For the best experience, open
https://m.punjabitribuneonline.com
on your mobile browser.
Advertisement

ਛਿੰਦੇ ਵਾਲਾ ਟੈਂਪੂ

04:55 AM Jun 11, 2025 IST
ਛਿੰਦੇ ਵਾਲਾ ਟੈਂਪੂ
Advertisement

ਅਮਰੀਕ ਸਿੰਘ ਦਿਆਲ

Advertisement

ਕੈਨੇਡਾ ਜਾ ਵਸੇ ਭਾਗ ਸਿੰਘ ਅਟਵਾਲ ਨੇ ਯਾਦਾਂ ਦੀਆਂ ਤਾਰਾਂ ਟੁਣਕਾ ਦਿੱਤੀਆਂ ਸਨ। ਸਵੇਰੇ ਮੋਬਾਈਲ ਖੋਲ੍ਹਿਆ ਤਾਂ ਫੇਸਬੁੱਕ ’ਤੇ ਪੋਸਟ ਦਿਸੀ; ਸਵਾਰੀਆਂ ਲੱਦੇ ਟੈਂਪੂ ਦੀ ਫੋਟੋ ਨਾਲ ਲਿਖਿਆ ਹੋਇਆ ਸੀ: ਲੱਭ ਗਿਆ ਛਿੰਦੇ ਵਾਲਾ ਟੈਂਪੂ। ਭਾਗ ਸਿੰਘ ਸ਼ੂਗਰ ਮਿੱਲ ਨਵਾਂ ਸ਼ਹਿਰ ਦੀ ਇੰਸਪੈਕਟਰੀ ਵੇਲੇ ਛਿੰਦੇ ਦੇ ਟੈਂਪੂ ਦੀ ਸਵਾਰੀ ਕਰਦਾ ਰਿਹਾ। ਫਿਰ ਕੀ ਸੀ।...ਯਾਦਾਂ ਨੇ ਪਿਛਾਂਹ ਫੇਰਾ ਪਾ ਲਿਆ।
ਪਿੰਡਾਂ ਵਿੱਚ ਮਿੰਨੀ ਬੱਸਾਂ ਦੀ ਆਮਦ ਤੋਂ ਪਹਿਲਾਂ ਕਾਲੇ ਪਿੰਡੇ ਅਤੇ ਪੀਲੇ ਮੂੰਹ ਵਾਲੇ ਟੈਂਪੂਆਂ ਦੀ ਸਰਦਾਰੀ ਹੁੰਦੀ ਸੀ। ਇਨ੍ਹਾਂ ਨੂੰ ਭੂੰਡ ਵੀ ਕਹਿੰਦੇ ਸਨ। ਛਿੰਦੇ ਦੇ ਟੈਂਪੂ ਖਰੀਦਣ ਤੋਂ ਪਹਿਲਾਂ ਤਿੰਨ ਟੈਂਪੂ ਚਲਦੇ ਹੁੰਦੇ ਸਨ। ਨਿਰਮਲ, ਹਰਮੇਸ਼ ਅਤੇ ਜੀਤ ਵਾਲਾ ਟੈਂਪੂ। ਇਲਾਕੇ ਦੇ ਅੱਡਾ ਹੈਬੋਵਾਲ ਤੋਂ ਝੁੱਗੀਆਂ ਤੱਕ ਕਰੀਬ ਅੱਠ ਕਿਲੋਮੀਟਰ ਦਾ ਪੈਂਡਾ ਤੈਅ ਕਰਦੇ। ਬੱਸਾਂ ਦੀ ਆਵਾਜਾਈ ਨਾ-ਮਾਤਰ ਸੀ, ਦੁਪਹੀਆ ਵਾਹਨ ਵਿਰਲੇ-ਟਾਵੇਂ ਕੋਲ ਹੁੰਦਾ ਸੀ। ਪੈਦਲ ਵਾਲੇ ਦੌਰ ਤੋਂ ਬਾਅਦ ਇਹ ਤਿਪਹੀਆ ਟੈਂਪੂ ਹੀ ਲੋਕਾਂ ਲਈ ਆਵਾਜਾਈ ਦਾ ਨਵਾਂ-ਨਵਾਂ ਸਾਧਨ ਬਣਿਆ ਸੀ। ਇਸ ਰੂਟ ਲਈ ਛਿੰਦੇ ਦਾ ਇਹ ਚੌਥਾ ਟੈਂਪੂ ਸੀ। ਬਾਅਦ ’ਚ ਪੰਜਵਾਂ ਸੁਰਿੰਦਰ ਵਾਲਾ ਟੈਂਪੂ ਵੀ ਆਣ ਰਲਿਆ।
ਛਿੰਦਾ ਜਦੋਂ ਜਲੰਧਰੋਂ ਪਰਮਿਟ ਲੈਣ ਗਿਆ ਤਾਂ ਸਬੰਧਿਤ ਅਧਿਕਾਰੀ ਨੇ ਉਸ ਦਾ ਪ੍ਰੈੱਪ ਤੱਕ ਦੀ ਪੜ੍ਹਾਈ ਦਾ ਸਰਟੀਫਿਕੇਟ ਦੇਖ ਕੇ ਮਿੰਨੀ ਬੱਸ ਦਾ ਪਰਮਿਟ ਲੈਣ ਲਈ ਪ੍ਰੇਰਿਆ ਪਰ ਇਸ ਮਕਸਦ ਲਈ ਛਿੰਦੇ ਦਾ ਖੀਸਾ ਇਜਾਜ਼ਤ ਨਹੀਂ ਸੀ ਦਿੰਦਾ। ਉਨ੍ਹਾਂ ਵੇਲਿਆਂ ’ਚ ਕੋਈ ਟਾਈਮ-ਟੇਬਲ ਨਹੀਂ ਸੀ ਹੁੰਦਾ। ਜਦੋਂ ਟੈਂਪੂ ਸਵਾਰੀਆਂ ਨਾਲ ਭਰ ਗਿਆ ਤਾਂ ਤੁਰ ਪੈਣਾ। ਸਵਾਰੀ ਦੀ ਘਾਟ ਨਹੀਂ ਸੀ। ਸਵੇਰੇ ਸਾਢੇ ਛੇ ਵਜੇ ਸਵਾਰੀਆਂ ਪਹੁੰਚ ਜਾਂਦੀਆਂ। ਛਿੰਦੇ ਦੇ ਦੱਸਣ ਅਨੁਸਾਰ, ਕਈ ਵਾਰ ਤਾਂ ਰੋਟੀ ਖਾਣ ਦਾ ਟਾਈਮ ਵੀ ਨਹੀਂ ਸੀ ਮਿਲਦਾ। ਸਵਾਰੀ ਵੀ ਐਨੀ ਕਾਹਲੀ ਨਹੀਂ ਸੀ ਹੁੰਦੀ। ਇਹ ਸਬਰ ਸੰਤੋਖ ਵਾਲਾ ਸਮਾਂ ਸੀ। ਅੱਜ ਵਾਲੀ ਦੌੜ-ਭੱਜ ਦੂਰ ਦੀ ਗੱਲ ਸੀ।
ਟੈਂਪੂ ਵਾਲਿਆਂ ਨੂੰ ਜਦੋਂ ਸੌ ਰੁਪਇਆ ਬਣ ਜਾਂਦਾ ਤਾਂ ਉਹ ਆਪਣਾ ਦਿਨ ਦਾ ਟੀਚਾ ਪੂਰਾ ਹੋ ਗਿਆ ਸਮਝਦੇ। ਗਰਮੀਆਂ ਵਿੱਚ ਇਹ ਤਪਦੇ ਹੁੰਦੇ, ਸਰਦੀਆਂ ਵਿੱਚ ਹਵਾ ਦੇ ਠੰਢੇ ਬੁੱਲੇ ਆਰ-ਪਾਰ ਹੁੰਦੇ। ਬਰਸਾਤਾਂ ਵਿੱਚ ਪਾਣੀ ਦੀਆਂ ਬੁਛਾੜਾਂ ਨਾਲ ਸਾਹਮਣਾ ਹੋ ਜਾਂਦਾ। ਇਹ ਵਾਹਨ ਨੌਂ ਸਵਾਰੀਆਂ ਪਾਸ ਹੁੰਦਾ ਸੀ ਪਰ ਸਵਾਰੀਆਂ ਸਮਰੱਥਾ ਤੋਂ ਕਈ ਗੁਣਾ ਢੋਣੀਆਂ ਪੈਂਦੀਆਂ। ਕਿਰਾਇਆ ਇੱਕ ਰੁਪਇਆ ਪ੍ਰਤੀ ਸਵਾਰੀ। ਹਸਮੁੱਖ ਅਤੇ ਖੁੱਲ੍ਹੇ-ਡੁੱਲ੍ਹੇ ਸੁਭਾਅ ਵਾਲਾ ਹੋਣ ਕਰ ਕੇ ਛਿੰਦਾ ਸਵਾਰੀਆਂ ਦਾ ਚਹੇਤਾ ਸੀ। ਮਿੱਤਰ, ਰਿਸ਼ਤੇਦਾਰ, ਭਲਵਾਨੀ ਗੇੜੀ ਦੇ ਸ਼ੁਕੀਨ, ਝੋਲਾ ਫੜ ਕੇ ਸਵਾਰੀਆਂ ਤੋਂ ਪੈਸੇ ਉਗਰਾਹੁਣ ਵਾਲੇ ਅਤੇ ਮੂੰਹ-ਮੁਲਾਹਜ਼ੇ ਵਾਲੇ ਉਹਨੂੰ ਉਡੀਕਦੇ ਹੁੰਦੇ। ਕੁੱਲ ਮਿਲਾ ਕੇ ਇਹ ਮੁਫ਼ਤ ਵਾਲੀਆਂ ਸਵਾਰੀਆਂ ਹੁੰਦੀਆਂ ਸਨ। ਉਹ ਖ਼ੁਦ ਕਬੱਡੀ ਦਾ ਖਿਡਾਰੀ ਹੋਣ ਕਰ ਕੇ ਟੂਰਨਾਮੈਂਟ ਤੱਕ ਟੀਮ ਲਿਜਾਣ ਦੀ ਸੇਵਾ ਵੀ ਕਰਦਾ ਰਿਹਾ। ਉਂਝ ਵੀ ਉਹ ਕਿਸੇ ਨਾਲ ਕੋਰਾ ਨਹੀਂ ਸੀ ਵੱਜਦਾ। ਉਹਦਾ ਟੈਂਪੂ ਮਕਾਣਾਂ, ਨਾਨਕ ਛੱਕ, ਦੋਮੇਲ ਦੀ ਵਿਸਾਖੀ ਲਈ ਸਪੈਸ਼ਲ ਬੁੱਕ ਕੀਤਾ ਜਾਂਦਾ ਸੀ। ਬਰਾਤ ਵਾਲੇ ਟਰੱਕ ਨਾਲ ਟੈਂਪੂ ਵੀ ਬੁੱਕ ਕਰ ਲਿਆ ਜਾਂਦਾ। ਰਾਤੋ-ਰਾਤ ਦੋਮੇਲ ਦੇ ਤਿੰਨ ਗੇੜੇ ਲੱਗ ਜਾਂਦੇ ਸਨ। ਇਹ ਗੱਲ ਸ਼ਾਇਦ ਨਵੀਂ ਪੀੜ੍ਹੀ ਲਈ ਓਪਰੀ ਜਾਪੇ ਕਿ ਛਿੰਦੇ ਦੇ ਟੈਂਪੂ ਵਿੱਚ ਸੱਤ ਮੁਕਲਾਵੇ ਵੀ ਆਏ। ਉਨ੍ਹਾਂ ਵੇਲਿਆਂ ਵਿੱਚ ਪੂਰੇ ਇਲਾਕੇ ਵਿੱਚ ਦੋ ਜਾਂ ਤਿੰਨ ਕੁ ਕਾਰਾਂ ਸਨ।
