ਜਦੋਂ ਦੱਖਣੀ ਭਾਰਤੀਆਂ ਨੇ ਬੇਨਾਮ ਧਰਤੀ ’ਤੇ ਕਦਮ ਰੱਖੇ
ਮਨਮੋਹਨ ਸਿੰਘ ਖੇਲਾ
ਵਿਗਿਆਨੀਆਂ, ਖੋਜੀਆਂ ਅਤੇ ਇਤਿਹਾਸਕਾਰਾਂ ਵੱਲੋਂ ਸਾਂਝੇ ਤੌਰ ’ਤੇ ਸਾਲਾਂ ਬੱਧੀ ਕੀਤੀਆਂ ਗਈਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਸੂਰਜ ਮੰਡਲ ਵਿੱਚ ਸੂਰਜ ਤੋਂ ਵੱਖ ਹੋਈ ਧਰਤੀ ਦਾ ਉਤਲਾ ਤੱਲ ਠੰਢਾ ਹੋਣ ਵਿੱਚ ਕਰੋੜਾਂ ਸਾਲ ਲੱਗ ਗਏ। ਇਸ ਤੋਂ ਬਾਅਦ ਪਾਣੀ ਦੀ ਹੋਂਦ ਹੋਣ ਉਪਰੰਤ ਇਸ ਦੁਨੀਆ ਰੂਪੀ ਧਰਤੀ ਦੇ ਦੱਖਣੀ ਅਫ਼ਰੀਕਾ ਵਾਲੇ ਪਾਸੇ ਹੀ ਪਹਿਲਾਂ ਪਹਿਲ ਬਨਸਪਤੀ ਸਮੇਤ ਜੀਵ ਜੰਤੂ ਪੈਦਾ ਹੋਏ ਸਨ। ਇਨ੍ਹਾਂ ਜੀਵ ਜੰਤੂਆਂ ਤੋਂ ਹੀ ਵਾਤਾਵਰਨ ਅਤੇ ਉਸ ਇਲਾਕੇ ਦੇ ਆਲੇ ਦੁਆਲੇ ਦੀਆਂ ਪ੍ਰਸਥਿਤੀਆਂ ਸਮੇਤ ਮੌਸਮ ਅਨੁਕੂਲ ਹੋਣ ਮੁਤਾਬਕ ਜਾਨਵਰਾਂ ਦਾ ਰੂਪ ਧਾਰਨ ਹੋਇਆ। ਇਨ੍ਹਾਂ ਜਾਨਵਰਾਂ ਦੀਆਂ ਕਈ ਨਸਲਾਂ ਵਿੱਚੋਂ ਹੀ ਸਮੇਂ ਦੇ ਪਰਿਵਰਤਨ ਕਰਕੇ ਵਾਤਾਵਰਨ ਅਤੇ ਆਲੇ ਦੁਆਲੇ ਦੀ ਲੋੜ ਮੁਤਾਬਕ ਹੋਰ ਜਾਨਵਰਾਂ ਦੇ ਰੂਪ ਬਦਲਦੇ ਰਹੇ ਅਤੇ ਇਨ੍ਹਾਂ ਦੇ ਸਰੀਰਕ ਅੰਗਾਂ ਵਿੱਚ ਪਰਿਵਰਤਨ ਹੁੰਦਾ ਰਿਹਾ। ਜਿਨ੍ਹਾਂ ਜਾਨਵਰਾਂ ਨੂੰ ਜਿਨ੍ਹਾਂ ਅੰਗਾਂ ਦੀ ਲੋੜ ਨਹੀਂ ਸੀ, ਬਹੁਤ ਸਮੇਂ ਬਾਅਦ ਉਹ ਲੋਪ ਹੁੰਦੇ ਰਹੇ।
ਇਨ੍ਹਾਂ ਦੇ ਸੁਧਰੇ ਰੂਪ ਵਿੱਚੋਂ ਹੀ ‘ਹੀਮੋ’ ਅਥਵਾ ਮਾਨਸ ਜਾਤ ਨੇ ਅੰਦਾਜ਼ਨ ਦੋ ਲੱਖ ਸਾਲ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਜਨਮ ਲਿਆ। ਪਹਿਲੇ ਇੱਕ ਲੱਖ ਸਾਲ ਇਹ ਮਾਨਸ ਜਾਤ ਅਫ਼ਰੀਕਾ ਦੀ ਧਰਤੀ ਦੇ ਹਿੱਸੇ ਵਿੱਚ ਹੀ ਦੱਖਣ ਤੋਂ ਉੱਤਰ ਅਤੇ ਪੂਰਬ ਤੋਂ ਪੱਛਮ ਵੱਲ ਨੂੰ ਜਣਨ ਕਿਰਿਆ ਰਾਹੀਂ ਵਿਕਸਤ ਹੁੰਦੀ ਰਹੀ। ਵਿਗਿਆਨੀਆਂ, ਖੋਜੀਆਂ ਅਤੇ ਇਤਿਹਾਸਕਾਰਾਂ ਦੇ ਅੰਦਾਜ਼ੇ ਮੁਤਾਬਕ ਇਹ ਕਿਆਸ ਕੀਤਾ ਗਿਆ ਹੈ ਕਿ ‘ਹੀਮੋ’ ਹਿਊਮਨ ਜਣਨ ਕਿਰਿਆ ’ਚ ਹੋ ਰਹੇ ਵਾਧੇ ਅਤੇ ਆਪਣੇ ਖੁਰਾਕ ਦੇ ਸਾਧਨ ਅਤੇ ਵਾਤਾਵਰਨ ਨੂੰ ਵੀ ਆਪਣੇ ਅਨੁਕੂਲ ਲੱਭਦਾ ਹੋਇਆ ਬੜੀ ਕਾਮਯਾਬੀ ਨਾਲ ਇੱਕ ਲੱਖ ਅੱਸੀ ਹਜ਼ਾਰ ਸਾਲ ਪਹਿਲਾਂ ਅਫ਼ਰੀਕਾ ਦੀ ਧਰਤੀ ਤੋਂ ਬਾਹਰ ਨਿਕਲ ਕੇ ਦੁਨੀਆ ਦੇ ਹੋਰ ਦੇਸ਼ਾਂ ਦੀਆਂ ਧਰਤੀਆਂ ’ਤੇ ਪਹੁੰਚ ਗਿਆ ਸੀ। ਇਹ ਹੀਮੋ ਆਪਣੇ ਜਨਮ ਅਸਥਾਨ ਦੀ ਧਰਤੀ ਤੋਂ ਦੋ ‘ਵੇਵਜ਼’ ਯਾਨੀ ਲਹਿਰਾਂ ਵਿੱਚ ਨਿਕਲ ਕੇ ਬਾਕੀ ਹੋਰ ਦੁਨੀਆ ਦੀਆਂ ਧਰਤੀਆਂ ’ਤੇ ਪਹੁੰਚਿਆ। ਪਹਿਲੀ ‘ਵੇਵ’ ਇੱਕ ਲੱਖ ਸਾਲ ਆਪਣੀ ਧਰਤੀ ਦੇ ਸਾਰੇ ਭਾਗਾਂ ’ਚ ਫੈਲਦੀ ਰਹੀ। ਦੂਜੀ ‘ਵੇਵ’ ਵਿੱਚ ਹੀਮੋ ਆਪਣੇ ਨਾਲ ਲੱਗਦੀਆਂ ਅਰਬ ਦੇਸ਼ਾਂ ਦੀਆਂ ਧਰਤੀਆਂ ਵਿੱਚ ਪਸਾਰਾ ਕਰਦੀ ਹੋਈ ਸੱਤਰ ਹਜ਼ਾਰ ਸਾਲ ਪਹਿਲਾਂ ਭਾਰਤ ਵਿੱਚ ਵੜ ਕੇ ਕਾਮਯਾਬੀ ਨਾਲ ਸਥਾਪਤ ਹੋ ਚੁੱਕੀ ਸੀ।
ਇਨ੍ਹਾਂ ਦੀਆਂ ਸ਼ਾਖਾਵਾਂ ਭਾਰਤ ਵਿੱਚ ਸਥਾਪਿਤ ਹੋਣ ਤੋਂ ਬਾਅਦ ਇਨ੍ਹਾਂ ਵਿੱਚੋਂ ਕੁੱਝ ਕੁ ਹੀਮੋ ਅਰਬ ਦੇਸ਼ਾਂ ਅਤੇ ਮੱਧ ਅਤੇ ਪੂਰਬੀ ਉੱਤਰੀ ਏਸ਼ੀਆ ਰਸਤੇ ਯੂਰਪੀਅਨ ਦੇਸ਼ਾਂ ਦੀਆਂ ਧਰਤੀਆਂ ਵੱਲ ਵਧਦੀਆਂ ਹੋਈਆਂ ਚਾਲੀ ਹਜ਼ਾਰ ਸਾਲ ਪਹਿਲਾਂ ਸਾਇਬੇਰੀਆ ਪਹੁੰਚ ਕੇ ਸਾਰੇ ਯੂਰਪ ਵਿੱਚ ਫੈਲ ਗਈਆਂ ਸਨ। ਉਨ੍ਹਾਂ ਹੀ ਸ਼ਾਖਾਵਾਂ ਵਿੱਚੋਂ ਹੀਮੋ ਨਸਲ ਭਾਰਤ ਨਾਲ ਲੱਗਦੇ ਦੱਖਣੀ ਏਸ਼ੀਆ ਦੀਆਂ ਧਰਤੀਆਂ ਵਿੱਚੋਂ ਫੈਲਦੀ ਹੋਈ ਸਮੁੰਦਰ ਵਿੱਚ ਪਾਣੀ ਦਾ ਤੱਲ ਨੀਵਾਂ ਹੋਣ ਕਰਕੇ ਬਹੁਤ ਸਾਰੇ ਏਸ਼ਿਆਈ ਦੇਸ਼ਾਂ ਦੀਆਂ ਧਰਤੀਆਂ ਉਸ ਵੇਲੇ ਇੱਕ ਦੂਜੇ ਨਾਲ ਹੀ ਜੁੜੀਆਂ ਹੋਣ ਕਰਕੇ, ਉਨ੍ਹਾਂ ਵਿੱਚ ਪਹੁੰਚ ਗਈ। ਹੀਮੋ ਮਾਨਸ ਜਾਤ ਕਈ ਥਾਵਾਂ ਤੋਂ ਥਲ ਰਸਤੇ ’ਤੇ ਅਤੇ ਕਈ ਥਾਵਾਂ ਤੋਂ ਜਲ ਰਸਤੇ ਫਿਲਪੀਨਜ਼, ਜਾਵਾ, ਸੁਮਾਟਰਾ, ਮਲੇਸ਼ੀਆ, ਇੰਡੋਨੇਸ਼ੀਆ, ਬਟਾਵੀਆ ਹੁੰਦੇ ਹੋਏ ਪਾਪੂਆ ਨਿਊ ਗਿਨੀਆ ਰਸਤੇ ਅੱਜ ਤੋਂ ਪੰਜਾਹ ਹਜ਼ਾਰ ਸਾਲ ਪਹਿਲਾਂ ਦੁਨੀਆ ਦੇ ਦੱਖਣ ਵਿੱਚ ਪੈਂਦੀ ‘ਸਾਹੁਲ’ (ਉਸ ਸਮੇਂ ਅਣਜਾਣ ਥਾਂ) ਨਾਮ ਵਾਲੀ ‘ਦੱਖਣੀ ਅਣਜਾਣ ਧਰਤੀ’ ਜਿਸ ਨੂੰ ਅੱਜ ਦੇ ਮਾਨਵ ਨੇ ਆਸਟਰੇਲੀਆ ਦਾ ਨਾਮ ਦਿੱਤਾ ਹੋਇਆ ਹੈ, ਵਿਖੇ ਪਹੁੰਚ ਗਈ ਸੀ। ਯੂਰਪ ਵਿੱਚੋਂ ਹੁੰਦੀ ਹੋਈ ਇਹ ਹੀਮੋ ਦੀ ਮਾਨਸ ਜਾਤ ਪੰਦਰਾਂ ਹਜ਼ਾਰ ਤੋਂ ਵੀਹ ਹਜ਼ਾਰ ਸਾਲ ਪਹਿਲਾਂ ਅਮਰੀਕਾ ਸਮੇਤ ਉਸ ਦੇ ਨਾਲ ਲੱਗਦੇ ਦੇਸ਼ਾਂ ਵਿੱਚ ਵੀ ਪਹੁੰਚ ਗਈ ਸੀ।
