ਜਗਜੀਤ ਜੈਕੀ ਮਿਸਟਰ ਇੰਡੀਆ ਬਣਿਆ
ਨਿੱਜੀ ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਮਾਰਚ
ਰਿਆਤ ਬਾਹਰਾ ਐਜੂਕੇਸ਼ਨ ਸਿਟੀ ਵਿੱਚ ਕਰਵਾਏ ਗਏ ਪਹਿਲੇ ‘ਰਿਆਤ ਬਾਹਰਾ: ਮਿਸਟਰ ਇੰਡੀਆ 2025’ ਬਾਡੀ ਬਿਲਡਿੰਗ ਮੁਕਾਬਲੇ ਵਿੱਚੋਂ ਜਗਜੀਤ ਜੈਕੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਨੌਜਵਾਨ ਅਮਨ ਬਿੱਲਾ ਨੂੰ ਮਿਸਟਰ ਹੁਸ਼ਿਆਰਪੁਰ ਦਾ ਖਿਤਾਬ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕਰਨ ਮਗਰੋਂ ਡਾਇਰੈਕਟਰ ਡਾ. ਚੰਦਰ ਮੋਹਨ ਨੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦਾ ਸਵਾਗਤ ਕੀਤਾ। ਵਿਧਾਇਕ ਜਿੰਪਾ ਨੇ ਕਿਹਾ ਕਿ ਰਿਆਤ ਬਾਹਰਾ ਨੇ ਬਾਡੀ ਬਿਲਡਿੰਗ ਮੁਕਾਬਲਿਆਂ ਦੀ ਸ਼ੁਰੂਆਤ ਕਰ ਕੇ ਨੌਜਵਾਨਾਂ ਨੂੰ ਤੰਦਰੁਸਤੀ ਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੀ ਪਹਿਲ ਕੀਤੀ ਹੈ। ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਕਿਹਾ ਕਿ ਰਿਆਤ ਬਾਹਰਾ ਗਰੁੱਪ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਅਜਿਹੇ ਸਮਾਗਮ ਕਰਵਾਉਂਦਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਜਾਰੀ ਰਹਿਣਗੇ। ਬੀਫਿਟ ਬੌਸ ਦੇ ਐੱਮਡੀ ਫਨਿੰਦਰ ਭੱਟੀ ਨੇ ਕਿਹਾ ਕਿ ਨੌਜਵਾਨਾਂ ਦੀ ਸਿਹਤ ਅਤੇ ਤੰਦਰੁਸਤੀ ਵੱਲ ਧਿਆਨ ਦੇਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਪ੍ਰਬੰਧਕਾਂ ਵੱਲੋਂ ਮੁਕਾਬਲੇ ਦੇ ਜੇਤੂਆਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿਲਾ ਬਿਕਨੀ ਸ਼ੋਅ ਵਿੱਚ ਪ੍ਰੀਤੀ ਅਰੋੜਾ ਨੂੰ ਜੇਤੂ ਐਲਾਨਿਆ ਗਿਆ। ਜੇਤੂ ਨੂੰ 51,000 ਰੁਪਏ ਦੇ ਨਕਦ ਇਨਾਮ ਦੇ ਨਾਲ ਟਰਾਫੀ ਦਿੱਤੀ ਗਈ ਜਦੋਂ ਕਿ ਹੋਰ ਜੇਤੂਆਂ ਨੂੰ ਕੁੱਲ 6 ਲੱਖ ਰੁਪਏ ਦੇ ਇਨਾਮ ਦਿੱਤੇ ਗਏ। ਰਮਨਦੀਪ ਤੇ ਸਹਿਜਪ੍ਰੀਤ ਨੇ ਮੰਚ ਸੰਚਾਲਨ ਕੀਤਾ।