ਛੱਤਵਾਲ ਦੀ ਅੰਡਰ ਸੈਕਟਰੀ ਵਜੋਂ ਨਿਯੁਕਤੀ
ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਵੱਲੋਂ ਕੰਵਰ ਸੁਖਜਿੰਦਰ ਸਿੰਘ ਛੱਤਵਾਲ ਨੂੰ ਦੀਵਾਨ ਮੁੱਖ ਦਫ਼ਤਰ ਵਿੱਚ ਅੰਡਰ ਸੈਕਟਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਉਨ੍ਹਾਂ ਨੂੰ ਨਵੇਂ ਅਹੁਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਬੰਧਕੀ ਕੰਮਾਂ ਵਿੱਚ 41 ਸਾਲ ਦਾ ਤਜਰਬਾ ਰੱਖਣ ਵਾਲੇ ਕੰਵਰ ਸੁਖਜਿੰਦਰ ਸਿੰਘ ਛੱਤਵਾਲ ਸਰਕਾਰੀ ਸੰਸਥਾਵਾਂ ਦੇ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਰਹੇ ਹਨ। ਛੱਤਵਾਲ ਵੱਲੋਂ ਅਹੁਦਾ ਸੰਭਾਲਣ ਸਮੇਂ ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਫਰੀਡਮ, ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀਸ਼ਨਲ ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ ਅਤੇ ਹੋਰਨਾਂ ਮੈਂਬਰ ਸਾਹਿਬਾਨ ਨੇ ਮੂਲ ਮੰਤਰ ਦੇ ਪਾਠ ਕਰਨ ਮਗਰੋਂ ਨਵੇਂ ਅੰਡਰ ਸੈਕਟਰੀ ਨੂੰ ਸਿਰੋਪਾਓ ਪਾ ਕੇ ਨਵੀਂ ਜ਼ਿੰਮੇਵਾਰੀ ਸੌਂਪੀ। ਨਵ-ਨਿਯੁਕਤ ਕੰਵਰ ਸੁਖਜਿੰਦਰ ਸਿੰਘ ਛੱਤਵਾਲ ਨੇ ਸੰਸਥਾ ਪ੍ਰਤੀ ਸਮਰਪਣ ਦਾ ਇਜ਼ਹਾਰ ਕਰਦਿਆਂ ਆਪਣੀ ਜ਼ਿੰਮੇਵਾਰੀ ਨੂੰ ਤਨ, ਮਨ ਨਾਲ ਨਿਭਾਉਣ ਦਾ ਭਰੋਸਾ ਦਿੱਤਾ। -ਪੱਤਰ ਪ੍ਰੇਰਕ