For the best experience, open
https://m.punjabitribuneonline.com
on your mobile browser.
Advertisement

ਚੱਪਲ ਵਰਗੇ ਸਾਥੀ

04:39 AM Apr 26, 2025 IST
ਚੱਪਲ ਵਰਗੇ ਸਾਥੀ
Advertisement

ਸੰਦੀਪ ਕੁਮਾਰ
ਜੀਵਨ ਇੱਕ ਅਜਿਹੀ ਰੇਲਗੱਡੀ ਦੀ ਤਰ੍ਹਾਂ ਹੈ, ਜਿਸ ਵਿੱਚ ਸਾਥੀਆਂ ਦੀ ਆਵਾਜਾਈ ਲਗਾਤਾਰ ਜਾਰੀ ਰਹਿੰਦੀ ਹੈ। ਇਹ ਸਾਥੀ ਕਦੇ ਮਿੱਤਰ ਦੇ ਰੂਪ ਵਿੱਚ ਮਿਲਦੇ ਹਨ, ਕਦੇ ਰਿਸ਼ਤੇਦਾਰ ਦੇ ਰੂਪ ਵਿੱਚ, ਕਦੇ ਸਹਿਯੋਗੀ ਬਣ ਕੇ ਤਾਂ ਕਦੇ ਗੁਆਂਢੀ ਬਣ ਕੇ ਮਿਲਦੇ ਹਨ, ਪਰ ਹਰੇਕ ਸਾਥੀ ਸੱਚੇ ਦਿਲੋਂ ਸਾਥ ਨਿਭਾਵੇ, ਇਹ ਲਾਜ਼ਮੀ ਨਹੀਂ ਹੁੰਦਾ। ਜੀਵਨ ਦੀ ਇਸ ਰੇਲਗੱਡੀ ਵਿੱਚ ਅਨੇਕਾਂ ਸਾਥੀ ਅਜਿਹੇ ਵੀ ਹੁੰਦੇ ਹਨ ਜੋ ਚਿੱਟੇ ਕਾਗਜ਼ ਵਾਂਗ ਸਾਫ਼ ਦਿਸਦੇ ਹਨ, ਪਰ ਅੰਦਰੋਂ ਅਜਿਹੇ ਕਾਲੇ ਕਿਰਦਾਰ ਵਾਲੇ ਹੁੰਦੇ ਹਨ ਜੋ ਸਿਰਫ਼ ਆਪਣੀ ਲਾਭ ਲੋਭੀ ਸੋਚ ਹੇਠ ਹੀ ਸਾਡੇ ਸਾਥੀ ਬਣੇ ਰਹਿੰਦੇ ਹਨ। ਇਹੋ ਜਿਹੇ ਸਾਥੀਆਂ ਦੀ ਤੁਲਨਾ ਜਦੋਂ ਅਸੀਂ ‘ਚੱਪਲ’ ਨਾਲ ਕਰਦੇ ਹਾਂ, ਤਾਂ ਇਹ ਅਤਿਅੰਤ ਗੂੜ੍ਹੀ ਤੇ ਅਸਲੀਅਤ ਭਰੀ ਮਿਸਾਲ ਬਣ ਜਾਂਦੀ ਹੈ।
ਬਰਸਾਤ ਦੇ ਦਿਨਾਂ ਵਿੱਚ ਜਦੋਂ ਅਸੀਂ ਚੱਪਲ ਪਾ ਕੇ ਕੱਚੀਆਂ ਰਾਹਵਾਂ ’ਤੇ ਜਾਂਦੇ ਹਾਂ ਤਾਂ ਇਹ ਚੱਪਲ ਸਾਨੂੰ ਤੁਰਨ ਵਿੱਚ ਤਾਂ ਸਹਿਯੋਗ ਦਿੰਦੀ ਹੈ, ਪਰ ਨਾਲ ਹੀ ਪਿੱਛੇ ਪਾਣੀ ਦੇ ਗੰਦੇ ਛਿੱਟੇ ਵੀ ਸਾਡੀਆਂ ਪੈਂਟਾਂ ਅਤੇ ਕੁੜਤਿਆਂ ਉੱਤੇ ਪਾ ਦਿੰਦੀ ਹੈ। ਇਹੀ ਹਾਲਤ ਉਨ੍ਹਾਂ ਸਾਥੀਆਂ ਦੀ ਵੀ ਹੁੰਦੀ ਹੈ ਜੋ ਉੱਪਰੋਂ ਸਾਥੀ ਬਣ ਕੇ ਚੱਲਦੇ ਹਨ, ਪਰ ਅੰਦਰੋਂ ਸਾਡੀ ਨਿੰਦਾ, ਸਾਡਾ ਬੁਰਾ, ਸਾਡੀ ਅਸਫਲਤਾ ਦੀ ਖ਼ੁਸ਼ੀ ਅਤੇ ਸਫਲਤਾ ਦਾ ਦੁੱਖ ਮਨਾਉਂਦੇ ਹਨ।
ਕਈ ਵਾਰ ਇਹ ਸਾਥੀ ਸਾਡੀ ਜ਼ਿੰਦਗੀ ਵਿੱਚ ਇੰਨਾ ਨੇੜੇ ਹੋ ਜਾਂਦੇ ਹਨ ਕਿ ਅਸੀਂ ਉਨ੍ਹਾਂ ਉੱਤੇ ਪੂਰਾ ਭਰੋਸਾ ਕਰ ਲੈਂਦੇ ਹਾਂ। ਉਨ੍ਹਾਂ ਦੀ ਮੌਜੂਦਗੀ ਸਾਡਾ ਦਿਲਾਸਾ ਬਣ ਜਾਂਦੀ ਹੈ, ਪਰ ਜਿਵੇਂ ਹੀ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕੁੱਝ ਚੰਗਾ ਕਰਨ ਦਾ ਮਨ ਬਣਾਉਂਦੇ ਹਾਂ, ਇਹ ਚੱਪਲ ਵਰਗੇ ਸਾਥੀ ਓਦੋਂ ਸਾਡੀ ਪਿੱਠ ਪਿੱਛੇ ਅਜਿਹੀਆਂ ਗੱਲਾਂ ਫੈਲਾਉਣਾ ਸ਼ੁਰੂ ਕਰ ਦਿੰਦੇ ਹਨ ਜੋ ਸਾਡੀ ਸ਼ਖ਼ਸੀਅਤ ਨੂੰ ਗਿਰਾਉਣ ਵਾਲੀਆਂ ਹੁੰਦੀਆਂ ਹਨ। ਉਹ ਹਮੇਸ਼ਾਂ ਸਾਡੀਆਂ ਜੜਾਂ ਵੱਢਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਅਸੀਂ ਅੱਗੇ ਨਾ ਵਧ ਸਕੀਏ। ਇਹ ਸਾਥੀ ਦੋ ਮੂੰਹੇ ਸੱਪ ਜਾਂ ਦੋਗਲੇ ਕਿਰਦਾਰ ਵਾਲੇ ਹੁੰਦੇ ਹਨ। ਸਾਹਮਣੇ ਅਸੀਂ ਉਨ੍ਹਾਂ ਲਈ ਸਭ ਕੁੱਝ ਹਾਂ, ਉਨ੍ਹਾਂ ਦੇ ਮਨ ਦੀ ਧੜਕਣ ਹਾਂ, ਸੱਚੇ ਦੋਸਤ ਹਾਂ, ਪਰ ਜਿਵੇਂ ਹੀ ਅਸੀਂ ਉਨ੍ਹਾਂ ਦੇ ਘੇਰੇ ਵਿੱਚੋਂ ਬਾਹਰ ਆਉਂਦੇ ਹਾਂ, ਉਹੀ ਸਾਥੀ ਸਾਡੀ ਸਫਲ ਉਡਾਣ ਤੋਂ ਲੈ ਕੇ ਸਾਡੀਆਂ ਨਿੱਜੀ ਗੱਲਾਂ ਨੂੰ ਮਜ਼ਾਕ ਦਾ ਵਿਸ਼ਾ ਬਣਾਉਂਦੇ ਅਤੇ ਸਾਡੇ ਪ੍ਰਤੀ ਸਾਡੇ ਜਾਣਕਾਰਾਂ ਦੇ ਮਨ ਵਿੱਚ ਜ਼ਹਿਰ ਘੋਲਦੇ ਹਨ। ਇਹ ਸਾਥੀ ਸਾਨੂੰ ਸਾਹਮਣੇ-ਸਾਹਮਣੇ ਤਾਂ ਤਕਲੀਫ਼ ਨਹੀਂ ਦਿੰਦੇ, ਪਰ ਪਿੱਠ ਪਿੱਛੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਦਾ ਕਾਰਨ ਬਣ ਜਾਂਦੇ ਹਨ। ਇਹੀ ਹੈ ‘ਚੱਪਲ ਵਰਗਾ ਸਾਥੀ’ ਜੋ ਸਾਥ ਦਿੰਦਾ ਹੋਇਆ ਵੀ, ਸਾਥ ਵਿੱਚ ਲੁਕੇ ਹੋਏ ਧੋਖੇ ਅਤੇ ਵਿਸ਼ਵਾਸਘਾਤ ਨਾਲ ਭਰਿਆ ਹੁੰਦਾ ਹੈ।
ਇਹ ਚੱਪਲ ਵਰਗੇ ਸਾਥੀ ਸਿਰਫ਼ ਦੋਸਤੀ ਤੱਕ ਸੀਮਤ ਨਹੀਂ ਰਹਿੰਦੇ। ਇਹ ਤੁਹਾਨੂੰ ਰਿਸ਼ਤਿਆਂ ਵਿੱਚ ਵੀ ਮਿਲਦੇ ਹਨ। ਇਹ ਤੁਹਾਡੀ ਹਰ ਉਪਲੱਬਧੀ ’ਤੇ ਅੰਦਰੋਂ ਸੜਦੇ ਹਨ, ਪਰ ਬਾਹਰੋਂ ਵਧਾਈਆਂ ਦੇ ਕੇ ਸਮਾਜਿਕ ਰੂਪ ਵਿੱਚ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਇਹੋ ਜਿਹੇ ਲੋਕ ਸਿਰਫ਼ ਆਪਣੇ ਹਿੱਤਾਂ ਦੀ ਪੂਰਤੀ ਲਈ ਤੁਹਾਡੇ ਨੇੜੇ ਆਉਂਦੇ ਹਨ। ਜਿਵੇਂ ਹੀ ਉਨ੍ਹਾਂ ਦਾ ਕੰਮ ਖ਼ਤਮ, ਉਨ੍ਹਾਂ ਦਾ ਸਾਥ ਵੀ ਖ਼ਤਮ। ਤੁਸੀਂ ਅਜਿਹੇ ਚੱਪਲ ਵਰਗੇ ਸਾਥੀਆਂ ਨੂੰ ਸਮਾਜ ਦੇ ਹਰ ਇੱਕ ਖੇਤਰ ਵਿੱਚ ਵੇਖ ਸਕਦੇ ਹੋ। ਕੰਮ ਕਰਦੇ ਕਰਦੇ ਕੋਈ ਅਜਿਹਾ ਵਿਅਕਤੀ ਜੋ ਤੁਹਾਡਾ ਦੋਸਤ ਬਣ ਜਾਂਦਾ ਹੈ, ਦਫ਼ਤਰ ਵਿੱਚ ਤੁਹਾਡੀ ਮਦਦ ਕਰਦਾ ਹੋਇਆ ਦਿਸਦਾ ਹੈ, ਪਰ ਜਿਵੇਂ ਹੀ ਤੁਹਾਡੀ ਤਰੱਕੀ ਹੋਣ ਦੀ ਸੰਭਾਵਨਾ ਬਣਦੀ ਹੈ, ਉਹ ਚੁੱਪਚਾਪ ਮਾਲਕ ਜਾਂ ਉੱਚ ਅਧਿਕਾਰੀ ਕੋਲ ਤੁਹਾਡੇ ਖਿਲਾਫ਼ ਗੱਲਾਂ ਪਹੁੰਚਾਉਣ ਲੱਗ ਜਾਂਦਾ ਹੈ। ਤੁਹਾਡੀਆਂ ਗ਼ਲਤੀਆਂ ਲੱਭ ਕੇ ਪੇਸ਼ ਕਰਨਾ, ਤੁਹਾਡੀ ਕਮੀਜ਼ ’ਤੇ ਛਿੱਟੇ ਪਾਉਣਾ ਇਨ੍ਹਾਂ ਦੀ ਆਦਤ ਹੁੰਦੀ ਹੈ।