ਪੰਜਾਹ ਹਜ਼ਾਰ ਸਾਲ ਪਹਿਲਾਂ ਸਮੁੰਦਰੀ ਰਸਤੇ ਆਖਰੀ ਬਰਫ਼ੀਲੇ ਕਾਲ ਸਮੇਂ ਇਹ ਲਹਿਰ ਦੱਖਣੀ ਦਿਸ਼ਾਵਾਂ ਵੱਲ ਨੂੰ ਤੁਰੀ, ਪਰ ਹੀਮੋ ਨੂੰ ਜਾਣਾ ਕਾਫ਼ੀ ਮੁਸ਼ਕਿਲ ਸੀ। ਜਿਹੜੀ ਦੱਖਣੀ ਏਸ਼ੀਆ ਦੇ ਹਿੱਸੇ ਤੋਂ ਵੱਖ ਹੋ ਕੇ ਆਸਟਰੇਲੀਆ ਮਹਾਂਦੀਪ ਦੀ ਧਰਤੀ ਵੱਲ ਵਧਦੀ ਸੀ। ਸਮੁੰਦਰੀ ਪਾਣੀ ਜੰਮਿਆ ਹੋਇਆ ਸੀ ਜਾਂ ਪਾਣੀ ਵਿੱਚ ਗਲੇਸ਼ੀਅਰ ਦੇ ਬਹੁਤ ਵੱਡੇ ਵੱਡੇ ਤੋਦੇ ਤੈਰਦੇ ਸਨ। ਇਨ੍ਹਾਂ ਸਭ ਕਠਿਨਾਈਆਂ ਵਿੱਚੋਂ ਦੱਖਣੀ ਏਸ਼ੀਆ ਦੀਆਂ ਧਰਤੀਆਂ ਰਾਹੀਂ ਪਹੁੰਚਦਿਆਂ ਹੋਇਆਂ ਪਾਪੂਆ ਨਿਊ ਗਿਨੀਆ ਰਾਹੀਂ ਵਿਚਰਦਿਆਂ ਤਕਰੀਬਨ ਸੱਠ ਕੁ ਮੀਲ ਲਗਭਗ ਸੌ ਕਿਲੋਮੀਟਰ ਦੇ ਬਹੁਤ ਔਖੇ ਰਸਤੇ ਦੱਖਣੀ ਬੇਨਾਮ ਧਰਤੀ ’ਤੇ ਇਹ ਮਾਨਵ ਪੰਜਾਹ ਹਜ਼ਾਰ ਸਾਲ ਪਹਿਲਾਂ ਪਹੁੰਚ ਗਿਆ ਸੀ ਜਿਹੜਾ ਕਿ ਯੂਰਪੀਨ ਲੋਕਾਂ ਦੇ ਆਉਣ ਤੱਕ ਜੰਗਲਾਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾਂ ਘਾਹ ਫੂਸ ਦੀਆਂ ਝੌਂਪੜੀਆਂ ਜਾਂ ਕੁਲੀਆਂ ਬਣਾ ਕੇ ਜਾਨਵਰਾਂ ਵਾਂਗ ਹੀ ਰਹਿੰਦਾ ਰਿਹਾ ਹੈ। ਆਪਣੀ ਭੁੱਖ ਮਿਟਾਉਣ ਲਈ ਪੰਛੀ ਜਾਂ ਜਾਨਵਰ ਮਾਰ ਕੇ ਖਾਂਦਾ ਸੀ ਜਾਂ ਫਿਰ ਦਰੱਖਤਾਂ ਦੇ ਪੱਤੇ, ਫਲ਼ ਫੁੱਲ ਵਗੈਰਾ ਖਾ ਕੇ ਆਪਣਾ ਪੇਟ ਭਰਦਾ ਰਿਹਾ ਹੈ। ਵਰਤਮਾਨ ਵਿਗਿਆਨੀਆਂ ਵੱਲੋਂ ਇਸ ਧਰਤੀ ਦੇ ਇਨ੍ਹਾਂ ਮੂਲਵਾਸੀਆਂ ਨੂੰ ਓਬਰਿਜਨਲ ਨਸਲ ਦਾ ਨਾਮ ਦਿੱਤਾ ਗਿਆ ਹੈ।
ਇਸ ਸਭ ਕੁੱਝ ਬਾਰੇ ਪਤਾ ਉਦੋਂ ਲੱਗਾ ਜਦੋਂ ਵਰਤਮਾਨ ਵਿਗਿਆਨੀਆਂ ਦੀ ਇੱਕ ਟੀਮ ਵੱਲੋਂ ਜਿਸ ’ਚ ਕਈ ਹੋਰ ਵਿਗਿਆਨੀਆਂ ਸਮੇਤ ਪ੍ਰੋਫੈਸਰ ਡਾਕਟਰ ਮਾਰਕ ਸਟੋਨਕਿੰਗ ਅਤੇ ਡਾਕਟਰ ਆਰੀਨਾ ਪੁਗਚ ਹੋਰੀਂ ਵੀ ਸ਼ਾਮਲ ਸਨ, ਇਨ੍ਹਾਂ ਸਾਰਿਆਂ ਨੇ ਜਰਮਨੀ ਦੇ ਇੱਕ ਇੰਸਟੀਚਿਊਟ ਵਿਖੇ ਆਸਟਰੇਲੀਅਨ ਓਵਰਿਜਨਲ ਨਸਲ ਦੇ ਲੋਕਾਂ ਸਮੇਤ ਪਾਪੂਆ ਨਿਊ ਗਿਨੀਅਨ, ਫਿਲਪੀਨੀ, ਮਾਮਾਨਾਵੀਅਨ, ਇੰਡੋਨੇਸ਼ੀਅਨ, ਸਾਊਥ ਈਸਟ ਏਸ਼ੀਅਨ ਅਤੇ ਦੱਖਣੀ ਭਾਰਤੀਆਂ ਸਮੇਤ ਇਨ੍ਹਾਂ ਨਾਲ ਲੱਗਦੇ ਸਾਰੇ ਦੇਸ਼ਾਂ ਦੀ ਵੱਖੋ-ਵੱਖਰੀ ਆਬਾਦੀ ਵਿੱਚੋਂ 344 ਲੋਕਾਂ ਦੇ ਡੀਐੱਨਏ ਟੈਸਟ ਲਈ ਲਏ ਗਏ ਨਮੂਨਿਆਂ ਦਾ ਪ੍ਰਯੋਗਸ਼ਾਲਾ ਵਿੱਚ ਟੈਸਟ ਕੀਤਾ, ਜਿਸ ਦੀ ਪੂਰੀ ਰਿਪੋਰਟ ਵਿੱਚ ਸਿੱਧ ਹੋਇਆ ਕਿ ਓਬਰਿਜਨਲਾਂ ਦੀ ਪਿੱਛੋਂ 141ਵੀਂ ਨਸਲ 4230 ਸਾਲ ਪਹਿਲਾਂ ਆਏ ਭਾਰਤੀਆਂ ਦੀ ਨਸਲ ਵਿੱਚ ਜਜ਼ਬ ਹੋ ਗਈ ਸੀ। ਇਸ ਰਿਪੋਰਟ ਅਨੁਸਾਰ ਅੱਜ ਦੇ ਓਬਰਿਜਨਲ ਲੋਕਾਂ ਵਿੱਚ 11% ਜੀਨ ਜੀਵਾਣੂ-ਵਿਸ਼ਾਣੂ ਅੰਸ਼ ਭਾਰਤੀ ਨਸਲ ਦਾ ਪਾਇਆ ਗਿਆ। ਇਸ ਤਰ੍ਹਾਂ ਰਿਪੋਰਟ ਮੁਤਾਬਕ ਭਾਰਤੀ ਨਸਲ ਦੇ ਕੁੱਤਿਆਂ ਵਰਗੇ ਡੀਗੋ ਕੁੱਤੇ ਵੀ ਭਾਰਤ ਸਮੇਤ ਏਸ਼ੀਆ ਵੱਲੋਂ ਹੀ ਆਏ ਸਾਬਤ ਹੋਏ ਹਨ। ਇਸ ਟੀਮ ਵੱਲੋਂ ਕੀਤੀ ਗਈ ਸਟੱਡੀ ਦੀ ਰਿਪੋਰਟ ਨੂੰ ਜਨਰਲ ਪ੍ਰੋਸੀਡਿੰਗ ਆਫ ਨੈਸ਼ਨਲ ਅਕਾਡਮੀ ਆਫ ਸਾਇੰਸ ਵੱਲੋਂ 14 ਜਨਵਰੀ 2013 ਨੂੰ ਮੀਡੀਆ ’ਚ ਪ੍ਰਕਾਸ਼ਿਤ ਕਰਨ ਲਈ ਭੇਜਿਆ ਗਿਆ।
ਇਸ ਰਿਪੋਰਟ ਅਨੁਸਾਰ ਭਾਰਤੀ ਵੰਸ਼ ਦੇ ਲੋਕਾਂ ਦੇ ਜੀਨ, ਜੀਵਨ ਕਿਰਿਆ ਸੈੱਲ 4230 ਸਾਲ ਪਹਿਲਾਂ ਆਸਟਰੇਲੀਅਨ ਮੂਲਵਾਸੀ (ਓਬਰਿਜਨਲ) ਨਸਲ ਦੇ ਲੋਕਾਂ ਵਿੱਚ ਮਿਕਸ ਹੋ ਗਏ ਸਨ। ਇਸ ਤੋਂ ਸਿੱਧ ਹੋਇਆ ਕਿ ਦੱਖਣੀ ਭਾਰਤੀ ਨਸਲ ਦੇ ਲੋਕ ਆਸਟਰੇਲੀਅਨ ਓਬਰਿਜਨਲ ਨਸਲ ਦੇ ਲੋਕਾਂ ਦੀ ਪਿੱਛੇ ਤੋਂ 141ਵੀਂ ਨਸਲ ਵਿੱਚ ਮਿਕਸ ਹੋ ਚੁੱਕੇ ਸਨ ਜਿਹੜੇ ਆਪਣੇ ਨਾਲ ਹੀ ਪੱਥਰ ਕਾਲ ਵੇਲੇ ਦੇ ਪੱਥਰਾਂ ਤੋਂ ਬਣੇ ਹੋਏ ਹਥਿਆਰਾਂ ਦੀ ਅਤੇ ਪੌਦਿਆਂ ਦੀ ਪ੍ਰੋਸੈਸਿੰਗ ਦੀ ਤਕਨੀਕ ਨੂੰ ਵੀ ਨਾਲ ਲਿਆਏ ਸਨ। ਵਿਗਿਆਨੀਆਂ ਅਨੁਸਾਰ ਭਾਰਤੀ ਨਸਲ ਦੇ ਕੁੱਤਿਆਂ ਵਰਗੇ ਡੀਗੋ ਕੁੱਤੇ ਵੀ ਉਸੇ ਵੇਲੇ ਆਏ ਸਾਬਤ ਹੋਏ ਹਨ ਕਿਉਂਕਿ ਇਹ ਭਾਰਤੀ ਕੁੱਤਿਆਂ ਨਾਲ ਰਲਦੇ ਮਿਲਦੇ ਹਨ। ਹੁਣ ਵਿਗਿਆਨੀਆਂ ਦੀ ਖੋਜ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਰੀ ਦੁਨੀਆ ਸਮੇਤ ਆਸਟਰੇਲੀਆ ਵਿੱਚ ਵੀ ਅਫ਼ਰੀਕਨ ਹੀਮੋ ਪਹੁੰਚਣ ਬਾਅਦ ਇਸ ਧਰਤੀ ’ਤੇ ਪਹਿਲਾ ਪੈਰ ਧਰਨ ਵਾਲੇ ਭਾਰਤੀ ਹਨ। ਜਦੋਂ ਕਿ ਉਸ ਵੇਲੇ ਆਸਟਰੇਲੀਆ, ਭਾਰਤ ਸਮੇਤ ਬਹੁਤ ਸਾਰੀ ਦੁਨੀਆ ਦੇ ਹਿੱਸਿਆਂ ਵਿੱਚ ਸੱਭਿਅਤਾ ਪ੍ਰਫੁੱਲਿਤ ਨਹੀਂ ਸੀ ਹੋਈ, ਉਦੋਂ ਉਸ ਵੇਲੇ ਇਹ ਦੱਖਣੀ ਭਾਰਤੀ ਵੀ ਇੱਥੋਂ ਦੇ ਮੂਲਵਾਸੀਆਂ ਨਾਲ ਮੇਲ ਮਿਲਾਪ ਵਧਾ ਕੇ ਇਨ੍ਹਾਂ ਵਿੱਚ ਹੀ ਜਜ਼ਬ ਹੋ ਗਏ। ਇਹ ਵਰਤਾਰਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਸੋਲਵੀਂ ਸਦੀ ਤੋਂ ਲੈ ਕੇ ਸਤਾਰਵੀਂ ਸਦੀ ਤੱਕ ਦੇ ਯੂਰਪ ਦੇ ਸੱਭਿਅਤਾ ਪ੍ਰਾਪਤ ਲੋਕਾਂ ਨੇ ਦੁਨੀਆ ਦੀਆਂ ਨਵੀਆਂ ਧਰਤੀਆਂ ਲੱਭਦਿਆਂ ਇਸ ਅਣਜਾਣ ਦੇਸ਼ ਨੂੰ ਨਹੀਂ ਸੀ ਲੱਭਿਆ।
ਪਹਿਲਾਂ ਪਹਿਲ ਇਸ ਖਿੱਤੇ ਦੀ ਧਰਤੀ ਨੂੰ ਬੇਨਾਮੀ ਅਤੇ ਅਣਜਾਣੀ ਦੱਖਣੀ ਧਰਤੀ ਵਜੋਂ ਜਾਣਿਆ ਜਾਂਦਾ ਸੀ ਜਿਸ ਨੂੰ ਬਾਅਦ ’ਚ ਕਈ ਹੋਰ ਨਾਵਾਂ ਨਾਲ ਵੀ ਪੁਕਾਰਿਆ ਗਿਆ। ਜਿਵੇਂ ਕਿ ਪਾਪੂਆ ਨਿਊ ਗਿਨੀਆ ਨਾਲ ਜੁੜਿਆ ਹੋਣ ਵੇਲੇ ‘ਸਾਹੁਲ’ ਦਾ ਨਾਮ ਦਿੱਤਾ ਗਿਆ ਸੀ। ਬਾਅਦ ’ਚ ਨਿਊ ਲੈਂਡ, ਨਿਊ ਹਾਲੈਂਡ, ਤੇਰਾ ਆਸਟਰੇਲੀਜ਼ ਇਨੋਗਨੀਟਾ, ਅਨਨੋਨ ਸਾਊਥ ਲੈਂਡ, ਦੱਖਣੀ ਧਰਤੀ, ਭਾਰਤੀ ਪੰਜਾਬੀਆਂ ਵੱਲੋਂ ਤੇਲੀਆ ਅਤੇ ਵਰਤਮਾਨ ਦੁਨੀਆ ਵਾਲਿਆਂ ਨੇ ਇਸ ਧਰਤੀ ਨੂੰ ਆਸਟਰੇਲੀਆ ਦਾ ਨਾਮ ਦਿੱਤਾ ਹੋਇਆ ਹੈ।
ਅਜੋਕੇ ਵਿਗਿਆਨੀਆਂ ਵੱਲੋਂ ਬਹੁਤ ਮਿਹਨਤ ਨਾਲ ਕੀਤੀਆਂ ਗਈਆਂ ਖੋਜਾਂ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਪੂਰੇ ਬ੍ਰਹਿਮੰਡ ਵਿੱਚ ਦੱਖਣੀ ਅਫ਼ਰੀਕਾ ਦੀ ਧਰਤੀ ਦਾ ਉਹ ਹਿੱਸਾ ਹੈ, ਜਿੱਥੇ ਸੰਸਾਰ ਵਿੱਚ ਪਹਿਲੀ ਵਾਰ ਜੀਵ ਪੈਦਾ ਹੋਣ ਬਾਅਦ ਹੀਮੋ ਅਥਵਾ ਮਾਨਸ ਜਾਤ ਦਾ ਜਨਮ ਹੋਇਆ। ਉਹ ਆਪਣਾ ਵਿਕਾਸ ਕਰ ਕੇ ਵੱਡੀ ਜੱਦੋ-ਜਹਿਦ ਬਾਅਦ ਤਕਰੀਬਨ ਪੰਜਾਹ ਹਜ਼ਾਰ ਸਾਲ ਪਹਿਲਾਂ ਪਹਿਲੀ ਵਾਰ ਅੱਜ ਦੇ ਨਾਮ ਵਾਲੀ ‘ਆਸਟਰੇਲੀਆ’ ਦੀ ਧਰਤੀ ’ਤੇ ਪਹੁੰਚਿਆ ਸੀ। ਉਦੋਂ ਅਫ਼ਰੀਕਾ ਦੀ ਧਰਤੀ ਤੋਂ ਮਾਨਸ ਜਾਤ ਤੁਰ ਕੇ ਸਾਰੇ ਸੰਸਾਰ ਦੀਆਂ ਧਰਤੀਆਂ ’ਤੇ ਪਹੁੰਚ ਕੇ ਵਿਕਸਤ ਹੋ ਗਈ ਸੀ। ਇਸ ਸਬੰਧੀ ਸੰਸਾਰ ਪ੍ਰਸਿੱਧ ਵਿਗਿਆਨੀਆਂ ਵੱਲੋਂ ਕੀਤੀਆਂ ਗਈਆਂ ਖੋਜਾਂ ਦੇ ਆਧਾਰ ’ਤੇ ਮੀਡੀਆ ਵਿੱਚ ਭੇਜੀ ਗਈ ਰਿਪੋਰਟ ਛਪ ਚੁੱਕੀ ਹੈ ਜਿਸ ਅਨੁਸਾਰ ਅੰਦਾਜ਼ਨ 4230 ਸਾਲ ਪਹਿਲਾਂ ਆਸਟਰੇਲੀਆ ਦੀ ਧਰਤੀ ’ਤੇ ਪਹਿਲਾ ਪੈਰ ਰੱਖਣ ਵਾਲੇ ਦੱਖਣੀ ਭਾਰਤ ਦੇ ਹਿੱਸਿਆਂ ਤੋਂ ਇੱਥੇ ਪਹੁੰਚੇ ਤਾਮਿਲ ਅਤੇ ਦਰਾਵੜੀਅਨ ਸਮੇਤ ਦੱਖਣੀ
ਭਾਰਤ ਦੀਆਂ ਕਈ ਹੋਰ ਨਸਲਾਂ ਦੇ ਮਾਨਵ ਸਨ। ਉਹ ਇੱਥੇ ਪਹੁੰਚ ਕੇ ਅਫ਼ਰੀਕਾ ਤੋਂ ਅਰਬ ਦੇਸ਼ਾਂ ਰਸਤੇ ਭਾਰਤ ਸਮੇਤ ਏਸ਼ੀਆ ਰਾਹੀਂ ਪਹਿਲਾਂ ਆਏ ਹੋਏ ਮੂਲਵਾਸੀਆਂ ਜਿਨ੍ਹਾਂ ਨੂੰ ਓਬਰਿਜਨਲਾਂ ਦੀ ਨਸਲ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਨਾਲ ਇਨ੍ਹਾਂ ਦੀ ਕਰਾਸ ਬਰੀਡਿੰਗ ਹੋਈ। ਕਰਾਸ ਬਰੀਡਿੰਗ ਹੋਣ ਕਰਕੇ ਇਨ੍ਹਾਂ ਪਹਿਲੇ ਆਏ ਭਾਰਤੀਆਂ ਦੇ ਜੀਨ ਆਸਟਰੇਲੀਅਨ ਓਬਰਿਜਨਲਾਂ ਵਿੱਚ ਜਜ਼ਬ ਹੋ ਗਏ।
ਇਨ੍ਹਾਂ ਓਬਰਿਜਨਲ ਲੋਕਾਂ ਦੇ ਰੰਗ ਰੂਪ ਸਮੇਤ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੀਆਂ ਸ਼ਕਲਾਂ ਵੀ ਦੱਖਣੀ ਭਾਰਤ ਵੱਲ ਵਸਦੇ ਲੋਕਾਂ ਨਾਲ ਮਿਲਦੀਆਂ ਜੁਲਦੀਆਂ ਹਨ। ਵਰਤਮਾਨ ਰਿਪੋਰਟਾਂ ਅਨੁਸਾਰ ਦੱਖਣੀ ਭਾਰਤ ਦੇ ਤਾਮਿਲਾਂ ਦੀ ਤਾਮਿਲ ਭਾਸ਼ਾ ਅਤੇ ਦਰਾਵੜੀਆਂ ਦੀ ਦਰਾਵੜੀਅਨ ਭਾਸ਼ਾ ਅਤੇ ਦੱਖਣੀ ਭਾਰਤ ਦੀਆਂ ਕਈ ਹੋਰ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਇਨ੍ਹਾਂ ਓਬਰਿਜਨਲਾਂ ਦੀ ਭਾਸ਼ਾ ਨਾਲ ਰਲਦੇ ਮਿਲਦੇ ਹਨ। ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਓਬਰਿਜਨਲ ਲੋਕਾਂ ਦੀ ਇਹ ਨਸਲ ਚੁਰਾਈ ਹੋਈ ਨਸਲ ਹੈ। ਅਸਲੀ ਨਸਲ ਨਾਲੋਂ ਅਸਲੀ ਬੋਲੀ, ਰੀਤੀ ਰਿਵਾਜ ਅਤੇ ਧਾਰਮਿਕ ਪੂਜਾ ਦੇ ਢੰਗ ਤਰੀਕੇ ਤਾਂ ਸਭ ਕੁੱਝ ਹੀ ਗੋਰਿਆਂ ਨੇ ਗੁਆ ਦਿੱਤੇ ਸਨ। ਬ੍ਰਿਟੇਨ ਤੋਂ ਆਏ ਗੋਰਿਆਂ ਨੇ ਇਨ੍ਹਾਂ ਦੇ ਚੌਦਾਂ ਸਾਲ ਦੇ ਬੱਚਿਆਂ ਸਮੇਤ ਹੇਠਲੀ ਉਮਰ ਦੇ ਸਾਰੇ ਬੱਚਿਆਂ ਨੂੰ ਜਬਰਦਸਤੀ ਚੁੱਕ ਲਿਆ ਸੀ। ਚੌਦਾਂ ਸਾਲ ਤੋਂ ਉਤਲੀ ਉਮਰ ਦੇ ਸਾਰੇ ਨੌਜਵਾਨਾਂ ਸਮੇਤ ਬੁੱਢਿਆਂ ਨੂੰ ਮਾਰ ਮੁਕਾ ਦਿੱਤਾ ਸੀ। ਇਸ ਕਰਕੇ ਇਨ੍ਹਾਂ ਲੋਕਾਂ ਦਾ ਜਿਹੜਾ ਅਸਲੀ ਸੱਭਿਆਚਾਰ, ਵਿਰਸਾ ਤੇ ਬੋਲੀ ਸੀ, ਉਹ ਤਾਂ ਸਭ ਗੁਆਚ ਗਿਆ ਹੈ, ਹੁਣ ਤਾਂ ਉਨ੍ਹਾਂ ਵਿੱਚੋਂ ਬਚੇ ਹੋਏ ਕੁੱਝ ਅੰਸ਼ ਹੀ ਹਨ।
ਇਨ੍ਹਾਂ ਵਰਤਮਾਨ ਖੋਜਾਂ ਦੇ ਆਧਾਰ ’ਤੇ ਅਤੇ ਮੀਡੀਆ ਵਿੱਚ ਛਪ ਚੁੱਕੀਆਂ ਰਿਪੋਰਟਾਂ ਦੇ ਆਧਾਰ ’ਤੇ ਇਹ ਸਾਬਤ ਹੋਇਆ ਹੈ ਕਿ ਸੰਸਾਰ ਵਿੱਚ ਹੀਮੋ ਦੀ ਮਾਨਸ ਜਾਤ ਦੇ ਹੋ ਚੁੱਕੇ ਪਸਾਰੇ ਬਾਅਦ ਆਸਟਰੇਲੀਆ ਦੀ ਧਰਤੀ ’ਤੇ ਪੱਥਰ ਕਾਲ ਵੇਲੇ ਦੀ ਕਿਸੇ ਸੱਭਿਅਕ ਤਕਨੀਕ ਨੂੰ ਜਾਣਨ ਵਾਲੇ ਪਹੁੰਚੇ ਪਹਿਲੇ ਭਾਰਤੀ ਸਨ। ਸੋ ਆਸਟਰੇਲੀਆ ਦੀ ਧਰਤੀ ’ਤੇ 4230 ਸਾਲ ਪਹਿਲਾਂ ਪਹਿਲਾ ਪੈਰ ਰੱਖਣ ਵਾਲੇ ਭਾਰਤੀ ਹਨ ਨਾ ਕਿ ਯੂਰਪ ਤੋਂ ਸੋਲਵੀਂ ਸਤਾਰਵੀਂ ਸਦੀ ’ਚ ਪਹੁੰਚੇ ਪਹਿਲੇ ਡੱਚ ਜਾਂ ਬ੍ਰਿਟੇਨ ਤੋਂ 1770 ਪਹੁੰਚਿਆ ਕੈਪਟਨ ਜੇਮਜ਼ ਕੁੱਕ ਜਿਸ ਨੇ ਇਸ ਧਰਤੀ ’ਤੇ ਪਹਿਲਾ ਪੈਰ ਧਰਨ ਦਾ ਦਾਅਵਾ ਕੀਤਾ ਹੋਇਆ ਹੈ। ਇਸ ਨੇ ਵਾਪਸ ਜਾ ਕੇ ਬ੍ਰਿਟਿਸ਼ ਸਰਕਾਰ ਨੂੰ ਇਸ ਧਰਤੀ ਵਾਰੇ ਦੱਸਿਆ।
ਬ੍ਰਿਟਿਸ਼ ਸਰਕਾਰ ਪਹਿਲਾਂ ਹੀ ਸਾਰੀ ਦੁਨੀਆ ਨੂੰ ਆਪਣੇ ਕਬਜ਼ੇ ਹੇਠ ਕਰਨ ਦੀ ਲਾਲਸਾ ਰੱਖਦਿਆਂ ਇਹੋ ਜਿਹੀਆਂ ਧਰਤੀਆਂ ’ਤੇ ਕਬਜ਼ਾ ਕਰਨ ਦੀ ਤਾਕ ਵਿੱਚ ਰਹਿੰਦੀ ਸੀ। ਬ੍ਰਿਟਿਸ਼ ਸਰਕਾਰ ਨੇ ਆਸਟਰੇਲੀਆ ਦੀ ਧਰਤੀ ’ਤੇ ਆਪਣਾ ਪੱਕੇ ਤੌਰ ’ਤੇ ਕਬਜ਼ਾ ਕਰਨ ਲਈ ਅਤੇ ਇੱਥੇ ਆਪਣੀ ਵਸੋਂ ਵਸਾਉਣ ਲਈ ਅਤੇ ਆਪਣੇ ਰਾਜ ਹੇਠਲੇ ਅਪਰਾਧੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਦੇਣ ਲਈ ਕੈਪਟਨ ਓਰਥਰ ਫਿਲਿਪਸ ਦੀ ਰਹਿਨੁਮਾਈ ਹੇਠ ਗਿਆਰਾਂ ਬੇੜੇ 1788 ਵਿੱਚ ਭੇਜੇ। ਇਨ੍ਹਾਂ ਬੇੜਿਆਂ ਵਿੱਚ ਕਲੋਨੀਆਂ ਬਣਾਉਣ ਵਾਲਾ ਕੁੱਝ ਸਾਮਾਨ ਅਤੇ ਅਪਰਾਧੀ ਕਿਸਮ ਦੇ 