ਛੇ ਵਿਅਕਤੀ ਇਕਾਂਤਵਾਸ ’ਚ ਭੇਜੇ

ਜਗਤਾਰ ਸਿੰਘ ਨਹਿਲ
ਲੌਂਗੋਵਾਲ , 3 ਅਪਰੈਲ
ਨੇੜਲੇ ਪਿੰਡ ਢੱਡਰੀਆਂ ਅਤੇ ਤੋਗਾਵਾਲ ਨਾਲ ਸੰਬਧਿਤ ਗੁਜਰਾਤ ਤੋਂ ਆਪਣੇ ਪਿੰਡਾਂ ਨੂੰ ਆ ਰਹੇ 6 ਵਿਅਕਤੀਆਂ ਨੂੰ ਸਿਹਤ ਵਿਭਾਗ ਨੇ ਆਪੋ ਆਪਣੇ ਘਰਾਂ ਵਿਚ 14 ਦਿਨਾਂ ਲਈ ਅਲਹਿਦਗੀ ਵਿੱਚ ਰਹਿਣ ਲਈ ਕਿਹਾ ਹੈ। ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ. ਬਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕਰਫ਼ਿਊ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੀਤੀ ਜਾ ਰਹੀ ਗਸ਼ਤ ਦੇ ਅਧੀਨ ਜਦੋਂ ਉਹ ਪਿੰਡ ਉਭਾਵਾਲ ਵਿੱਚ ਮੌਜੂਦ ਸਨ ਤਾਂ ਇੱਕ ਕੈਂਟਰ ਦੀ ਪੜਤਾਲ ਕੀਤੀ ਗਈ ਤਾਂ ਉਸ ਵਿੱਚ ਪਿੰਡ ਢੱਡਰੀਆਂ ਨਾਲ ਸੰਬੰਧਿਤ 5 ਵਿਅਕਤੀ ਅਤੇ ਪਿੰਡ ਤੋਗਾਵਾਲ ਨਾਲ ਸਬੰਧਿਤ 1 ਵਿਅਕਤੀ ਸਵਾਰ ਸਨ ਜੋ ਕਿ ਗੁਜਰਾਤ ਤੋਂ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 6 ਵਿਅਕਤੀਆਂ ਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾਂ ਕਰਦਿਆਂ ਪੂਰਨ ਸਾਵਧਾਨੀ ਨਾਲ ਸਿਹਤ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਐੱਸ.ਐੱਮ.ਓ. ਲੌਂਗੋਵਾਲ ਅੰਜੂ ਸਿੰਗਲਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿੱਚ ਕਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ।

Tags :