ਜਗਦੀਸ਼ਪਾਲ ਮਹਿਫ਼ਿਲ-ਏ-ਅਦੀਬ ਦੇ ਪ੍ਰਧਾਨ ਬਣੇ
ਪੱਤਰ ਪ੍ਰੇਰਕ
ਜਗਰਾਉਂ, 14 ਅਪਰੈਲ
ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਦੀ ਮਹੀਨਵਾਰ ਇਕੱਤਰਤਾ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਲ 2025-26 ਲਈ ਨਵੀਂ ਟੀਮ ਚੁੱਣਨ ਲਈ ਅਦੀਬਾਂ ਦੀ ਸਹਿਮਤੀ ਬਣੀ। ਕੈਪਟਨ ਪੂਰਨ ਸਿੰਘ ਗਗੜਾ ਨੇ ਸੰਸਥਾ ਦੀਆਂ ਨੀਤੀਆਂ ਅਨੁਸਾਰ ਨਵੀਂ ਟੀਮ ਚੁੱਣਨ ਦਾ ਪ੍ਰਸਤਾਵ ਰੱਖਿਆ, ਜਿਸ ਵਿੱਚ ਮੈਂਬਰਾਂ ਨੇ ਇਸ ਵਾਰ ਸੰਸਥਾ ਦੇ ਪੁਰਾਣੇ ਮੈਂਬਰ ਜਗਦੀਸ਼ਪਾਲ ਮਹਿਤਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਨੂੰ ਸਾਰੇ ਮੈਂਬਰਾਂ ਨੇ ਸਹਿਮਤੀ ਨਾਲ ਪ੍ਰਵਾਨ ਕੀਤਾ। ਇਸੇ ਤਰ੍ਹਾਂ ਜਸਵਿੰਦਰ ਸਿੰਘ ਛਿੰਦਾ ਦੇਹੜਕੇ ਨੂੰ ਇੱਕ ਵਾਰ ਫਿਰ ਜਨਰਲ ਸਕੱਤਰ ਦਾ ਕਾਰਜਭਾਗ ਸੰਭਾਲਿਆ ਗਿਆ। ਨਵੇਂ ਬਣੇ ਪ੍ਰਧਾਨ ਜਗਦੀਸ਼ਪਾਲ ਮਹਿਤਾ ਨੇ ਅਹੁੱਦਾ ਪ੍ਰਵਾਨ ਕਰਦੇ ਹੋਏ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ।
ਇਸ ਮਗਰੋਂ ਰਚਨਾਵਾਂ ਦਾ ਦੌਰ ਆਰੰਭ ਕਰਦੇ ਹੋਏ ਕੈਪਟਨ ਪੂਰਨ ਸਿੰਘ ਗਗੜਾ ਨੇ ਆਏ ਅਦੀਬਾਂ ਦਾ ਸਵਾਗਤ ਕਰਦਿਆਂ ਵਿਸਾਖੀ ਪੁਰਬ ਦੀ ਸਭ ਨੂੰ ਵਧਾਈ ਦਿੱਤੀ ਅਤੇ ਕਵਿਤਾ ਸੁਣਾਈ। ਇਸ ਮਗਰੋਂ ਕਾਂਤਾ ਦੇਵੀ, ਮੁਨੀਸ਼ ਸਰਗਮ, ਜਗਦੀਸ਼ਪਾਲ ਮਹਿਤਾ, ਜਸਵਿੰਦਰ ਸਿੰਘ ਛਿੰਦਾ ਦੇਹੜਕੇ, ਅਵਤਾਰ ਭੁੱਲਰ ਤੇ ਅੰਤ ਵਿੱਚ ਭਾਰਤੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤਿਮ ਪੜਾਅ ’ਚ ਨਵੀਂ ਟੀਮ ਨੂੰ ਮੌਜੂਦਾ ਪ੍ਰਧਾਨ ਨੇ ਮੁਬਾਰਕਬਾਦ ਦਿੱਤੀ। ਚੋਣ ਤੋਂ ਖੁਸ਼ ਹੋ ਸੰਸਥਾ ਦੀਆਂ ਸਾਥੀ ਸਹਿਯੋਗੀ ਸੰਸਥਾਵਾਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ।