ਛੋਟਾ ਪਰਦਾ
ਧਰਮਪਾਲ
ਨਕਾਰਾਤਮਕ ਭੂਮਿਕਾ ’ਚ ਸੋਨਲ ਵੇਂਗੁਰਲੇਕਰ
ਜ਼ੀ ਟੀਵੀ ਦਾ ਮਸ਼ਹੂਰ ਸ਼ੋਅ ‘ਜਮਾਈ ਨੰਬਰ 1’ ਆਪਣੇ ਦਿਲਚਸਪ ਮੋੜਾਂ ਅਤੇ ਹਾਈ-ਵੋਲਟੇਜ਼ ਡਰਾਮੇ ਨਾਲ ਦਰਸ਼ਕਾਂ ਨੂੰ ਲਗਾਤਾਰ ਮੋਹਿਤ ਕਰ ਰਿਹਾ ਹੈ। ਹੁਣ, ਇਹ ਸ਼ੋਅ ਇੱਕ ਵੱਡਾ ਮੋੜ ਲੈਣ ਲਈ ਤਿਆਰ ਹੈ ਕਿਉਂਕਿ ਇਸ ਵਿੱਚ ਪ੍ਰਤਿਭਾਸ਼ਾਲੀ ਅਦਾਕਾਰਾ ਸੋਨਲ ਵੇਂਗੁਰਲੇਕਰ ਦਾ ਪ੍ਰਵੇਸ਼ ਹੋਵੇਗਾ ਜੋ ਇੱਕ ਮਹੱਤਵਪੂਰਨ ਨਕਾਰਾਤਮਕ ਭੂਮਿਕਾ ਵਿੱਚ ਨਜ਼ਰ ਆਵੇਗੀ।
ਆਪਣੀ ਖ਼ੁਸ਼ੀ ਜ਼ਾਹਰ ਕਰਦੇ ਹੋਏ, ਸੋਨਲ ਵੇਂਗੁਰਲੇਕਰ ਨੇ ਕਿਹਾ, ‘‘ਮੈਨੂੰ ਹਮੇਸ਼ਾਂ ਲੱਗਦਾ ਹੈ ਕਿ ਟੀਵੀ ’ਤੇ ਨਕਾਰਾਤਮਕ ਕਿਰਦਾਰ ਬਹੁਤ ਡੂੰਘਾਈ ਅਤੇ ਦਿਲਚਸਪੀ ਨਾਲ ਲਿਖੇ ਜਾਂਦੇ ਹਨ। ਜਦੋਂ ਕਿ ਮੁੱਖ ਕਿਰਦਾਰਾਂ ਨੂੰ ਚੰਗਿਆਈ ਦੀਆਂ ਸੀਮਾਵਾਂ ਦੇ ਅੰਦਰ ਰਹਿਣਾ ਪੈਂਦਾ ਹੈ, ਨਕਾਰਾਤਮਕ ਕਿਰਦਾਰਾਂ ਨੂੰ ਗ੍ਰੇ ਜ਼ੋਨ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਅਤੇ ਇਹੀ ਉਹ ਥਾਂ ਹੈ ਜਿੱਥੇ ਅਸਲ ਡਰਾਮਾ ਹੁੰਦਾ ਹੈ। ਇੱਕ ਅਦਾਕਾਰਾ ਹੋਣ ਦੇ ਨਾਤੇ, ਮੈਨੂੰ ਉਹ ਜਗ੍ਹਾ ਬਹੁਤ ਦਿਲਚਸਪ ਲੱਗਦੀ ਹੈ। ਮੈਂ ‘ਜਮਾਈ ਨੰਬਰ 1’ ਨਾਲ ਜੁੜ ਕੇ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੀ ਹਾਂ। ਇਸ ਸ਼ੋਅ ਨੇ ਪਹਿਲਾਂ ਹੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਾਇਲੀ ਦਾ ਕਿਰਦਾਰ ਕਹਾਣੀ ਵਿੱਚ ਇੱਕ ਨਵਾਂ ਮੋੜ ਲਿਆਵੇਗਾ। ਸਾਇਲੀ ਕੋਈ ਆਮ ਨਕਾਰਾਤਮਕ ਕਿਰਦਾਰ ਨਹੀਂ ਹੈ ਬਲਕਿ ਉਹ ਭਾਵੁਕ, ਤੇਜ਼ ਦਿਮਾਗ਼ ਵਾਲੀ ਅਤੇ ਖ਼ਤਰਨਾਕ ਤੌਰ ’ਤੇ ਚਲਾਕ ਹੈ। ਉਸ ਦਾ ਜਨੂੰਨ, ਉਸ ਦੀ ਸੋਚੀ-ਸਮਝੀ ਹਰਕਤ ਅਤੇ ਉਸ ਦਾ ਅਨਿਯਮਿਤ ਰਵੱਈਆ ਇਸ ਭੂਮਿਕਾ ਨੂੰ ਮੇਰੇ ਲਈ ਚੁਣੌਤੀਪੂਰਨ ਅਤੇ ਮਜ਼ੇਦਾਰ ਬਣਾਉਂਦੇ ਹਨ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਨਵੇਂ ਮੋੜ ਨੂੰ ਪਸੰਦ ਕਰਨਗੇ।’’
ਰਹੱਸਮਈ ਪ੍ਰੇਮ ਕਹਾਣੀ
ਸਨ ਨਿਓ ਵੱਲੋਂ ਆਪਣੇ ਨਵੇਂ ਸ਼ੋਅ ‘ਦਿਵਯ ਪ੍ਰੇਮ: ਪ੍ਰੇਮ ਔਰ ਰਹੱਸ ਕੀ ਕਹਾਨੀ’ ਦੇ ਐਲਾਨ ਤੋਂ ਹੀ ਦਰਸ਼ਕਾਂ ਵਿੱਚ ਇਸ ਸ਼ੋਅ ਦੀ ਚਰਚਾ ਹੋਣ ਲੱਗੀ ਹੈ। ਹੁਣ ਇੱਕ ਦਿਲਚਸਪ ਟੀਜ਼ਰ ਨਾਲ ਇਸ ਉਤਸੁਕਤਾ ਨੂੰ ਹੋਰ ਵੀ ਵਧਾਇਆ ਗਿਆ ਹੈ ਅਤੇ ਇਸ ਰਹੱਸਮਈ ਪ੍ਰੇਮੀ ਕਹਾਣੀ ਦੇ ਮੁੱਖ ਕਿਰਦਾਰਾਂ ਤੋਂ ਪਰਦਾ ਉਠਾਇਆ ਗਿਆ ਹੈ।
ਟੀਜ਼ਰ ਸ਼ੋਅ ਦੀ ਮੁੱਖ ਜੋੜੀ ਨਾਲ ਜਾਣ ਪਛਾਣ ਕਰਾਉਂਦਾ ਹੈ, ਜਿੱਥੇ ਮੇਘਾ ਰੇਅ ਸ਼ੋਅ ਦੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇ ਰਹੀ ਹੈ ਜਦੋਂ ਕਿ ਸੂਰਜ ਪ੍ਰਤਾਪ ਸਿੰਘ ਹੀਰੋ ਦੀ ਭੂਮਿਕਾ ਨਿਭਾਅ ਰਿਹਾ ਹੈ। ਪਹਿਲੇ ਹੀ ਦ੍ਰਿਸ਼ ਤੋ ਟੀਜ਼ਰ ਪਿਆਰ, ਕਿਸਮਤ ਅਤੇ ਕਈ ਰਾਜ਼ਾਂ ਨਾਲ ਭਰਿਆ ਸਿਨੇਮੈਟਿਕ ਅਨੁਭਵ ਹੋਣ ਦਾ ਵਾਅਦਾ ਕਰਦਾ ਹੈ।
ਇਹ ਮਹਾਕਾਲ ਦੀ ਪ੍ਰਭਾਵਸ਼ਾਲੀ ਝਲਕ ਨਾਲ ਸ਼ੁਰੂ ਹੁੰਦਾ ਹੈ ਅਤੇ ਪੂਰਾ ਦ੍ਰਿਸ਼ ਬ੍ਰਹਮਤਾ ਅਤੇ ਰਹੱਸ ਨੂੰ ਉਜਾਗਰ ਕਰਦਾ ਹੈ। ਜਿਵੇਂ ਹੀ ਮੁੱਖ ਪਾਤਰ ਇੱਕ ਦੂਜੇ ਦੇ ਨੇੜੇ ਆਉਂਦੇ ਹਨ, ਉਨ੍ਹਾਂ ਦੀਆਂ ਅੱਖਾਂ ਦਾ ਸੰਪਰਕ ਗਹਿਰੀ ਅਤੇ ਅਣਕਹੀ ਭਾਵਨਾ ਨੂੰ ਜਨਮ ਦਿੰਦਾ ਹੈ। ਉਨ੍ਹਾਂ ਦੇ ਹੱਥਾਂ ਦੇ ਛੂਹਣ ਨਾਲ ਹੀ ਕੁੱਝ ਜਾਦੂਈ ਚੀਜ਼ਾਂ ਵਾਪਰਦੀਆਂ ਹਨ, ਜਿਸ ਵਿੱਚ ਲੜਕੇ ਦੇ ਹੱਥ ’ਤੇ ਤ੍ਰਿਸ਼ੂਲ ਅਤੇ ਨਾਗ ਦਾ ਟੈਟੂ ਅਤੇ ਲੜਕੀ ਦੇ ਸਰੀਰ ’ਤੇ ਸੁਸ਼ੋਭਿਤ ਚੰਦਰਮਾ ਦੋਵੇਂ ਚਮਕਣ ਲੱਗ ਪੈਂਦੇ ਹਨ। ਇਹ ਦ੍ਰਿਸ਼ ਸਿਰਫ਼ ਇੱਕ ਪਲ ਨਹੀਂ ਹੈ, ਸਗੋਂ ਇੱਕ ਗਹਿਰੇ ਸਬੰਧ ਦਾ ਸੰਕੇਤ ਹੈ ਜੋ ਰਹੱਸ, ਜਾਦੂ ਅਤੇ ਕਿਸਮਤ ਨਾਲ ਬੱਝਿਆ ਹੋਇਆ ਹੈ। ਇਹ ਕਹਾਣੀ ਸਿਰਫ਼ ਪਿਆਰ ਦੀ ਨਹੀਂ, ਸਗੋਂ ਉਸ ਅਦਿੱਖ ਧਾਗੇ ਦੀ ਹੈ ਜੋ ਦੋ ਆਤਮਾਵਾਂ ਨੂੰ ਜੋੜਦਾ ਹੈ।
ਸ਼ੋਅ ਵਿੱਚ ਆਪਣੀ ਭੂਮਿਕਾ ਬਾਰੇ ਆਪਣੀ ਖ਼ੁਸ਼ੀ ਜ਼ਾਹਰ ਕਰਦੇ ਹੋਏ ਮੇਘਾ ਰੇਅ ਨੇ ਕਿਹਾ: “ਸਨ ਨਿਓ ਦਾ ਸ਼ੋਅ ‘ਦਿਵਿਆ ਪ੍ਰੇਮ: ਪ੍ਰੇਮ ਔਰ ਰਹੱਸ ਕੀ ਕਹਾਨੀ’ ਮੈਨੂੰ ਕੁਦਰਤੀ ਤੌਰ ’ਤੇ ਮਿਲਿਆ ਸ਼ੋਅ ਹੈ। ਟੀਮ ਨਾਲ ਕੁੱਝ ਗੱਲਬਾਤ ਤੋਂ ਬਾਅਦ ਮੈਨੂੰ ਕਹਾਣੀ ਜਾਂ ਨਿਰਮਾਤਾਵਾਂ ਨਾਲ ਲਗਾਅ ਮਹਿਸੂਸ ਹੋਇਆ। ਇਹ ਉਨ੍ਹਾਂ ਖ਼ਾਸ ਪ੍ਰਾਜੈਕਟਾਂ ਵਿੱਚੋਂ ਇੱਕ ਹੈ ਜੋ ਜ਼ਿੰਦਗੀ ਦੇ ਉਸ ਸੰਪੂਰਨ ਸਮੇਂ ’ਤੇ ਆਉਂਦੇ ਹਨ ਜਦੋਂ ਤੁਸੀਂ ਇੱਕ ਨਵੀਂ ਸ਼ੁਰੂਆਤ ਲਈ ਤਿਆਰ ਹੁੰਦੇ ਹੋ। ਇਹ ਸਿਰਫ਼ ਇੱਕ ਮਨੋਰੰਜਕ ਸ਼ੋਅ ਨਹੀਂ ਹੈ, ਸਗੋਂ ਇੱਕ ਜਾਦੂਈ ਦੁਨੀਆ ਹੈ ਜੋ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ। ਮੈਂ ਦਰਸ਼ਕਾਂ ਦੇ ਸਾਹਮਣੇ ਇਸ ਨਵੇਂ ਅਵਤਾਰ ਨੂੰ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਉਮੀਦ ਕਰਦੀ ਹਾਂ ਕਿ ਉਹ ਪਿਆਰ ਅਤੇ ਰਹੱਸ ਦੀ ਇਸ ਦੁਨੀਆ ਨਾਲ ਇੱਕ ਖ਼ਾਸ ਸਬੰਧ ਮਹਿਸੂਸ ਕਰਨਗੇ।’’
ਹੀਰੋ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਿਹਾ ਅਦਾਕਾਰ ਸੂਰਜ ਪ੍ਰਤਾਪ ਸਿੰਘ ਕਹਿੰਦਾ ਹੈ, ‘‘ਮੈਂ ਸ਼ੁਰੂ ਤੋਂ ਹੀ ਇਸ ਸ਼ੋਅ ਬਾਰੇ ਬਹੁਤ ਉਤਸ਼ਾਹਿਤ ਸੀ। ਜਦੋਂ ਮੈਂ ਇਸ ਦੀ ਕਹਾਣੀ ਪੜ੍ਹੀ ਤਾਂ ਮੈਂ ਫ਼ੈਸਲਾ ਕੀਤਾ ਕਿ ਮੈਨੂੰ ਇਹ ਭੂਮਿਕਾ ਕਿਸੇ ਵੀ ਕੀਮਤ ’ਤੇ ਨਿਭਾਉਣੀ ਹੈ। ਮੈਂ ਮੌਕ ਸ਼ੂਟ ਲਈ ਬਹੁਤ ਮਿਹਨਤ ਕੀਤੀ ਅਤੇ ਤਿੰਨ ਮੌਕ ਸ਼ੂਟ ਦਿੱਤੇ। ਫਿਰ ਇੱਕ ਦਿਨ ਮੈਂ ਮਾਂ ਨਾਲ ਮੰਦਰ ਗਿਆ, ਜਿੱਥੇ ਇੱਕ ਪੁਜਾਰੀ ਨੇ ਮੈਨੂੰ ਰੁਦਰਾਕਸ਼ ਦਿੱਤਾ। ਉਸ ਤੋਂ ਤੁਰੰਤ ਬਾਅਦ, ਮੈਨੂੰ ਕਾਸਟਿੰਗ ਕਾਲ ਆਈ ਕਿ ਮੈਨੂੰ ਸ਼ੋਅ ਲਈ ਚੁਣਿਆ ਗਿਆ ਹੈ। ਮੈਨੂੰ ਸੱਚਮੁੱਚ ਲੱਗਦਾ ਹੈ ਕਿ ਇਹ ਰੁਦਰਾਕਸ਼ ਮਹਾਦੇਵ ਦਾ ਆਸ਼ੀਰਵਾਦ ਸੀ ਜਿਨ੍ਹਾਂ ਨੇ ਮੈਨੂੰ ਇਸ ਸ਼ੋਅ ਦਾ ਹਿੱਸਾ ਬਣਾਇਆ। ਹੁਣ ਸਿਰਫ਼ ਟੀਜ਼ਰ ਰਿਲੀਜ਼ ਹੋਇਆ ਹੈ, ਪਰ ਮੇਰੇ ਲਈ ਆਪਣੀ ਖ਼ੁਸ਼ੀ ਅਤੇ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ।’’
ਇਨਸਾਨੀ ਕਿਰਦਾਰਾਂ ਦਾ ਚਾਹਵਾਨ ਮਹੀਰ ਪਾਂਧੀ
ਅਦਾਕਾਰ ਮਹੀਰ ਪਾਂਧੀ ਜੋ ਕਿ ‘ਵੰਸ਼ਜ’, ‘ਛੋਟੀ ਸਰਦਾਰਨੀ’ ਅਤੇ ‘ਕੌਂਗਰੈਟਸ ਮਾਈ ਐਕਸ’ ਵਰਗੇ ਪ੍ਰਾਜੈਕਟਾਂ ਦਾ ਹਿੱਸਾ ਰਿਹਾ ਹੈ, ਦਾ ਮੰਨਣਾ ਹੈ ਕਿ ਦਰਸ਼ਕਾਂ ਨੂੰ ਹੋਰ ਅਸਲੀ ਅਤੇ ਸਬੰਧਿਤ ਕਿਰਦਾਰ ਦਿਖਾਉਣੇ ਚਾਹੀਦੇ ਹਨ ਨਾ ਕਿ ਉਹ ਕਿਰਦਾਰ ਜੋ ਬਹੁਤ ਜ਼ਿਆਦਾ ਕਾਲਪਨਿਕ ਦੁਨੀਆ ਨਾਲ ਸਬੰਧਿਤ ਹੁੰਦੇ ਹਨ।
ਮਹੀਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸਾਡੇ ਮਨੋਰੰਜਨ ਨੂੰ ਹੋਰ ਅਸਲੀ ਕਿਰਦਾਰਾਂ ਦੀ ਲੋੜ ਹੈ, ਮਨੁੱਖੀ ਕਿਰਦਾਰ ਜਿਨ੍ਹਾਂ ਨਾਲ ਲੋਕ ਜੁੜ ਸਕਣ। ਕਈ ਵਾਰ, ਜਦੋਂ ਤੁਸੀਂ ਕੋਈ ਸ਼ੋਅ ਕਰਦੇ ਹੋ ਤਾਂ ਤੁਹਾਨੂੰ ਆਪਣੀ ਮੁੱਢਲੀ ਸਮਝ ਅਤੇ ਇਨਸਾਨੀਅਤ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਹੈ ਕਿਉਂਕਿ ਕਿਰਦਾਰ ਨੂੰ ਕੁੱਝ ਅਜਿਹਾ ਕਰਨਾ ਪੈਂਦਾ ਹੈ ਜੋ ਹਕੀਕਤ ਤੋਂ ਬਹੁਤ ਦੂਰ ਹੁੰਦਾ ਹੈ।’’
