ਛਾਵਾਂ ਦੇ ਰਾਖੇ
ਬਾਲ ਕਹਾਣੀ
ਰਘੁਵੀਰ ਸਿੰਘ ਕਲੋਆ
ਜਗਜੀਤ ਅਤੇ ਅਮਰੀਕ, ਦੋਵੇਂ ਗੂੜ੍ਹੇ ਮਿੱਤਰ ਸਨ। ਪਿੰਡ ਦੇ ਸਕੂਲ ਤੋਂ ਪੰਜਵੀਂ ਕਰਨ ਉਪਰੰਤ ਉਹ ਹੁਣ ਲਾਗੇ ਦੇ ਵੱਡੇ ਸਕੂਲ ਵਿੱਚ ਪੜ੍ਹਦੇ ਸਨ। ਉਨ੍ਹਾਂ ਦਾ ਇਹ ਸਕੂਲ ਉਨ੍ਹਾਂ ਦੇ ਪਿੰਡ ਤੋਂ ਢਾਈ-ਤਿੰਨ ਕਿਲੋਮੀਟਰ ਦੀ ਵਾਟ ’ਤੇ ਪੈਂਦਾ ਸੀ। ਬੀਤ ਦਾ ਨੀਮ ਪਹਾੜੀ ਇਲਾਕਾ ਹੋਣ ਕਾਰਨ ਉਨ੍ਹਾਂ ਦੇ ਸਕੂਲ ਨੂੰ ਜਾਂਦਾ ਰਸਤਾ ਵਲ-ਵਲੇਂਵੇਦਾਰ ਅਤੇ ਉਤਰਾਈ ਚੜ੍ਹਾਈ ਵਾਲਾ ਸੀ। ਗੱਲੀਂ ਬਾਤੀਂ ਦੋਵੇਂ ਆਲਾ ਦੁਆਲਾ ਝਾਕਦੇ ਹੋਏ ਆਪਣੀ ਇਹ ਵਾਟ ਝੱਟ ਮੁਕਾ ਲੈਂਦੇ।
ਅਪਰੈਲ ਮਹੀਨਾ ਤਾਂ ਠੀਕ ਰਿਹਾ, ਪਰ ਮਈ ਚੜ੍ਹਦਿਆਂ ਹੀ ਗਰਮੀ ਨੇ ਪੂਰਾ ਜ਼ੋਰ ਫੜ ਲਿਆ। ਦੁਪਹਿਰ ਵੇਲੇ ਜਦੋਂ ਸਕੂਲੋਂ ਛੁੱਟੀ ਹੁੰਦੀ ਤਾਂ ਚੁਫੇਰਾ ਤਪਿਆ ਹੁੰਦਾ। ਛੁੱਟੀ ਹੁੰਦਿਆਂ ਸਾਰ ਹੋਰਾਂ ਵਿਦਿਆਰਥੀਆਂ ਵਾਂਗ ਜਗਜੀਤ ਅਤੇ ਅਮਰੀਕ ਵੀ ਘਰ ਜਾਣ ਲਈ ਸ਼ੂਟ ਵੱਟ ਲੈਂਦੇ। ਵਾਪਸੀ ਵੇਲੇ ਉਤਰਾਈ ਹੋਣ ਕਰਕੇ ਉਂਜ ਵੀ ਉਨ੍ਹਾਂ ਦੇ ਪੈਰ ਮੱਲੋ ਮੱਲੀ ਤੇਜ਼ ਹੋ ਜਾਂਦੇ ਸਨ। ਤੇਜ਼ ਤੁਰਦਿਆਂ ਜਦੋਂ ਸੜਕ ਕਿਨਾਰੇ ਖੜ੍ਹੇ ਕਿਸੇ ਵਿਰਲੇ ਟਾਵੇਂ ਰੁੱਖ ਦੀ ਛਾਂ ਆਉਂਦੀ ਤਾਂ ਉਹ ਮਨੋਮਨੀ ਸੋਚਦੇ, ‘ਕਾਸ਼! ਪੂਰੀ ਸੜਕ ਦੁਆਲੇ ਰੁੱਖ ਹੁੰਦੇ।’
ਜਗਜੀਤ ਹੋਰਾਂ ਦਾ ਸਕੂਲ ਕਾਫ਼ੀ ਖੁੱਲ੍ਹਾ ਅਤੇ ਹਵਾਦਾਰ ਸੀ। ਸਕੂਲ ਅੰਦਰ ਤਿੰਨ-ਚਾਰ ਬੋਹੜ ਦੇ ਰੁੱਖ ਬੜੇ ਹੀ ਪੁਰਾਣੇ ਸਨ। ਅੱਧੀ ਛੁੱਟੀ ਵੇਲੇ ਬਹੁਤੇ ਵਿਦਿਆਰਥੀ ਇਨ੍ਹਾਂ ਦੀ ਛਾਵੇਂ ਹੀ ਖੇਡਦੇ। ਇੱਕ ਦਿਨ ਜਗਜੀਤ ਉੱਥੇ ਬੈਠਾ ਛਾਂ ਦਾ ਆਨੰਦ ਮਾਣ ਰਿਹਾ ਸੀ ਕਿ ਅਮਰੀਕ ਇੱਕ ਲਿਫ਼ਾਫ਼ਾ ਲਈ ਉਸ ਕੋਲ ਭੱਜਾ ਆਇਆ,
