ਛਾਪਾ ਮਾਰਨ ਗਏ ਥਾਣੇਦਾਰ ’ਤੇ ਹਮਲਾ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਮਾਰਚ
ਨਸ਼ਿਆਂ ਦੇ ਮਾਮਲੇ ਵਿਚ ਪਿੰਡ ਸ਼ੇਰਪੁਰ ਵਿਖੇ ਇੱਕ ਘਰ ’ਚ ਛਾਪੇਮਾਰੀ ਕਰਨ ਗਈ ਪੁਲੀਸ ਪਾਰਟੀ ’ਚ ਸ਼ਾਮਲ ਥਾਣੇਦਾਰ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਜਿਸ ’ਤੇ ਪੁਲੀਸ ਨੇ ਪਿਓ ਕੁਲਵੰਤ ਕੁਮਾਰ, ਪੁੱਤਰ ਨੀਰਜ ਕੁਮਾਰ ਅਤੇ ਉਸ ਦੀ ਪਤਨੀ ਕੋਮਲ ਘਈ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੂੰ 112 ਹੈਲਪਲਾਈਨ ’ਤੇ ਦਰਖਾਸਤ ਮਿਲੀ ਕਿ ਨੀਰਜ ਕੁਮਾਰ ਉਰਫ਼ ਬੌਬੀ ਅਤੇ ਉਸਦੀ ਪਤਨੀ ਕੋਮਲ ਘਈ ਨਸ਼ੇ ਵੇਚਦੇ ਹਨ। ਅੱਜ ਵੀ ਇਨ੍ਹਾਂ ਦੇ ਘਰ ਨਸ਼ੀਲਾ ਪਦਾਰਥ ਹੈਰੋਇਨ ਵੇਚਣ ਲਈ ਆਈ ਹੋਈ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਨੀਰਜ ਕੁਮਾਰ ਦੇ ਘਰ ਪੁੱਜਾ ਅਤੇ ਦਰਵਾਜ਼ਾ ਖੜਕਾਉਣ ’ਤੇ ਉਸ ਨੇ ਗੇਟ ਨਾ ਖੋਲ੍ਹਿਆ। ਕਾਫ਼ੀ ਸਮੇਂ ਬਾਅਦ ਜਦੋਂ ਗੇਟ ਖੋਲ੍ਹਣ ’ਤੇ ਪੁਲੀਸ ਪਾਰਟੀ ਅੰਦਰ ਪੁੱਜੀ ਤਾਂ ਉੱਥੇ ਮੌਜੂਦ ਨੀਰਜ ਕੁਮਾਰ ਤੇ ਉਸਦੀ ਪਤਨੀ ਕੋਮਲ ਘਈ ਨੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੀ ਵਰਦੀ ਫੜ ਕੇ ਧੱਕਾਮੁੱਕੀ ਕਰਨ ਲੱਗ ਪਏ। ਉਨ੍ਹਾਂ ਨੂੰ ਛੁਡਾਉਣ ਲੱਗਿਆਂ ਨੀਰਜ ਕੁਮਾਰ ਨੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਸੱਜੀ ਬਾਂਹ ਦੇ ਗੁੱਟ ’ਤੇ ਦੰਦੀ ਵੱਢ ਕੇ ਜ਼ਖ਼ਮੀ ਕਰ ਦਿੱਤਾ। ਫਿਰ ਨੀਰਜ ਕੁਮਾਰ ਨੇ ਕਿਸੇ ਚੀਜ਼ ਨਾਲ ਥਾਣੇਦਾਰ ’ਤੇ ਹਮਲਾ ਕੀਤਾ। ਨੀਰਜ ਕੁਮਾਰ ਦਾ ਪਿਤਾ ਕੁਲਵੰਤ ਕੁਮਾਰ ਵੀ ਮੌਕੇ ’ਤੇ ਆ ਗਿਆ ਜਿਸ ਨੇ ਪੁਲੀਸ ਪਾਰਟੀ ਨੂੰ ਤਲਾਸ਼ੀ ਨਾ ਲੈਣ ਦਿੱਤੀ ਅਤੇ ਬਾਹਰ ਜਾ ਕੇ ਮੇਨ ਗੇਟ ਦਾ ਦਰਵਾਜ਼ਾ ਬੰਦ ਕਰ ਕੁੰਡਾ ਲਗਾ ਦਿੱਤਾ। ਪੁਲੀਸ ਵਲੋਂ ਨੀਰਜ ਕੁਮਾਰ ਕੋਲੋਂ 6 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਮਾਛੀਵਾੜਾ ਪੁਲੀਸ ਨੇ ਨੀਰਜ ਕੁਮਾਰ ਤੇ ਉਸਦੀ ਪਤਨੀ ਕੋਮਲ ਘਈ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਜਦਕਿ ਪਿਤਾ ਕੁਲਵੰਤ ਕੁਮਾਰ ਮੌਕੇ ਤੋਂ ਫ਼ਰਾਰ ਹੋ ਗਿਆ।