ਛੱਤਬੀੜ ਚਿੜੀਆਘਰ ’ਚ ਸਵਾਰੀਆਂ ਨਾਲ ਭਰੀ ਫੈਰੀ ਪਲਟੀ; ਕਈ ਜ਼ਖ਼ਮੀ
ਹਰਜੀਤ ਸਿੰਘ
ਜ਼ੀਰਕਪੁਰ, 2 ਫਰਵਰੀ
ਇਥੋਂ ਦੇ ਛੱਤਬੀੜ ਚਿੜੀਆਘਰ ਵਿੱਚ ਸਵਾਰੀਆਂ ਨੂੰ ਘੁੰਮਾਉਣ ਲਈ ਚਲਾਈ ਜਾ ਰਹੀ ਫੈਰੀ (ਬੈਟਰੀ ਨਾਲ ਚੱਲਣ ਵਾਲੀ ਵੈਨ) ਅਚਾਨਕ ਪਲਟ ਗਈ। ਫੈਰੀ ਵਿੱਚ ਸਵਾਰ ਸੈਲਾਨੀ ਜ਼ਖ਼ਮੀ ਹੋ ਗਏ। ਇਸ ਹਾਦਸੇ ਨਾਲ ਛੱਤਬੀੜ ਚਿੜੀਆਘਰ ਵਿੱਚ ਫੈਰੀ ’ਤੇ ਘੁੰਮਣ ਵਾਲੇ ਸੈਲਾਨੀਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਐਤਵਾਰ ਰੋਜ਼ਾਨਾ ਵਾਂਗ ਇਕ ਫੈਰੀ ਦਾ ਡਰਾਈਵਰ ਸੈਲਾਨੀਆਂ ਨੂੰ ਘੁੰਮਾਉਣ ਲਈ ਲੈ ਕੇ ਜਾ ਰਿਹਾ ਸੀ। ਫੈਰੀ ਦੇ ਵਿੱਚ ਬੱਚੇ, ਬਜ਼ੁਰਗ, ਔਰਤਾਂ ਅਤੇ ਹੋਰ ਸੈਲਾਨੀ ਸਵਾਰ ਸੀ। ਦੁਪਹਿਰ ਕਰੀਬ ਤਿੰਨ ਵਜੇ ਇੱਕ ਤਿੱਖੇ ਮੋੜ ’ਤੇ ਚਾਲਕ ਦੇ ਅੱਗੇ ਦੂਜੀ ਫੈਰੀ ਆ ਗਈ ਜਿਸ ਨੂੰ ਬਚਾਉਣ ਲਈ ਕੱਟ ਮਾਰਿਆ। ਸਿੱਟੇ ਵਜੋਂ ਇਹ ਫੈਰੀ ਸੜਕ ਤੋਂ ਹੇਠਾਂ ਕਈ ਫੁੱਟ ਡੂੰਘੀ ਖਦਾਨ ਵਿੱਚ ਪਲਟ ਗਈ। ਫੈਰੀ ਵਿੱਚ ਸਵਾਰ ਸੈਲਾਨੀਆਂ ਵਿੱਚ ਮਦਦ ਲਈ ਚੀਕ-ਚਿਹਾੜਾ ਪੈ ਗਿਆ। ਮੌਕੇ ’ਤੇ ਹੋਰਨਾਂ ਸੈਲਾਨੀਆਂ ਅਤੇ ਛੱਤਬੀੜ ਚਿੜੀਆਘਰ ਦੇ ਸਟਾਫ਼ ਨੂੰ ਭਾਜੜਾਂ ਪੈ ਗਈਆਂ। ਲੋਕਾਂ ਦੀ ਮਦਦ ਨਾਲ ਫੈਰੀ ਨੂੰ ਸਿੱਧਾ ਕਰ ਜ਼ਖ਼ਮੀ ਸੈਲਾਨੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਛੱਤਬੀੜ ਚਿੜੀਆਘਰ ਪ੍ਰਸ਼ਾਸਨ ਵੱਲੋਂ ਅਗਲੇ ਹੁਕਮਾਂ ਤੱਕ ਫੈਰੀ ਦੀ ਸੇਵਾ ਬੰਦ ਕਰ ਦਿੱਤੀ ਹੈ। ਛੱਤਬੀੜ ਚਿੜੀਆਘਰ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾਏਗੀ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਇਹ ਭਵਿੱਖ ਵਿੱਚ ਮੁੜ ਤੋਂ ਨਾ ਵਾਪਰੇ।
ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਰਾਹਗੀਰਾਂ ਨੇ ਕਥਿਤ ਤੌਰ ’ਤੇ ਦੋਸ਼ ਲਾਇਆ ਕਿ ਚਾਲਕ ਮੋਬਾਈਲ ਫੋਨ ਦੇਖ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਪਰ ਇਸ ਦੀ ਹਾਲੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਪਹਿਲਾਂ ਛੱਤਬੀੜ ਚਿੜੀਆਘਰ ਵਿੱਚ ਸੈਲਾਨੀ ਆਪਣੇ ਵਾਹਨ ਲੈ ਜਾ ਸਕਦਾ ਸੀ ਪਰ ਨਿੱਜੀ ਵਾਹਨਾਂ ਨਾਲ ਇਥੇ ਫੈਲਣ ਵਾਲੇ ਪ੍ਰਦੂਸ਼ਣ ਨੂੰ ਦੇਖਦਿਆਂ ਇੱਥੇ ਨਿੱਜੀ ਵਾਹਨਾਂ ’ਤੇ ਕਈਂ ਸਾਲ ਪਹਿਲਾਂ ਰੋਕ ਲਾ ਦਿੱਤੀ ਸੀ ਅਤੇ ਸੈਲਾਨੀਆਂ ਦੇ ਘੁੰਮਣ ਲਈ ਬੈਟਰੀ ਨਾਲ ਚਲਣ ਵਾਲੀ ਫੈਰੀ ਸੇਵਾ ਲਾਗੂ ਕਰ ਦਿੱਤੀ ਸੀ।
ਇਸ ਦਾ ਹਰੇਕ ਸਾਲ ਠੇਕਾ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਵੱਲੋਂ ਦਰਜਨਾਂ ਫੈਰੀ ਵਿੱਚ ਸੈਲਾਨੀਆਂ ਤੋਂ ਬਣਦੀ ਫੀਸ ਲੈ ਕੇ ਛੱਤਬੀੜ ਚਿੜੀਆਘਰ ਦੀ ਸੈਰ ਕਰਾਈ ਜਾਂਦੀ ਹੈ।