ਛੇ ਪਿਸਤੌਲਾਂ ਸਣੇ ਤਿੰਨ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜੂਨ
ਇੱਥੇ ਬੀਐੱਸਐੱਫ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਸਾਂਝੇ ਅਪਰੇਸ਼ਨ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਛੇ ਪਿਸਤੌਲ ਬਰਾਮਦ ਕੀਤੇ ਹਨ। ਬੀਐੱਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਸਾਂਝੇ ਅਪਰੇਸ਼ਨ ਤਹਿਤ ਇਥੇ ਖ਼ਾਲਸਾ ਕਾਲਜ ਨੇੜਲੇ ਇਲਾਕੇ ’ਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਥਿਆਰਾਂ ਦੀ ਸੌਦੇਬਾਜ਼ੀ ਬਾਰੇ ਸੂਹ ਮਿਲੀ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮ ਅੰਮ੍ਰਿਤਸਰ ਦੇ ਗੇਟ ਹਕੀਮਾਂ ਅਤੇ ਛੇਹਰਟਾ ਇਲਾਕੇ ਦੇ ਵਸਨੀਕ ਹਨ, ਜਿਨ੍ਹਾਂ ਕੋਲੋਂ ਛੇ ਪਿਸਤੌਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਛੇ ਮੈਗਜ਼ੀਨ, ਚਾਰ ਮੋਬਾਈਲ, ਇੱਕ ਸਕੂਟਰ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪਿਸਤੌਲ ਪੀਲੀ ਦੀ ਟੇਪ ਨਾਲ ਲਪੇਟੇ ਹੋਏ ਸਨ ਤੇ ਹਰ ਪਿਸਤੌਲ ਨਾਲ ਲੋਹੇ ਦੀ ਰਿੰਗ ਜੁੜੀ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਰਾਜਨ ਉਰਫ਼ ਰਾਜਾ, ਘਣੂਪੁਰ ਕਾਲੇ ਦੇ ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਛੇਹਰਟਾ ਦੇ ਦਿਨੇਸ਼ ਕੁਮਾਰ ਉਰਫ਼ ਨਿਸ਼ੂ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਤਿੰਨੋਂ ਮੁਲਜ਼ਮ ਜੇਲ੍ਹ ਵਿੱਚ ਬੰਦ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਜੁਗਰਾਜ ਸਿੰਘ ਦੇ ਸਾਥੀ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਹਥਿਆਰਾਂ ਵਿੱਚ ਦੋ ਗਲੋਕ ਪਿਸਤੌਲ ਆਸਟਰੇਲੀਆ ਜਦਕਿ ਦੋ ਪੁਆਇੰਟ 30 ਬੋਰ ਦੇ ਪਿਸਤੌਲ ਇਟਲੀ ਦੇ ਬਣੇ ਹੋਏ ਹਨ, ਇੱਕ ਪੁਆਇੰਟ 30 ਬੋਰ ਦਾ ਸਟਾਰ ਮਾਰਕ ਪਿਸਤੌਲ ਹੈ ਅਤੇ ਇੱਕ ਹੋਰ ਬਰੇਟਾ ਗਾਰਡਨ ਵੀਟੀ ਏਪੀਐੱਸ 30 ਬੋਰ ਦਾ ਪਿਸਤੌਲ ਹੈ। ਇਹ ਸਾਰੀਆਂ ਵਿਦੇਸ਼ੀ ਪਿਸਤੌਲਾਂ ਹਨ। ਉਨ੍ਹਾਂ ਕਿਹਾ ਕਿ ਇਹ ਪਿਸਤੌਲਾਂ ਪੀਲੇ ਰੰਗ ਦੀ ਟੇਪ ਨਾਲ ਲਪੇਟੀਆਂ ਹੋਈਆਂ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਪਾਕਿਸਤਾਨ ਤੋਂ ਤਸਕਰੀ ਰਾਹੀਂ ਇੱਥੇ ਭੇਜਿਆ ਗਿਆ ਹੈ ਅਤੇ ਇਸ ਵਾਸਤੇ ਡਰੋਨ ਦੀ ਵਰਤੋਂ ਕੀਤੀ ਗਈ। ਏਐੱਨਟੀਐੱਫ ਅਧਿਕਾਰੀਆਂ ਮੁਤਾਬਕ ਜੁਗਰਾਜ ਸਿੰਘ ਨੂੰ ਸੋਮਵਾਰ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।