ਛੋਟਾ ਪਰਦਾ
ਧਰਮਪਾਲ
ਹਰਲੀਨ ਕੌਰ ਰੇਖੀ ਦੀ ਭਾਵਨਾਤਮਕ ਯਾਤਰਾ
ਅੱਜ ਦੇ ਤੇਜ਼ ਰਫ਼ਤਾਰ ਅਤੇ ਗਲੈਮਰ ਨਾਲ ਭਰੇ ਸੰਸਾਰ ਵਿੱਚ ਅਦਾਕਾਰਾ ਹਰਲੀਨ ਕੌਰ ਰੇਖੀ ਇੱਕ ਅਜਿਹੀ ਕਲਾਕਾਰ ਹੈ ਜੋ ਆਪਣੀ ਅਦਾਕਾਰੀ ਵਿੱਚ ਅਧਿਆਤਮਿਕਤਾ, ਸ਼ੁੱਧ ਭਾਸ਼ਾ ਅਤੇ ਸੱਭਿਆਚਾਰ ਦੀ ਗਹਿਰਾਈ ਲਿਆਉਂਦੀ ਹੈ। ਉਸ ਨੇ ‘ਸੀਤਾ ਮਾਤਾ’, ‘ਮੰਦੋਦਰੀ’, ‘ਕਾਮਧੇਨੂ ਦੇਵੀ’ ਅਤੇ ‘ਦਰੋਪਦੀ’ ਵਰਗੇ ਪੌਰਾਣਿਕ ਕਿਰਦਾਰਾਂ ਨੂੰ ਸਟੇਜ ਅਤੇ ਪਰਦੇ ’ਤੇ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਨਿਭਾਇਆ ਹੈ।
ਹਰਲੀਨ ਦਾ ਅਦਾਕਾਰੀ ਦਾ ਸਫ਼ਰ ਸ੍ਰੀ ਰਾਮ ਸੈਂਟਰ ਫਾਰ ਪਰਫਾਰਮਿੰਗ ਆਰਟਸ ਤੋਂ ਸ਼ੁਰੂ ਹੋਇਆ, ਜਿੱਥੇ ਉਸ ਨੇ ਅਨੀਸ ਆਜ਼ਮੀ ਅਤੇ ਸਮੀਪ ਸਿੰਘ ਵਰਗੇ ਗੁਰੂਆਂ ਤੋਂ ਆਵਾਜ਼ ਮੋਡੂਲੇਸ਼ਨ ਅਤੇ ਸ਼ੁੱਧ ਹਿੰਦੀ-ਉਰਦੂ ਸਿੱਖੀ। ਉਹ ਦੱਸਦੀ ਹੈ,‘‘ਮੈਨੂੰ ਉਸ ਸਮੇਂ ਅਹਿਸਾਸ ਨਹੀਂ ਸੀ ਕਿ ਇਹ ਸਿੱਖਿਆ ਕਿੰਨੀ ਕੀਮਤੀ ਸੀ, ਪਰ ਅੱਜ ਇਹੀ ਮੈਨੂੰ ਮਿਥਿਹਾਸਕ ਭਾਸ਼ਾ ਨੂੰ ਇਸ ਦੇ ਸਹੀ ਅਰਥਾਂ ਵਿੱਚ ਬੋਲਣ ਵਿੱਚ ਮਦਦ ਕਰਦੀ ਹੈ।’’
ਇਨ੍ਹੀਂ ਦਿਨੀਂ ਹਰਲੀਨ ‘ਹਮਾਰਾ ਰਾਮ’ ਨਾਮਕ ਡਰਾਮੇ ਵਿੱਚ ਸੀਤਾ ਮਾਤਾ ਦੀ ਭੂਮਿਕਾ ਨਿਭਾ ਰਹੀ ਹੈ। ਇਹ ਨਾਟਕ ਹੁਣ ਤੱਕ ਭਾਰਤ ਭਰ ਵਿੱਚ 226 ਵਾਰ ਮੰਚਨ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਸ ਨੂੰ ਦੁਬਈ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਲਿਜਾਇਆ ਜਾ ਰਿਹਾ ਹੈ। ਇਹ 3 ਘੰਟੇ 20 ਮਿੰਟ ਦਾ ਲਾਈਵ ਸ਼ੋਅ ਹੈ, ਜਿਸ ਬਾਰੇ ਹਰਲੀਨ ਕਹਿੰਦੀ ਹੈ ਕਿ ‘‘ਇਹ ਅਦਾਕਾਰੀ ਨਹੀਂ ਹੈ, ਇਹ ਇੱਕ ਭਾਵਨਾਤਮਕ ਯਾਤਰਾ ਹੈ। ਲੋਕ ਭਾਵੁਕ ਹੋ ਜਾਂਦੇ ਹਨ ਅਤੇ ਹੱਥ ਜੋੜਦੇ ਹਨ, ਰੋਂਦੇ ਹਨ - ਇਹ ਸਿਰਫ਼ ਅਦਾਕਾਰੀ ਨਹੀਂ ਹੈ, ਇਹ ਸ਼ਰਧਾ ਹੈ।’’
ਹਰਲੀਨ ਜਾਣਦੀ ਹੈ ਕਿ ਭਾਰਤ ਵਿੱਚ ਲੋਕ ਰਾਮ ਅਤੇ ਸੀਤਾ ਨੂੰ ਸਿਰਫ਼ ਪਾਤਰਾਂ ਵਜੋਂ ਨਹੀਂ ਸਗੋਂ ਆਦਰਸ਼ਾਂ ਵਜੋਂ ਮੰਨਦੇ ਹਨ। ਉਹ ਕਹਿੰਦੀ ਹੈ, ‘‘ਇਹ ਜ਼ਿੰਮੇਵਾਰੀ ਸਟੇਜ ਤੋਂ ਬਾਹਰ ਵੀ ਮੇਰੇ ਕੋਲ ਰਹਿੰਦੀ ਹੈ। ਮੈਂ ਇਸ ਨੂੰ ਪੂਰੀ ਲਗਨ ਨਾਲ ਨਿਭਾਉਂਦੀ ਹਾਂ।’’ ਉਸ ਦੀ ਸ਼ੁੱਧ ਹਿੰਦੀ ਅਤੇ ਸ਼ਾਂਤ, ਪਰ ਜੋਸ਼ੀਲੀ ਮੌਜੂਦਗੀ ਉਸ ਨੂੰ ਇਨ੍ਹਾਂ ਪਾਤਰਾਂ ਵਿੱਚ ਜਾਨ ਪਾਉਣ ਵਿੱਚ ਸਹਾਇਤਾ ਕਰਦੀ ਹੈ।
ਉਸ ਦੀ ਅਗਲੀ ਪੇਸ਼ਕਾਰੀ ‘ਗਊ ਮਾਤਾ ਕਾਮਧੇਨੂ’ ਹੈ, ਜਿਸ ਵਿੱਚ ਉਹ ਇੱਕ ਦਿਵਿਆ ਗਾਂ ਦੇ ਦੇਵੀ ਬਣਨ ਦੀ ਕਹਾਣੀ ਲੈ ਕੇ ਆ ਰਹੀ ਹੈ। ਹਰਲੀਨ ਕਹਿੰਦੀ ਹੈ, ‘‘ਇਹ ਕਹਾਣੀ ਸ਼ਰਧਾ ਨਾਲ ਜੁੜੀ ਹੋਈ ਹੈ ਅਤੇ ਕੁੱਝ ਨਵਾਂ ਕਹਿਣ ਦੀ ਕੋਸ਼ਿਸ਼ ਵੀ ਹੈ। ਇਹ ਪ੍ਰਾਜੈਕਟ ਅਗਲੇ ਮਹੀਨੇ ਜਾਰੀ ਕੀਤਾ ਜਾ ਸਕਦਾ ਹੈ, ਹਾਲਾਂਕਿ ਪਲੈਟਫਾਰਮ ਦਾ ਅਜੇ ਖੁਲਾਸਾ ਨਹੀਂ ਕੀਤਾ ਜਾ ਸਕਦਾ।’’
ਹਰਲੀਨ ਭਵਿੱਖ ਵਿੱਚ ਸੰਜੇ ਲੀਲਾ ਭੰਸਾਲੀ ਅਤੇ ਸੂਰਜ ਬੜਜਾਤੀਆ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਸੁਪਨਾ ਦੇਖਦੀ ਹੈ ਅਤੇ ਕਹਿੰਦੀ ਹੈ, ‘‘ਭੰਸਾਲੀ ਸਰ ਨਾਲ ਕੰਮ ਕਰਨਾ ਜਾਦੂ ਹੋਵੇਗਾ, ਇਹੀ ਤਾਂ ਇੱਕ ਕਲਾਕਾਰ ਦਾ ਸੁਪਨਾ ਹੁੰਦਾ ਹੈ।’’
ਉਸ ਦਾ ਉਨ੍ਹਾਂ ਅਦਾਕਾਰਾਂ ਲਈ ਇੱਕ ਸਪੱਸ਼ਟ ਸੰਦੇਸ਼ ਹੈ ਜੋ ਮਿਥਿਹਾਸਕ ਕਿਰਦਾਰ ਨਿਭਾਉਣਾ ਚਾਹੁੰਦੇ ਹਨ। ਉਹ ਕਹਿੰਦੀ ਹੈ, ‘‘ਆਪਣੀ ਹਿੰਦੀ ਵਿੱਚ ਸੁਧਾਰ ਕਰੋ, ਖੋਜ ਕਰੋ ਅਤੇ ਸ਼ੈਲੀ ਦਾ ਸਤਿਕਾਰ ਕਰੋ। ਇਹ ਆਮ ਸੀਰੀਅਲਾਂ ਵਾਂਗ ਨਹੀਂ ਹਨ। ਇਹ ਭੂਮਿਕਾਵਾਂ ਸੱਚਮੁੱਚ ਪਰਮਾਤਮਾ ਦਾ ਪਵਿੱਤਰ ਸੱਦਾ ਹਨ।’’
ਰਾਜਸਥਾਨੀ ਮਾਹੌਲ ’ਚ ਰਚੀ ਮੋਹਕ ਮਟਕਰ
ਜ਼ੀ ਟੀਵੀ ਦਾ ਨਵਾਂ ਸ਼ੋਅ ‘ਸਰੂ’ ਇੱਕ ਮਜ਼ਬੂਤ ਇਰਾਦੇ ਵਾਲੀ ਕੁੜੀ ਦੀ ਕਹਾਣੀ ਹੈ, ਜੋ ਰਾਜਸਥਾਨ ਦੇ ਖਾਰੇਸ ਪਿੰਡ ਨੂੰ ਛੱਡ ਕੇ ਆਪਣੇ ਵੱਡੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੀ ਹੈ। ਸਮਾਜ ਦੀਆਂ ਬੰਦਿਸ਼ਾਂ ਨਾਲ ਲੜਦਿਆਂ, ਉਹ ਅੱਗੇ ਵਧਣਾ ਚਾਹੁੰਦੀ ਹੈ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੀ ਹੈ। ਇਹ ਕਿਰਦਾਰ ਮੋਹਕ ਮਟਕਰ ਨਿਭਾ ਰਹੀ ਹੈ ਜੋ ਪਹਿਲੀ ਵਾਰ ਪਰਦੇ ’ਤੇ ਨਜ਼ਰ ਆਵੇਗੀ। ਆਪਣੇ ਕਿਰਦਾਰ ਨੂੰ ਅਸਲੀ ਰੰਗਤ ਨਾਲ ਨਿਭਾਉਣ ਲਈ ਮੋਹਕ ਨੇ ਨਾ ਸਿਰਫ਼ ਅਦਾਕਾਰੀ ਕੀਤੀ ਸਗੋਂ ਆਪਣੇ ਆਪ ਨੂੰ ਉਸ ਇਲਾਕੇ ਦੇ ਸੱਭਿਆਚਾਰ, ਬੋਲੀ ਅਤੇ ਵਾਤਾਵਰਨ ਅਨੁਸਾਰ ਪੂਰੀ ਤਰ੍ਹਾਂ ਢਾਲ ਲਿਆ ਹੈ।
