ਜਗਰਾਉਂ ਵਿੱਚ ਮਾਣੂੰਕੇ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਅਪਰੈਲ
ਏਸ਼ੀਆ ਦੀ ਦੂਜੀ ਵੱਡੀ ਮੰਡੀ ਵਿੱਚ ਅੱਜ ਕਣਕ ਦੀ ਆਮਦ ਸ਼ੁਰੂ ਹੋਈ ਅਤੇ ਕਣਕ ਦੀ ਆਮਦ ਦੇ ਨਾਲ ਹੀ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਖਰੀਦ ਸ਼ੁਰੂ ਕਰਵਾਈ। ਸਥਾਨਕ ਦਾਣਾ ਮੰਡੀ ਵਿੱਚ ਕਿਸਾਨ ਚੰਦ ਸਿੰਘ ਵਾਸੀ ਮੂਮ ਲਗਭਗ ਪੰਜਾਹ ਕੁਇੰਟਲ ਕਣਕ ਆੜ੍ਹਤੀ ਜਸਵੰਤ ਸਿੰਘ ਐਂਡ ਸੰਨਜ਼ ਦੀ ਦੁਕਾਨ 'ਤੇ ਲਿਆਇਆ। ਇਸ 'ਤੇ ਹਲਕਾ ਵਿਧਾਇਕਾ ਮਾਣੂੰਕੇ, ਆਮ ਆਦਮੀ ਪਾਰਟੀ ਦੇ ਆਗੂ ਪ੍ਰੋ. ਸੁਖਵਿੰਦਰ ਸੁੱਖੀ, ਕੁਲਵਿੰਦਰ ਸਿੰਘ ਕਾਲਾ ਆਦਿ ਮੰਡੀ ਪੁੱਜੇ ਅਤੇ ਕਣਕ ਦੀ ਰਸਮੀ ਖਰੀਦ ਸ਼ੁਰੂ ਕਰਵਾਈ। ਇਹ ਕਣਕ ਸਰਕਾਰੀ ਖਰੀਦ ਏਜੰਸੀ ਪਨਗਰੇਨ ਨੇ ਖਰੀਦੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਹੋਰਨਾਂ ਆੜ੍ਹਤੀਆਂ ਨਾਲ ਮਿਲਕੇ ਕਣਕ ਦੀ ਖਰੀਦ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਵਿਧਾਇਕਾ ਮਾਣੂੰਕੇ ਤੇ ਹੋਰਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।
ਬੀਬੀ ਮਾਣੂੰਕੇ ਨੇ ਇਸ ਸਮੇਂ ਕਿਹਾ ਕਿ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਦੇ ਸਾਰ ਪ੍ਰਬੰਧ ਮੁਕੰਮਲ ਕਰ ਲਏ ਹਨ। ਕਣਕ ਦੀ ਅਦਾਇਗੀ ਨਾਲੋ ਨਾਲ ਕਰਨ ਲਈ ਲੋੜੀਂਦੀ ਰਾਸ਼ੀ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਅੰਦਰ ਕਿਸਾਨਾਂ ਸਮੇਤ ਕਿਸੇ ਵਰਗ ਨੂੰ ਖਰੀਦ ਤੋਂ ਲੈ ਕੇ ਹੋਰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਡੀਐੱਫਐੱਸਓ ਜਸਵਿੰਦਰ ਸਿੰਘ, ਏਐੱਫਐੱਸਓ ਬੇਅੰਤ ਸਿੰਘ, ਇੰਸਪੈਕਟਰ ਜਸਪਾਲ ਸਿੰਘ ਜੌਹਲ, ਮਾਰਕਫੈੱਡ ਦੇ ਮੈਨੇਜਰ ਜਸਵੰਤ ਸਿੰਘ, ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਜਸਪ੍ਰੀਤ ਕੌਰ, ਮਨਜਿੰਦਰ ਸਿੰਘ ਖਹਿਰਾ, ਆਸ਼ੂ ਮਿੱਤਲ, ਗੁਰਮੀਤ ਸਿੰਘ ਦੌਧਰ, ਮਹਿੰਦਰਪਾਲ ਸਿੰਘ ਗੁਰੂਸਰ, ਗੱਲਾ ਮਜ਼ਦੂਰ ਯੂਨੀਅਨ ਦੇ ਆਗੂ ਦੇਵ ਰਾਜ ਤੇ ਹੋਰ ਮੌਜੂਦ ਸਨ।