ਦੀਪਕ ਠਾਕੁਰਤਲਵਾੜਾ, 4 ਜੂਨਸਥਾਨਕ ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀਬੀਐੱਮਬੀ) ਨੂੰ ਬਹੁਤ ਜਲਦੀ ਨਵਾਂ ਫਾਇਰ ਟੈਂਡਰ ਮੁਹੱਈਆ ਕਰਵਾਇਆ ਜਾਵੇਗਾ। ਬੀਬੀਐੱਮਬੀ ਕਲੋਨੀ ਦੀ ਕੰਧ ਦਾ ਕੰਮ ਅਤੇ ਸੀਸੀਟੀਵੀ ਕੈਮਰੇ ਵੀ ਜਲਦੀ ਲਗਵਾਏ ਜਾ ਰਹੇ ਹਨ। ਇਹ ਜਾਣਕਾਰੀ ਬੀਬੀਐੱਮਬੀ ਚੇਅਰਮਮੈਨ ਮਨੋਜ ਤ੍ਰਿਪਾਠੀ ਨੇ ਮਾਨਤਾ ਪ੍ਰਾਪਤ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਸਾਂਝੀ ਕੀਤੀ। ਉਹ ਆਮ ਦੌਰੇ ਤਹਿਤ ਇੱਥੇ ਆਏ ਸਨ। ਪੰਜਾਬ ਸਟੇਟ ਕਰਮਚਾਰੀ ਜਥੇਬੰਦੀ ਦੇ ਵਫ਼ਦ ਨੇ ਪ੍ਰਧਾਨ ਵਿਜੈ ਕੁਮਾਰ ਠਾਕੁਰ ਦੀ ਅਗਵਾਈ ਹੇਠ ਚੇਅਰਮੈਨ ਤ੍ਰਿਪਾਠੀ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਮੁਲਾਜ਼ਮ ਮੰਗਾਂ ਸਬੰਧੀ ਚੇਅਰਮੈਨ ਨਾਲ ਵਿਚਾਰ-ਵਟਾਂਦਰਾ ਕੀਤਾ। ਉੱਥੇ ਹੀ ਵੱਖ ਵੱਖ ਵਿਭਾਗਾਂ ‘ਚ ਖਾਲੀ ਪਈਆਂ ਅਸਾਮੀਆਂ ਪਹਿਲ ਦੇ ਆਧਾਰ ’ਤੇ ਭਰਨ, ਡੇਲੀ ਵੇਜ਼ ਪਾਰਟ ਟਾਈਮ ਅਤੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨਿਯਮਤ ਕਰਨ, ਪੈਸਕੋ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਰਿਹਾਇਸ਼ੀ ਕਲੋਨੀ ਵਿਚ ਮਕਾਨ ਅਲਾਟ ਕਰਨ ਦੀ ਮੰਗ ਕੀਤੀ ਹੈ। ਵਫ਼ਦ ਨੇ ਚੇਅਰਮੈਨ ਤ੍ਰਿਪਾਠੀ ਵੱਲੋਂ ਜਾਇਜ਼ ਮੁਲਾਜ਼ਮ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।ਵਫ਼ਦ ਨੇ 30 ਤਰੀਕ ਨੂੰ ਮਨਾਏ ਜਾਣ ਵਾਲੇ ਬਿਆਸ ਦਿਵਸ ’ਤੇ ਚੇਅਰਮੈਨ ਤ੍ਰਿਪਾਠੀ ਨੂੰ ਸੱਦਾ ਪੱਤਰ ਦਿੱਤਾ। ਜਥੇਬੰਦੀ ਨੇ ਪੌਂਗ ਡੈਮ ਦਾ ਗੋਲਡਨ ਜੁਬਲੀ ਸਮਾਰੋਹ 22 ਅਕਤੂਬਰ ਨੂੰ ਮਨਾਉਣ ’ਤੇ ਆਪਣੀ ਸਹਿਮਤੀ ਦਿੱਤੀ ਹੈ।ਜ਼ਿਕਰਯੋਗ ਹੈ ਕਿ ਪੌਂਗ ਡੈਮ ਦੇ ਗੋਲਡਨ ਜ਼ੁਬਲੀ ਸਮਾਰੋਹ ਦੀਆਂ ਬੀਬੀਐੱਮਬੀ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਚੰਡੀਗੜ੍ਹ ਦੀ ਤਰਜ਼ ’ਤੇ ਚਾਰ ਸੈਕਟਰਾਂ ਵਿੱਚ ਬਣੀ ਬੀਬੀਐੱਮਬੀ ਕਲੋਨੀ ਦੇ ਖਾਲੀ ਪਏ ਸੈਂਕੜੇ ਮਕਾਨ ਅਤੇ ਬੀਬੀਐੱਮਬੀ ’ਚ ਵੱਡੀ ਗਿਣਤੀ ’ਚ ਖਾਲੀ ਅਸਾਮੀਆਂ ਸਰਕਾਰ ਅਤੇ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕਰ ਰਹੇ ਹਨ।