ਮੋਹਕ ਮਟਕਰ ਨੇ ਕਿਹਾ, ‘‘ਜਦੋਂ ਮੈਂ ਸਰੂ ਦੀ ਭੂਮਿਕਾ ਲਈ ਤਿਆਰੀ ਕਰ ਰਹੀ ਸੀ ਤਾਂ ਮੈਂ ਸ਼ੂਟਿੰਗ ਦੌਰਾਨ ਰਾਜਸਥਾਨ ਵਿੱਚ ਵੱਧ ਤੋਂ ਵੱਧ ਲੋਕਾਂ ਨਾਲ ਗੱਲ ਕਰਨ ਦਾ ਮਨ ਬਣਾਇਆ। ਕਿਉਂਕਿ ਮੈਂ ਸ਼ਹਿਰ ਦੇ ਮਾਹੌਲ ਤੋਂ ਆਈ ਹਾਂ, ਇਸ ਲਈ ਇਹ ਸਭ ਮੇਰੇ ਲਈ ਬਿਲਕੁਲ ਨਵਾਂ ਸੀ। ਇਹ ਦੇਖਣਾ ਬਹੁਤ ਦਿਲਚਸਪ ਸੀ ਕਿ ਹਰ ਜਗ੍ਹਾ ਬੋਲਣ ਦਾ ਤਰੀਕਾ ਕਿਵੇਂ ਵੱਖਰਾ ਹੁੰਦਾ ਹੈ। ਸ਼ੁਰੂ ਵਿੱਚ ਜਦੋਂ ਮੈਂ ਆਪਣੇ ਡਾਇਲਾਗ ਕੋਚ ਨਾਲ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਂ ਅਕਸਰ ਉਲਝਣ ਵਿੱਚ ਪੈ ਜਾਂਦੀ ਸੀ, ਪਰ ਹੁਣ ਹੌਲੀ-ਹੌਲੀ ਮੈਂ ਉਸ ਸ਼ੈਲੀ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ। ਮੈਂ ਇੱਕ ਵਾਰ ਕੁੱਝ ਸਕੂਲੀ ਕੁੜੀਆਂ ਨੂੰ ਮਿਲੀ ਜੋ ਹੱਸਦੀਆਂ ਸਨ ਅਤੇ ਮੇਰੀਆਂ ਉਚਾਰਨ ਗ਼ਲਤੀਆਂ ਨੂੰ ਸੁਧਾਰਦੀਆਂ ਸਨ। ਉਨ੍ਹਾਂ ਲੜਕੀਆਂ ਦੇ ਸੁਭਾਅ ਵਿੱਚ ਇੰਨੀ ਗਰਮਜੋਸ਼ੀ ਸੀ ਕਿ ਮੈਨੂੰ ਇੰਝ ਲੱਗਾ ਜਿਵੇਂ ਮੈਂ ਉਨ੍ਹਾਂ ਦੀ ਦੁਨੀਆ ਦਾ ਹਿੱਸਾ ਬਣ ਗਈ ਹੋਵਾਂ। ਇਹ ਛੋਟੇ-ਛੋਟੇ ਪਲ ਹਨ ਜੋ ਮੇਰੇ ਲਈ ਸਭ ਤੋਂ ਵੱਧ ਮਾਅਨੇ ਰੱਖਦੇ ਹਨ ਅਤੇ ਸਰੂ ਦੇ ਕਿਰਦਾਰ ਨੂੰ ਹੋਰ ਪ੍ਰਮਾਣਿਕਤਾ ਨਾਲ ਪੇਸ਼ ਕਰਨ ਵਿੱਚ ਮੇਰੀ ਮਦਦ ਕਰਦੇ ਹਨ। ਹੁਣ ਮੈਂ ਉਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਜਦੋਂ ਦਰਸ਼ਕ ਇਹ ਸਭ ਦੇਖਣਗੇ।’’