‘‘ਆਹ ਵੇਖ! ਮੈਂ ਤੇਰੇ ਲਈ ਕੀ ਲਿਆਇਆਂ।’’ ਜਦੋਂ ਜਗਜੀਤ ਨੇ ਲਿਫ਼ਾਫ਼ੇ ਅੰਦਰ ਝਾਕਿਆ ਤਾਂ ਖ਼ੁਸ਼ ਹੁੰਦਿਆਂ ਉਹ ਤੁਰੰਤ ਬੋਲਿਆ;
‘‘ਵਾਹ! ਕਿੰਨੇ ਸੋਹਣੇ ਆੜੂ।’’
ਦੋਵੇਂ ਦੋਸਤਾਂ ਨੇ ਬੜੇ ਹੀ ਚਾਅ ਨਾਲ ਉਹ ਆੜੂ ਖਾਧੇ ਤੇ ਗਿਟਕਾਂ ਉੁਸੇ ਲਿਫ਼ਾਫ਼ੇ ਵਿੱਚ ਪਾ ਕੇ ਡਸਟਬਿਨ ਵਿੱਚ ਪਾਉਣ ਲਈ ਰੱਖ ਲਈਆਂ। ਅਚਾਨਕ ਅਮਰੀਕ ਦੇ ਮਨ ’ਚ ਇੱਕ ਫੁਰਨਾ ਫੁਰਿਆ;
‘‘ਯਾਰ ਜਗਜੀਤ! ਕਿਉਂ ਨਾ ਆਪਾਂ ਇਹ ਗਿਟਕਾਂ ਘਰ ਜਾਂਦਿਆਂ ਸੜਕ ਦੇ ਨਾਲ ਨਾਲ ਸੁੱਟ ਦੇਈਏ?’’
‘‘ਹਾਂ ਬਈ ਹਾਂ! ਇਹ ਤਾਂ ਬੜੀ ਚੰਗੀ ਗੱਲ ਆ, ਥੋੜ੍ਹੇ ਸਾਲਾਂ ਪਿੱਛੋਂ ਜਦੋਂ ਆੜੂ ਦੇ ਬੂਟਿਆਂ ਨੇ ਵੱਡੇ ਹੋ ਜਾਣਾ ਤਾਂ ਆਪਾਂ ਸਕੂਲੋਂ ਜਾਂਦਿਆਂ, ਤੂਤੀਆਂ ਦੇ ਨਾਲ ਨਾਲ ਆੜੂ ਵੀ ਖਾ ਲਿਆ ਕਰਾਂਗੇ।’’ ਜਗਜੀਤ ਨੇ ਖ਼ੁਸ਼ ਹੁੰਦਿਆਂ ਅਮਰੀਕ ਦੀ ਗੱਲ ਨਾਲ ਸਹਿਮਤੀ ਜਤਾਈ ਤੇ ਉਸ ਲਿਫ਼ਾਫ਼ੇ ਨੂੰ ਨਾਲ ਲੈ ਆਪਣੀ ਜਮਾਤ ਵਿੱਚ ਆ ਗਏ।
ਜਦੋਂ ਪੂਰੀ ਛੁੱਟੀ ਹੋਈ ਤਾਂ ਦੋਵਾਂ ਦੇ ਚਿਹਰਿਆਂ ’ਤੇ ਵੱਖਰੀ ਹੀ ਖ਼ੁਸ਼ੀ ਸੀ। ਰਸਤੇ ’ਚ ਆਉਂਦਿਆਂ ਉਨ੍ਹਾਂ ਨੇ, ਉਹ ਸਾਰੀਆਂ ਗਿਟਕਾਂ ਸੜਕ ਦੇ ਨਾਲ ਨਾਲ ਖਿਲਾਰ ਦਿੱਤੀਆਂ। ਅੱਗੇ ਇੱਕ ਬੰਦਾ ਆਪਣੇ ਪਸ਼ੂਆਂ ਨੂੰ ਚਾਰ ਕੇ ਵਾਪਸ ਜਾ ਰਿਹਾ ਸੀ। ਉਨ੍ਹਾਂ ਪਸ਼ੂਆਂ ਨੂੰ ਸੜਕ ਕਿਨਾਰੇ ਇੱਧਰ ਉੱਧਰ ਮੂੰਹ ਮਾਰਦਿਆਂ ਵੇਖ ਅਮਰੀਕ ਉਦਾਸ ਹੋ ਕੇ ਆਪਣੇ ਮਿੱਤਰ ਨੂੰ ਕਹਿਣ ਲੱਗਾ;
