਐੱਸ