ਜਗਰਾਉਂ ਸ਼ਹਿਰ ’ਚੋਂ ਕੂੜਾ ਚੁੱਕਣ ਲਈ ਜੇਸੀਬੀ ਤੇ ਗੱਡੀਆਂ ਨੂੰ ਹਰੀ ਝੰਡੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਮਈ
ਕਾਂਗਰਸ ਨਾਲ ਸਬੰਧਤ ਸਥਾਨਕ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਅੱਜ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹਿਰ ਵਿੱਚੋਂ ਕੂੜਾ ਸੁੱਟਣ ਲਈ 36 ਲੱਖ ਦੀ ਲਾਗਤ ਨਾਲ ਲਿਆਂਦੀ ਜੇਸੀਬੀ ਅਤੇ ਦੋ ਛੋਟੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾਈ। ਇਸ ਸਮੇਂ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਵੀ ਉਨ੍ਹਾਂ ਦੇ ਨਾਲ ਸਨ। ਪ੍ਰਧਾਨ ਰਾਣਾ ਨੇ ਰਿਬਨ ਕੱਟ ਕੇ ਇਸ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚੋਂ ਕੂੜਾ ਚੁੱਕਣ ਤੇ ਢੋਹਣ ਵਿੱਚ ਦਰਪੇਸ਼ ਦਿੱਕਤ ਨੂੰ ਦੂਰ ਕਰਨ ਲਈ 36 ਲੱਖ ਦੀ ਲਾਗਤ ਨਾਲ ਇਹ ਨਵੀਂ ਜੇਸੀਬੀ ਲਿਆਂਦੀ ਗਈ ਹੈ। ਇਸੇ ਤਰ੍ਹਾਂ ਕੂੜਾ ਢੋਹਣ ਲਈ ਪਹਿਲਾਂ ਹੀ ਚੱਲ ਰਹੀਆਂ ਛੋਟੀਆਂ ਗੱਡੀਆਂ ਵਿੱਚ ਦੋ ਦਾ ਹੋਰ ਵਾਧਾ ਕੀਤਾ ਹੈ। ਇਸ ਨਾਲ ਹੁਣ ਕੂੜਾ ਚੁੱਕਣ ਤੇ ਢੋਹਣ ਦਾ ਕੰਮ ਹੋਰ ਸੁਚਾਰੂ ਢੰਗ ਨਾਲ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਵੱਛ ਭਾਰਤ ਮੁਹਿੰਮ ਤਹਿਤ ਮਨਜ਼ੂਰ 15 ਲੱਖ ਸ਼ਾਮਲ ਹਨ। ਇਸ ਰਕਮ ਨਾਲ ਦੋ ਟਾਟਾ ਏਸ ਗੱਡੀਆਂ ਵੀ ਲਈਆਂ ਹਨ।
ਪ੍ਰਧਾਨ ਰਾਣਾ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਸ਼ਹਿਰ ਦੀ ਨੁਹਾਰ ਬਦਲਣ ਲਈ ਆਪਣੇ ਯਤਨ ਜਾਰੀ ਰੱਖਣਗੇ। ਇਸ ਮੌਕੇ ਕੌਂਸਲਰ ਜਰਨੈਲ ਸਿੰਘ ਲੋਹਟ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਦਵਿੰਦਰਜੀਤ ਸਿੰਘ ਸਿੱਧੂ, ਡਾ. ਇਕਬਾਲ ਧਾਲੀਵਾਲ, ਅੰਕੁਸ਼ ਧੀਰ, ਰੋਹਿਤ ਗੋਇਲ ਰੌਕੀ, ਸੰਜੀਵ ਕੱਕੜ ਸੰਜੂ, ਵਿਕਰਮ ਜੱਸੀ, ਹਿਮਾਂਸ਼ੂ ਮਲਿਕ, ਅਸ਼ਵਨੀ ਕੁਮਾਰ ਬੱਲੂ, ਮਾਸਟਰ ਹਰਦੀਪ ਜੱਸੀ, ਪ੍ਰੇਮ ਗਲੋਟ ਤੋਂ ਇਲਾਵਾ ਮੈਨੇਜਰ ਸੁਖਜੀਰ ਸਿੰਘ ਖਹਿਰਾ, ਜਸਵੀਰ ਸਿੰਘ ਸਿੱਧੂ, ਬਲਜੀਤ ਸਿੰਘ, ਹਰਦੀਪ ਸਿੰਘ ਢੋਲਣ ਤੇ ਹੋਰ ਹਾਜ਼ਰ ਸਨ।