‘‘ਭਰਾਵਾ! ਅਸੀਂ ਗਿਟਕਾਂ ਖਿਲਾਰ ਤਾਂ ਦਿੱਤੀਆਂ, ਪਰ ਮੈਨੂੰ ਲੱਗਦੈ ਇਨ੍ਹਾਂ ਪਸ਼ੂਆਂ ਨੇ ਇੱਥੇ ਬੂਟੇ ਹੋਣ ਨਹੀਂ ਦੇਣੇ।’’ ਅਮਰੀਕ ਤੋਂ ਇਹ ਸੁਣ ਜਗਜੀਤ ਵੀ ਉਦਾਸ ਹੋ ਗਿਆ। ਜਿਵੇਂ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਕੋਈ ਜੰਮਣ ਤੋਂ ਪਹਿਲਾਂ ਹੀ ਖਾ ਗਿਆ ਹੋਵੇ। ਮਨ ’ਚ ਉਥਲ ਪੁਥਲ ਕਰਦਿਆਂ ਉਹ ਅੱਗੇ ਰਸਤੇ ’ਚ ਪੈਂਦੀ ਇੱਕ ਖੂਹੀ ਕਿਨਾਰੇ ਪੁੱਜ ਗਏ। ਸਾਰੇ ਇਸ ਖੂਹੀ ਨੂੰ ਰਿਖੀ ਦੀ ਖੂਹੀ ਆਖਦੇ ਸਨ ਜੋ ਕਿਸੇ ਭਲੇ ਵੇਲੇ, ਰਿਖੀ ਨਾਂ ਦੇ ਵਿਅਕਤੀ ਨੇ ਆਉਂਦੇ ਜਾਂਦੇ ਰਾਹੀਆਂ ਲਈ ਲਗਵਾਈ ਸੀ। ਉੱਥੇ ਕਿੱਕਰ ਦਾ ਇੱਕ ਬੜਾ ਵੱਡਾ ਰੁੱਖ ਵੀ ਸੀ। ਦੋਵੇਂ ਦੋਸਤ ਕੁੱਝ ਚਿਰ ਦਮ ਲੈਣ ਲਈ, ਉਸ ਰੁੱਖ ਹੇਠ ਜਾ ਖੜ੍ਹੇ। ਉਸ ਸਮੇਂ ਕਿੰਨੇ ਹੀ ਪੰਛੀ ਉਸ ਕਿੱਕਰ ’ਤੇ ਬੈਠੇ ਆਰਾਮ ਕਰ ਰਹੇ ਸਨ। ਇਹ ਵੇਖ ਕੇ ਉਨ੍ਹਾਂ ਨੂੰ ਕਿੱਕਰ ਵੀ ਆਪਣੇ ਸਕੂਲ ਦੀਆਂ ਬੋਹੜਾਂ ਵਰਗੀ ਹੀ ਜਾਪੀ। ਉਸ ਕਿੱਕਰ ਦੇ ਰੁੱਖ ਦੀ ਠੰਢੀ ਛਾਂ ਅਤੇ ਤਿੱਖੀਆਂ ਸੂਲ਼ਾਂ ਵੱਲ ਵੇਖ ਕੇ ਅਮਰੀਕ ਇਕਦਮ ਖ਼ੁਸ਼ ਹੁੰਦਿਆਂ ਬੋਲਿਆ;
‘‘ਜਗਜੀਤ! ਬਈ ਛਾਂ ਲਈ ਤਾਂ ਕਿੱਕਰ ਦੇ ਰੁੱਖ ਵੀ ਬੜੇ ਚੰਗੇ। ਨਾਲੇ ਇਸ ਦੇ ਨਿੱਕੇ ਬੂਟੇ ਵੀ ਪਸ਼ੂਆਂ ਤੋਂ ਖਾ ਨਹੀਂ ਹੋਣੇ। ਕਿਉਂ ਨਾ ਲੱਗਦੇ ਹੱਥ ਇਹਦੇ ਤੁੱਕੇ ਵੀ ਸੜਕ ਕਿਨਾਰੇ ਸੁੱਟ ਜਾਈਏ?”