ਉਸ ਨੇ ਅੱਗੇ ਕਿਹਾ, ‘‘ਭਾਵੇਂ ਤੁਸੀਂ ਇੱਕ ਨਕਾਰਾਤਮਕ ਕਿਰਦਾਰ ਨਿਭਾਅ ਰਹੇ ਹੋ, ਤਾਂ ਉਸ ਨੂੰ ਇੰਨਾ ਸਮਝਦਾਰ ਤਾਂ ਹੋਣਾ ਹੀ ਚਾਹੀਦਾ ਹੈ ਕਿ ਉਸ ਨੂੰ ਕੁੱਝ ਗੱਲਾਂ ਸਮਝ ਆ ਸਕਣ, ਪਰ ਇੱਥੇ, ‘ਸਿਨੇਮੈਟਿਕ ਆਜ਼ਾਦੀ’ ਦੇ ਨਾਮ ’ਤੇ ਅਸੀਂ ਸਭ ਕੁੱਝ ਛੱਡ ਦਿੰਦੇ ਹਾਂ। ਆਮ ਸਮਝ ਦੀ ਕੋਈ ਕੀਮਤ ਨਹੀਂ ਹੈ।’’
ਮਹੀਰ ਅਜਿਹੀਆਂ ਭੂਮਿਕਾਵਾਂ ਨਿਭਾਉਣ ਦਾ ਚਾਹਵਾਨ ਰਹਿੰਦਾ ਹੈ ਜੋ ਉਸ ਨੂੰ ਚੁਣੌਤੀ ਦੇਣ। ਉਹ ਦੱਸਦਾ ਹੈ, ‘‘ਮੈਂ ਇੱਕ ਅਜਿਹੀ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ ਜਿਸ ਬਾਰੇ ਲੋਕ ਇੱਕ ਤਰ੍ਹਾਂ ਸੋਚਦੇ ਹਨ ਅਤੇ ਮੈਂ ਇਸ ਨੂੰ ਬਿਲਕੁਲ ਵੱਖਰੇ ਤਰੀਕੇ ਨਾਲ ਨਿਭਾਉਂਦਾ ਹਾਂ। ਇਹੀ ਮੈਨੂੰ ਸਭ ਤੋਂ ਵੱਧ ਪਸੰਦ ਹੈ।’’
ਮਹੀਰ ਦਾ ਮੰਨਣਾ ਹੈ ਕਿ ਇਸ ਖੇਤਰ ਵਿੱਚ ਔਰਤਾਂ ਦੀ ਸਥਿਤੀ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ, ਪਰ ਅਜੇ ਵੀ ਬਹੁਤ ਸੁਧਾਰ ਦੀ ਲੋੜ ਹੈ। ਉਸ ਨੇ ਕਿਹਾ, ‘‘ਔਰਤਾਂ ਨੂੰ ਪਰਦੇ ’ਤੇ ਦਰਸਾਉਣ ਦਾ ਤਰੀਕਾ ਥੋੜ੍ਹਾ ਬਦਲ ਗਿਆ ਹੈ। ਹੁਣ ਕੁੱਝ ਔਰਤ-ਕੇਂਦਰਿਤ ਫਿਲਮਾਂ ਅਤੇ ਸ਼ੋਅ ਬਣਾਏ ਜਾ ਰਹੇ ਹਨ ਜੋ ਕਿ ਵਧੀਆ ਗੱਲ ਹੈ।’’ ਪਰ ਫਿਰ ਵੀ ਜ਼ਿਆਦਾਤਰ ਵਾਰ ਔਰਤਾਂ ਨੂੰ ਗੀਤਾਂ ਵਿੱਚ ਸਿਰਫ਼ ਗਲੈਮਰ ਅਤੇ ਸ਼ੋਅਪੀਸ ਵਜੋਂ ਹੀ ਦਿਖਾਇਆ ਜਾਂਦਾ ਹੈ। ਇਹ ਬਹੁਤ ਘੱਟ ਹੁੰਦਾ ਹੈ ਕਿ ਕੋਈ ਔਰਤ ਅਦਾਕਾਰ ਕਿਸੇ ਕਹਾਣੀ ਦੀ ਅਗਵਾਈ ਕਰੇ।’’