ਇਹ ਗੱਲਾਂ 1987-88 ਤੋਂ ਪਹਿਲੀਆਂ ਹਨ। ਟੈਂਪੂ ਦਾ ਪੂਰਾ ਭਾਰ ਮੂਹਰੇ ਲੱਗੇ ਸਪੈਂਡਲ ’ਤੇ ਹੁੰਦਾ। ਜਦੋਂ ਕਦੀ ਇਹ ਟੁੱਟ ਜਾਂਦਾ ਤਾਂ ਭਰੀਆਂ ਸਵਾਰੀਆਂ ਵਾਲਾ ਟੈਂਪੂ ਚਲਦਾ-ਚਲਦਾ ਮੂਧੇ ਮੂੰਹ ਹੋ ਜਾਂਦਾ। ਇਹ ਵਰਤਾਰਾ ਸਾਲ ਵਿੱਚ ਦੋ ਵਾਰ ਵਾਪਰ ਹੀ ਜਾਂਦਾ ਸੀ। ਉਘੜ-ਦੁਘੜ ਹੋਈਆਂ ਸਵਾਰੀਆਂ ਵਿੱਚੋਂ ਸੁਭਾਅ ਅਨੁਸਾਰ ਕੁਝ ਤਾਂ ਗੱਲ ਹਾਸੇ ਵਿੱਚ ਪਾ ਲੈਂਦੀਆਂ, ਕੁਝ ਲੜਨ ਨੂੰ ਪੈਂਦੀਆਂ। 1985 ਤੋਂ 90 ਦੇ ਅਰਸੇ ਤੱਕ ਸੜਕ ’ਤੇ ਟੈਂਪੂ ਅਤੇ ਟੈਂਪੂ ਵਾਲਿਆਂ ਦੀ ਤੂਤੀ ਬੋਲਦੀ ਰਹੀ। ਹੁਣ ਤਾਂ ਘਰ-ਘਰ ਤੱਕ ਦੁਪਹੀਆ ਅਤੇ ਚੁਪਹੀਆ ਵਾਹਨਾਂ ਦੀ ਭਰਮਾਰ ਹੈ।
1990 ਵਿੱਚ ਪਹਿਲੀ, ਪਾਲ ਵਾਲੀ ਮਿੰਨੀ ਬੱਸ ਇਸ ਰੂਟ ’ਤੇ ਆਈ। ਫਿਰ ਪੰਡਤ ਚੂਨੀ ਲਾਲ ਵਾਲੀ ਤੇ ਫਿਰ ਮਨਜੀਤ ਸਿੰਘ ਵਾਲੀ ਦੌਲਾ ਕੋਚ। ਹੁਣ ਮਿੰਨੀ ਬੱਸਾਂ ਦੀ ਗਿਣਤੀ ਵਧ ਗਈ ਹੈ। ਸ੍ਰੀ ਖਰਾਲਗੜ੍ਹ ਸਾਹਿਬ ਤੋਂ ਗੜ੍ਹਸ਼ੰਕਰ ਤੱਕ ਬੱਸਾਂ ਦੀ ਆਵਾਜਾਈ ਨਾਲ ਟੈਂਪੂਆਂ ਦੇ ਯੁੱਗ ਦਾ ਅੰਤ ਹੋ ਗਿਆ। ਛਿੰਦਾ ਅੱਜ ਕੱਲ੍ਹ ਵਿਦੇਸ਼ ਤੋਂ ਖੱਟੀ-ਕਮਾਈ ਕਰ ਕੇ ਪਿੰਡ ਪਰਤ ਆਇਆ ਹੈ ਪਰ ਸਵਾਰੀਆਂ ਦੀ ਮਿਲੀ ਇੱਜ਼ਤ-ਮਾਣ ਨੂੰ ਵੀ ਆਪਣਾ ਸਰਮਾਇਆ ਸਮਝਦਾ ਹੈ।
ਸੰਪਰਕ: 94638-51568

Advertisement
Advertisement

Advertisement
Author Image

Jasvir Samar

View all posts

Advertisement