1500 ਦੇ ਕਰੀਬ ਇਨਸਾਨ ਸਨ। ਇਨ੍ਹਾਂ ਨੇ ਆਸਟਰੇਲੀਆ ਦੀ ਸਟੇਟ ਨਿਊ ਸਊਥ ਵੇਲਜ਼ ਦੀ ਧਰਤੀ ਵਿਖੇ ਪਹੁੰਚ ਕੇ 26 ਜਨਵਰੀ 1788 ਨੂੰ ਆਪਣੀ ਬ੍ਰਿਟਿਸ਼ ਸਰਕਾਰ ਦਾ ਝੰਡਾ ਗੱਡ ਕੇ ਸਾਰੀ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਇਹ ਬਿਨਾਂ ਨਾਮ ਵਾਲੀ ਦੱਖਣੀ ਪਾਸੇ ਵਾਲੀ ਵਿਹਲੀ ਪਈ ਧਰਤੀ ਅਸੀਂ ਲੱਭੀ ਹੈ। ਅੱਜ ਤੋਂ ਬਾਅਦ ਇਸ ਧਰਤੀ ਦੇ ਅਸਲੀ ਮਾਲਕ ਅਸੀਂ ਹਾਂ ਅਤੇ ਇਹ ਧਰਤੀ ਬ੍ਰਿਟਿਸ਼ ਸਰਕਾਰ ਦਾ ਹਿੱਸਾ ਹੈ ਜਿਸ ’ਤੇ ਉਹੀ ਲੋਕ ਅੱਜ ਤੱਕ ਕਬਜ਼ਾ ਕਰੀਂ ਬੈਠੇ ਹਨ।
ਇਸ ਧਰਤੀ ਦੇ ਅਸਲੀ ਮਾਲਕਾਂ ਨਾਲ ਤਾਂ ਇਨ੍ਹਾਂ ਲੋਕਾਂ ਨੇ ਜਾਨਵਰਾਂ ਵਰਗਾ ਸਲੂਕ ਕੀਤਾ ਸੀ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਮਸਾਂ ਬਾਕੀ ਦੁਨੀਆ ਦੇ ਦਬਾਅ ਕਾਰਨ ਸਾਰੇ ਆਸਟਰੇਲੀਆ ਵਿੱਚ 1967 ਵਿੱਚ ਹੀ ਦਿੱਤਾ ਗਿਆ ਹੈ। ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ’ਤੇ ਰਹਿ ਰਹੇ ਇਨ੍ਹਾਂ ਲੋਕਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਸਮੇਤ ਹੋਰ ਹੱਕ ਵੀ ਦੁਨੀਆ ਦੇ ਵਿਕਸਤ ਦੇਸ਼ਾਂ ਦੇ ਦਬਾਅ ਪਾਉਣ ’ਤੇ ਮਸਾਂ ਹੀ 179 ਸਾਲਾਂ ਦੀ ਬੜੀ ਜੱਦੋ ਜਹਿਦ ਕਰਨ ਬਾਅਦ ਵਿੱਚ ਮਿਲੇ ਹਨ।
ਦੂਜੇ ਪਾਸੇ ਵਿਗਿਆਨੀਆਂ ਦੀ ਕੀਤੀ ਗਈ ਖੋਜ ਇਹ ਦਰਸਾਉਂਦੀ ਹੈ ਕਿ ਇਹ ਦੇਸ਼ 4230 ਸਾਲ ਪਹਿਲਾਂ ਸਭ ਤੋਂ ਪਹਿਲਾਂ ਭਾਰਤੀਆਂ ਨੇ ਲੱਭਿਆ ਸੀ। ਜਿਹੜੇ ਕਿ ਓਬਰਿਜਨਲ ਲੋਕਾਂ ਵਿੱਚ ਹੀ ਜਜ਼ਬ ਹੋ ਗਏ ਜਿਨਾਂ ਵਿੱਚ 11% ਜੀਨ ਭਾਰਤੀ ਨਸਲ ਦਾ ਹਿੱਸਾ ਹਨ। ਜਿਨ੍ਹਾਂ ਦੀਆਂ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਵੀ ਰਲਦੇ ਮਿਲਦੇ ਹਨ। ਜੇ ਕਿਧਰੇ ਚੋਰੀ ਕੀਤੀ ਨਸਲ ਤੋਂ ਪਹਿਲੀਆਂ ਨਸਲਾਂ ਨੂੰ ਮਾਰਿਆ ਨਾ ਜਾਂਦਾ ਤਾਂ ਅੱਜ ਹੋਰ ਵੀ ਬਹੁਤ ਸਾਰੀਆਂ ਸੱਚਾਈਆਂ ਸਾਹਮਣੇ ਆ ਸਕਦੀਆਂ ਸਨ ਜਿਹੜੀਆਂ ਕਿ ਜ਼ੁਲਮ ਦੀ ਭੇਟ ਚੜ੍ਹ ਗਈਆਂ ਹਨ।