ਇਮਾਨਦਾਰ ਪੁਲੀਸ ਅਫ਼ਸਰ ਆਦੇਸ਼ ਚੌਧਰੀ
ਪ੍ਰਤਿਭਾਸ਼ਾਲੀ ਅਦਾਕਾਰ ਆਦੇਸ਼ ਚੌਧਰੀ ਜੋ ਕਿ ਟੀਵੀ ਸ਼ੋਅ ‘ਲਾਗੀ ਤੁਝਸੇ ਲਗਨ’, ‘ਸਸੁਰਾਲ ਸਿਮਰ ਕਾ’, ‘ਯੇ ਦਿਲ ਸੁਨ ਰਹਾ ਹੈ’ ਅਤੇ ‘ਦੀਆ ਔਰ ਬਾਤੀ ਹਮ’ ਵਰਗੇ ਟੀਵੀ ਸ਼ੋਅ’ਜ਼ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਪ੍ਰਸਿੱਧੀ ਪ੍ਰਾਪਤ ਕਰ ਚੁੱਕਿਆ ਹੈ, ਇੱਕ ਵਾਰ ਫਿਰ ਵੈੱਬ ਸੀਰੀਜ਼ ‘ਸਬਸੇ ਬੜਾ ਰੁਪਈਆ’ ਵਿੱਚ ਵੱਖਰੇ ਅਵਤਾਰ ਵਿੱਚ ਨਜ਼ਰ ਆ ਰਿਹਾ ਹੈ। ਇਸ ਸੀਰੀਜ਼ ਵਿੱਚ ਉਹ ਇੱਕ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾ ਰਿਹਾ ਹੈ, ਪਰ ਇਸ ਵਾਰ ਕਹਾਣੀ ਵਿੱਚ ਇੱਕ ਦਿਲਚਸਪ ਮੋੜ ਵੀ ਹੈ।
ਆਦੇਸ਼ ਨੇ ਕਿਹਾ, ‘‘ਇਸ ਵਾਰ ਮੈਂ ਇੱਕ ਇਮਾਨਦਾਰ ਅਤੇ ਸਮਝਦਾਰ ਪੁਲੀਸ ਵਾਲੇ ਦੀ ਭੂਮਿਕਾ ਨਿਭਾ ਰਿਹਾ ਹਾਂ ਜੋ ਮੰਡੋਲੀ ਨਾਮਕ ਪਿੰਡ ਵਿੱਚ ਹੋਈ ਚੋਰੀ ਦੀ ਜਾਂਚ ਕਰਨ ਆਉਂਦਾ ਹੈ। ਪਹਿਲਾਂ ਤਾਂ ਇਹ ਇੱਕ ਆਮ ਚੋਰੀ ਵਾਂਗ ਲੱਗਦਾ ਹੈ, ਪਰ ਹੌਲੀ-ਹੌਲੀ ਮਾਮਲਾ ਪੈਸੇ ਦੇ ਲਾਲਚ ਅਤੇ ਪਾਗਲਪਨ ਤੱਕ ਪਹੁੰਚ ਜਾਂਦਾ ਹੈ। ਇਹ ਕਿਰਦਾਰ ਬਹੁਤ ਦਿਲਚਸਪ ਅਤੇ ਸੋਚਣ ਵਾਲਾ ਹੈ। ਮੈਨੂੰ ਅਜਿਹੀਆਂ ਭੂਮਿਕਾਵਾਂ ਨਿਭਾਉਣਾ ਪਸੰਦ ਹੈ ਜੋ ਜ਼ਮੀਨ ਨਾਲ ਜੁੜੀਆਂ ਹੋਣ ਅਤੇ ਇਹ ਭੂਮਿਕਾ ਬਿਲਕੁਲ ਇਸੇ ਤਰ੍ਹਾਂ ਦੀ ਹੈ।’’
ਇਸ ਤੋਂ ਪਹਿਲਾਂ ਵੀ ਆਦੇਸ਼ ਵੈੱਬ ਸੀਰੀਜ਼ ‘ਚਿੱਟਾ ਵੇ’ ਵਿੱਚ ਇੱਕ ਪੁਲੀਸ ਅਫ਼ਸਰ ਦੀ ਭੂਮਿਕਾ ਨਿਭਾ ਚੁੱਕਿਆ ਹੈ ਜਿਸ ਦੀ ਦਰਸ਼ਕਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਆਦੇਸ਼ ਕਹਿੰਦਾ ਹੈ, ‘‘ਖਾਕੀ ਪਹਿਨਣਾ ਇੱਕ ਵੱਖਰਾ ਅਨੁਭਵ ਹੈ। ਇਹ ਤਾਕਤ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਦਿੰਦਾ ਹੈ, ਪਰ ਮੈਨੂੰ ਪੁਲੀਸ ਦੇ ਕਿਰਦਾਰ ਦਾ ਮਨੁੱਖੀ ਪੱਖ ਦਿਖਾਉਣਾ ਪਸੰਦ ਹੈ ਯਾਨੀ ਕਿ ਉਸ ਦੀ ਅੰਦਰੂਨੀ ਲੜਾਈ, ਉਸ ਦੇ ਵਿਚਾਰ ਅਤੇ ਉਸ ਦਾ ਡਰ।’’
ਇਸ ਸੀਰੀਜ਼ ਦੀ ਸ਼ੂਟਿੰਗ ਲਖਨਊ ਵਿੱਚ ਕੀਤੀ ਗਈ ਹੈ ਜੋ ਕਹਾਣੀ ਨੂੰ ਹੋਰ ਵੀ ਅਸਲੀ ਬਣਾਉਂਦੀ ਹੈ। ਆਦੇਸ਼ ਕਹਿੰਦਾ ਹੈ, ‘‘ਲਖਨਊ ਦੀਆਂ ਗਲੀਆਂ, ਸੱਭਿਆਚਾਰ ਅਤੇ ਲੋਕ ਇਨ੍ਹਾਂ ਸਭ ਨੇ ਕਹਾਣੀ ਨੂੰ ਇੱਕ ਅਸਲੀ ਅਹਿਸਾਸ ਦਿੱਤਾ। ਅਸੀਂ ਅਸਲ ਥਾਵਾਂ ’ਤੇ ਸ਼ੂਟਿੰਗ ਕੀਤੀ ਅਤੇ ਉੱਥੋਂ ਦੇ ਲੋਕਾਂ ਨੂੰ ਮਿਲਣ ਤੋਂ ਬਾਅਦ ਇੱਕ ਵੱਖਰਾ ਸਬੰਧ ਮਹਿਸੂਸ ਕੀਤਾ।’’
ਸੀਰੀਜ਼ ‘ਸਬਸੇ ਬੜਾ ਰੁਪਈਆ’ ਦਾ ਸਿਰਲੇਖ ਆਪਣੇ ਆਪ ਵਿੱਚ ਇੱਕ ਗਹਿਰੀ ਗੱਲ ਕਹਿੰਦਾ ਹੈ। ਆਦੇਸ਼ ਕਹਿੰਦਾ ਹੈ, ‘‘ਇਹ ਕਹਾਣੀ ਦਰਸਾਉਂਦੀ ਹੈ ਕਿ ਪੈਸੇ ਦਾ ਲਾਲਚ ਲੋਕਾਂ ਨੂੰ ਕਿਵੇਂ ਬਦਲਦਾ ਹੈ। ਇੱਕ ਸਾਧਾਰਨ ਸਕੂਲ ਅਧਿਆਪਕ ਦੇ ਚੋਰੀ ਕਰਨ ਤੋਂ ਸ਼ੁਰੂ ਹੋਣ ਵਾਲੀ ਗੱਲ ਪੂਰੇ ਪਿੰਡ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕਹਾਣੀ ਸਮਾਜ ਦੀ ਸੱਚਾਈ ਨੂੰ ਦਰਸਾਉਂਦੀ ਹੈ। ਇਹ ਮਨੋਰੰਜਕ ਹੋਣ ਦੇ ਨਾਲ-ਨਾਲ ਸੋਚਣ ਵਾਲੀ ਵੀ ਹੈ।’’
ਜਦੋਂ ਕਿ ਅੱਜ ਦੀ ਓਟੀਟੀ ਸੀਰੀਜ਼ ਬੋਲਡ ਸਮੱਗਰੀ ’ਤੇ ਵਧੇਰੇ ਕੇਂਦਰਿਤ ਹੈ, ‘ਸਬਸੇ ਬੜਾ ਰੁਪਈਆ’ ਆਪਣੀ ਸਾਫ਼-ਸੁਥਰੀ ਅਤੇ ਪਰਿਵਾਰ-ਅਨੁਕੂਲ ਸਮੱਗਰੀ ਲਈ ਕੀ ਵੱਖਰਾ ਪੇਸ਼ ਕਰਦੀ ਹੈ? ਤਾਂ ਆਦੇਸ਼ ਕਹਿੰਦਾ ਹੈ, ‘‘ਹਰ ਉਮਰ ਦੇ ਲੋਕ ਇਸ ਸੀਰੀਜ਼ ਨੂੰ ਆਰਾਮ ਨਾਲ ਦੇਖ ਸਕਦੇ ਹਨ। ਮੈਨੂੰ ਖ਼ੁਦ ਵੀ ਅਜਿਹੀ ਸਮੱਗਰੀ ਪਸੰਦ ਹੈ ਜੋ ਸਿਰਫ਼ ਦ੍ਰਿਸ਼ਾਂ ਰਾਹੀਂ ਹੀ ਨਹੀਂ, ਸਗੋਂ ਭਾਵਨਾਵਾਂ ਰਾਹੀਂ ਕਹਾਣੀ ਦੱਸਦੀ ਹੈ। ਜਿੰਨਾ ਚਿਰ ਸਕ੍ਰਿਪਟ ਅਨੁਸਾਰ ਬੋਲਡ ਦ੍ਰਿਸ਼ ਜ਼ਰੂਰੀ ਨਹੀਂ ਹੁੰਦਾ ਅਤੇ ਸਮਝਦਾਰੀ ਨਾਲ ਦਿਖਾਇਆ ਜਾਂਦਾ ਹੈ, ਮੈਂ ਇਸ ਨਾਲ ਸਹਿਜ ਹਾਂ, ਪਰ ਮੈਂ ਬੇਲੋੜੀ ਦਲੇਰੀ ਨੂੰ ਸਵੀਕਾਰ ਨਹੀਂ ਕਰਦਾ।’’
ਆਦੇਸ਼ ਨੂੰ ਲੱਗਦਾ ਹੈ ਕਿ ਇਸ ਸੀਰੀਜ਼ ਦੀ ਸਭ ਤੋਂ ਵੱਡੀ ਤਾਕਤ ਇਸ ਦੇ ਕਿਰਦਾਰ, ਦਿਲਚਸਪ ਕਹਾਣੀ ਅਤੇ ਸ਼ਾਨਦਾਰ ਕਲਾਕਾਰਾਂ ਦੀ ਟੀਮ ਹੈ। ਉਹ ਕਹਿੰਦਾ ਹੈ, ‘‘ਇਸ ਵਿੱਚ ਕਾਮੇਡੀ, ਡਰਾਮਾ, ਸਸਪੈਂਸ ਹੈ ਅਤੇ ਸਭ ਤੋਂ ਮਹੱਤਵਪੂਰਨ, ਇਸ ਦੀ ਸਾਦਗੀ ਹੈ। ਇਹ ਸੀਰੀਜ਼ ਤੁਹਾਨੂੰ ਹੈਰਾਨ ਕਰਨ ਦੀ ਨਹੀਂ, ਸਗੋਂ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ।’’