ਛੇੜਛਾੜ ਮਾਮਲਾ: ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ’ਚ ਹੰਗਾਮਾ

ਸਕੂਲ ਵਿਚ ਪ੍ਰਦਰਸ਼ਨ ਕਰਦੇ ਹੋਏ ਪੀੜਤ ਬੱਚੀ ਦੇ ਪਰਿਵਾਰਕ ਮੈਂਬਰ ਤੇ ਹੋਰ ਲੋਕ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 10 ਸਤੰਬਰ
ਹੰਬੜਾ ਰੋਡ ਸਥਿਤ ਇਕ ਸਕੂਲ ’ਚ ਪੜ੍ਹਨ ਵਾਲੀ ਚਾਰ ਸਾਲਾ ਬੱਚੀ ਨਾਲ ਬੱਸ ਡਰਾਈਵਰ ਵੱਲੋਂ ਛੇੜਛਾੜ ਦੇ ਮਾਮਲੇ ’ਚ ਮੰਗਲਵਾਰ ਨੂੰ ਲੋਕ ਭੜਕ ਉੱਠੇ। ਬੱਚੀ ਦੇ ਪਰਿਵਾਰ ਵਾਲੇ ਤੇ ਵੱਡੀ ਗਿਣਤੀ ਲੋਕ ਸਕੂਲ ਪੁੱਜ ਗਏ। ਉਨ੍ਹਾਂ ਨੇ ਸਕੂਲ ਨੂੰ ਘੇਰ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਕੂਲ ਦੇ ਅੰਦਰ ਪੰਜ ਘੰਟੇ ਤੱਕ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਗੁੱਸੇ ’ਚ ਪ੍ਰਦਰਸ਼ਨਕਾਰੀਆਂ ਨੇ ਸਕੂਲ ’ਚ ਹੰਗਾਮਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਵਿੱਚੋਂ ਹੀ ਕਿਸੇ ਨੇ ਸਕੂਲ ਪ੍ਰਿੰਸੀਪਲ ਦੇ ਦਫ਼ਤਰ ਦੇ ਬਾਹਰ ਲੱਗਿਆ ਸ਼ੀਸ਼ਾ ਤੇ ਕਲਾਸ ਰੂਮ ਦੇ ਸ਼ੀਸ਼ੇ ਤੋੜ ਦਿੱਤੇ। ਪ੍ਰਦਰਸ਼ਨ ਦੀ ਸੂਚਨਾ ਮਿਲਣ ਮਗਰੋਂ ਥਾਣਾ ਦਾਖਾ ਦੇ ਨਾਲ ਲੁਧਿਆਣਾ ਦੇ ਕਈ ਥਾਣਿਆਂ ਦੀ ਪੁਲੀਸ ਵੀ ਸਕੂਲ ਦੇ ਬਾਹਰ ਪੁੱਜੀ ਹੋਈ ਸੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕੀਤਾ। ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਕਾਰੀ ਬੱਸ ਡਰਾਈਵਰ ਤੇ ਸਕੂਲ ਪ੍ਰਬੰਧਕਾਂ ’ਤੇ ਗੱਲ ਨਾ ਸੁਣਨ ਦੇ ਦੋਸ਼ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਰਹੇ। ਬਾਅਦ ਵਿਚ ਡੀਐੱਸਪੀ ਦਾਖਾ ਗੁਰਬੰਸ ਸਿੰਘ ਬੈਂਸ ਨੇ ਪ੍ਰਦਰਸ਼ਨਕਾਰੀਆਂ ਨੂੰ ਬਿਆਨ ਦਰਜ ਕਰ ਕੇ ਕਾਰਵਾਈ ਦਾ ਵਾਅਦਾ ਕੀਤਾ ਤਾਂ ਪ੍ਰਦਰਸ਼ਨਕਾਰੀ ਸ਼ਾਂਤ ਹੋ ਕੇ ਵਾਪਸ ਗਏ। ਸੋਮਵਾਰ ਨੂੰ ਮਾਮਲਾ ਵਿਗੜਦਾ ਦੇਖ ਸਕੂਲ ਪ੍ਰਬੰਧਕਾਂ ਨੇ ਮੰਗਲਵਾਰ ਨੂੰ ਛੁੱਟੀ ਕਰ ਦਿੱਤੀ। ਮੰਗਲਵਾਰ ਸਵੇਰੇ ਹੀ ਬੱਚੀ ਦੇ ਪਰਿਵਾਰ ਵਾਲੇ ਤੇ ਹੋਰ ਲੋਕ ਪ੍ਰਦਰਸ਼ਨ ਕਰਦੇ ਹੋਏ ਸਕੂਲ ਪੁੱਜ ਗਏ। ਪੁਲੀਸ ਉਨ੍ਹਾਂ ਨੂੰ ਭਰੋਸਾ ਦਿੰਦੀ ਰਹੀ ਕਿ ਉਹ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਵਾਉਣ, ਪਰ ਪ੍ਰਦਰਸ਼ਨਕਾਰੀ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਸਨ। ਉਹ ਡਰਾਈਵਰ ਦੇ ਨਾਲ-ਨਾਲ ਸਕੂਲ ਪ੍ਰਬੰਧਕਾਂ ’ਤੇ ਵੀ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ।
ਕਿਸੇ ਤਰ੍ਹਾਂ ਪੁਲੀਸ ਨੇ ਉਨ੍ਹਾਂ ਨੂੰ ਸਮਝਾਇਆ ਤੇ ਕਾਰਵਾਈ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵਾਲੇ ਥਾਣਾ ਦਾਖਾ ਪੁੱਜੇ ਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਵਾਇਆ। ਡੀਐੱਸਪੀ ਦਾਖਾ ਗੁਰਬੰਸ ਸਿੰਘ ਨੇ ਦੱਸਿਆ ਕਿ ਸਕੂਲ ਬੱਸ ਦੇ ਡਰਾਈਵਰ ਸੁਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਧਰ, ਸਕੂਲ ਪ੍ਰਬੰਧਕਾਂ ਨੇ ਬਿਆਨ ਜਾਰੀ ਕੀਤਾ ਹੈ ਕਿ ਉਹ ਬੱਚੀ ਦੇ ਪਰਿਵਾਰ ਵਾਲਿਆਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੇ ਮੰਗਣ ’ਤੇ ਸੀਸੀਟੀਵੀ ਫੁਟੇਜ਼, ਜੀਪੀਐੱਸ ਤੇ ਹੋਰ ਸਾਮਾਨ ਦੇ ਦਿੱਤਾ ਗਿਆ ਹੈ। ਸਕੂਲ ਪ੍ਰਬੰਧਕਾਂ ਨੇ ਭੰਨ੍ਹ ਤੋੜ ਦੀ ਨਿਖੇਧੀ ਕੀਤੀ ਹੈ।