ਜਗਜੀਤ ਆਪਣੇ ਦੋਸਤ ਦੀ ਇਸ ਸਿਆਣਪ ’ਤੇ ਬਹੁਤ ਖ਼ੁਸ਼ ਹੋਇਆ। ਉਨ੍ਹਾਂ ਨੇ ਕਿੱਕਰ ਹੇਠੋਂ ਬੀਜਾਂ ਨਾਲ ਭਰੇ ਤੁੱਕੇ ਚੁਗ ਕੇ ਉਹੀ ਲਿਫ਼ਾਫ਼ਾ ਫਿਰ ਤੋਂ ਭਰ ਲਿਆ ਤੇ ਘਰ ਵੱਲ ਚੱਲ ਪਏ। ਜਾਂਦੇ ਜਾਂਦੇ ਉਹ ਬੜੇ ਚਾਅ ਨਾਲ ਉਨ੍ਹਾਂ ਤੁੱਕਿਆਂ ਨੂੰ ਇੱਕ ਇੱਕ ਕਰਕੇ ਸੜਕ ਦੇ ਨਾਲ ਨਾਲ ਖਿਲਾਰਨ ਲੱਗੇ। ਅੱਗੇ ਸੜਕ ਤੋਂ ਹਟਵੇਂ ਇੱਕ ਦੇਸੀ ਅੰਬ ਦੀਆਂ ਅੰਬੀਆਂ ਵੱਲ ਝਾਕਦਾ ਜਗਜੀਤ, ਅਮਰੀਕ ਨੂੰ ਕਹਿਣ ਲੱਗਾ;
“ਬਰਸਾਤ ਨੂੰ ਜਦੋਂ ਅੰਬ ਪੱਕਣੇ ਤਾਂ ਅਸੀਂ ਅੰਬ ਚੂਪ ਕੇ ਉਨ੍ਹਾਂ ਦੀਆਂ ਗਿਟਕਾਂ ਵੀ ਇਵੇਂ ਹੀ ਬੀਜ ਦਿਆ ਕਰਾਂਗੇ।”
“ਹਾਂ! ਹਾਂ! ਜਾਮਣਾਂ ਦੀਆਂ ਗਿਟਕਾਂ ਵੀ।” ਹੱਸਦਿਆਂ ਅਮਰੀਕ ਨੇ ਹੁੰਗਾਰਾ ਭਰਿਆ।
ਆਪਣੇ ਇਸ ਨਵੇਂ ਉਪਰਾਲੇ ਤੋਂ ਉਹ ਦੋਵੇਂ ਬਹੁਤ ਉਤਸ਼ਾਹਿਤ ਸਨ। ਤੁੱਕਿਆਂ ਦਾ ਕੰਮ ਮੁਕਾ, ਉਹ ਕਦਮ ਤਾਲ ਮਿਲਾਉਂਦੇ ਇੰਜ ਚੱਲ ਰਹੇ ਸਨ ਜਿਵੇਂ ਕੋਈ ਛਾਵਾਂ ਦਾ ਰਾਖਾ ਜਾ ਰਿਹਾ ਹੋਵੇ।
ਸੰਪਰਕ: 98550-24495