ਇਹ ਚੱਪਲ ਵਰਗੇ ਸਾਥੀ ਤੁਹਾਡੇ ਗੁਆਂਢ ਵਿੱਚ ਵੀ ਹੋ ਸਕਦੇ ਹਨ। ਜਿਵੇਂ ਹੀ ਤੁਹਾਡੇ ਘਰ ਵਿੱਚ ਖ਼ੁਸ਼ੀ ਆਉਂਦੀ ਹੈ, ਇਹ ਪਿੱਠ ਪਿੱਛੇ ਝੂਠੀਆਂ ਗੱਲਾਂ ਨੂੰ ਹੋਰ ਰੰਗ ਲਾ ਕੇ ਫੈਲਾਉਣ ਲੱਗ ਜਾਂਦੇ ਹਨ। ਇਹ ਸਾਥੀ ਮੂੰਹ ਉੱਤੇ ਤੁਹਾਡਾ ਸਾਥੀ ਬਣ ਕੇ, ਪਿੱਠ ਪਿੱਛੇ ਤੁਸੀਂ ਕਿੰਨਾ ਕਮਾਉਂਦੇ ਹੋ, ਕਿਵੇਂ ਰਹਿੰਦੇ ਹੋ, ਕਿਹੜੀਆਂ ਲੋੜਾਂ ਪੂਰੀਆਂ ਕਰਦੇ ਹੋ, ਇਨ੍ਹਾਂ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। ਜੀਵਨ ਦੀ ਰਾਹਦਾਰੀ ਵਿੱਚ ਅਸੀਂ ਹਰ ਕਿਸੇ ਨੂੰ ਨਕਾਰ ਨਹੀਂ ਸਕਦੇ, ਪਰ ਇਹ ਜ਼ਰੂਰੀ ਹੈ ਕਿ ਅਸੀਂ ਸਮਝਦਾਰੀ ਅਤੇ ਹੁਸ਼ਿਆਰੀ ਨਾਲ ਸਾਥੀ ਚੁਣੀਏ। ਜਿਸ ਤਰ੍ਹਾਂ ਬਰਸਾਤ ਵਿੱਚ ਚੱਪਲ ਪਾਉਣ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਕਿਉਂਕਿ ਇਹ ਗੰਦੇ ਪਾਣੀ ਦੇ ਛਿੱਟੇ ਪਾ ਸਕਦੀ ਹੈ, ਤਿਵੇਂ ਸਾਥੀਆਂ ਦੀ ਚੋਣ ਕਰਦੇ ਸਮੇਂ ਵੀ ਅਸੀਂ ਸੋਚੀਏ ਕਿ ਕਿਤੇ ਇਹ ਸਾਥੀ ਸਾਡੀ ਜ਼ਿੰਦਗੀ ’ਤੇ ਕਾਲੇ ਛਿੱਟੇ ਤਾਂ ਨਹੀਂ ਪਾ ਰਹੇ।
ਸੱਚੇ ਸਾਥੀ ਉਹ ਹਨ ਜੋ ਮੌਸਮ ਦੇ ਹਰੇਕ ਰੂਪ ਵਿੱਚ ਸਾਥ ਨਿਭਾਉਣ। ਜਦੋਂ ਅਸੀਂ ਡਿੱਗਦੇ ਹਾਂ, ਉਹ ਸਾਨੂੰ ਚੁੱਕਣ, ਨਾ ਕਿ ਹੋਰ ਡਰਾਮੇ ਕਰਕੇ ਹਾਸੇ ਬਣਾਉਣ। ਅਜਿਹੇ ਸਾਥੀ ਜ਼ਿੰਦਗੀ ਦੀ ਦੌਲਤ ਹੁੰਦੇ ਹਨ, ਪਰ ਚੱਪਲ ਵਰਗੇ ਸਾਥੀ ਸਿਰਫ਼ ਜ਼ਿੰਦਗੀ ਦੀ ਰੁਕਾਵਟ ਬਣਦੇ ਹਨ। ਇਸ ਕਰਕੇ ਜਦੋਂ ਵੀ ਕੋਈ ਤੁਹਾਡਾ ਦੋਸਤ, ਰਿਸ਼ਤੇਦਾਰ ਜਾਂ ਸਹਿਯੋਗੀ ਤੁਹਾਡਾ ਸਾਥੀ ਬਣੇ ਤਾਂ ਉਸ ਦੀ ਨੀਅਤ ਨੂੰ ਸਮਝੋ। ਉਸ ਦੀ ਮੰਦਭਾਵਨਾ ਨੂੰ ਸਮਝੋ। ਇਹ ਜਾਣੋ ਕਿ ਉਹ ਤੁਹਾਡੀ ਤਰੱਕੀ ’ਚ ਖ਼ੁਸ਼ ਹੁੰਦਾ ਹੈ ਜਾਂ ਝੂਰਦਾ ਹੈ। ਕਿਉਂਕਿ ਅਜਿਹੇ ਚੱਪਲ ਵਰਗੇ ਸਾਥੀ ਨਾ ਸਿਰਫ਼ ਤੁਹਾਡਾ ਸਾਥ ਨਿਭਾਉਣ ਵਿੱਚ ਨਾਕਾਮ ਰਹਿੰਦੇ ਹਨ, ਸਗੋਂ ਤੁਹਾਡੀ ਇਮਾਨਦਾਰੀ, ਕਿਰਦਾਰ ਅਤੇ ਪਛਾਣ ’ਤੇ ਵੀ ਛਿੱਟੇ ਪਾਉਣ ਦੇ ਯਤਨ ਕਰਦੇ ਹਨ। ਜੀਵਨ ਵਿੱਚ ਤਰੱਕੀ ਕਰਨੀ ਹੈ ਤਾਂ ਝੂਠੇ ਸਾਥੀਆਂ ਦੀ ਪਹਿਚਾਣ ਕਰਨੀ ਪਵੇਗੀ। ਅਸਲ ਦੋਸਤੀਆਂ ਤੇ ਸਾਥੀਆਂ ਦੀ ਕਦਰ ਕਰਨੀ ਪਵੇਗੀ। ਚੱਪਲ ਵਰਗੇ ਸਾਥੀਆਂ ਤੋਂ ਸਾਵਧਾਨ ਰਹਿਣਾ ਪਵੇਗਾ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾ ਸਕਦੇ ਹਾਂ ਅਤੇ ਇੱਕ ਸੁਚੱਜੇ, ਨੈਤਿਕ ਅਤੇ ਵਧੀਆ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ।
ਅੰਤ ਵਿੱਚ ਚੱਪਲ ਵਰਗਾ ਸਾਥੀ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਇਹ ਇੱਕ ਵਰਤਾਰਾ, ਇੱਕ ਰਵੱਈਆ ਹੈ। ਇਹ ਹਰ ਥਾਂ, ਹਰ ਰੂਪ ਵਿੱਚ ਤੁਹਾਡੇ ਆਲੇ-ਦੁਆਲੇ ਮੌਜੂਦ ਹੋ ਸਕਦਾ ਹੈ। ਇਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਵੀ ਬਣ ਸਕਦਾ ਹੈ, ਪਰ ਤੁਸੀਂ ਕਿੰਨੇ ਹੁਸ਼ਿਆਰ ਹੋ, ਇਹ ਤੁਹਾਡੀ ਸਮਝ ਤੇ ਨਜ਼ਰਾਂ ’ਤੇ ਨਿਰਭਰ ਕਰਦਾ ਹੈ। ਜੇ ਤੁਸੀਂ ਸਮਝਦਾਰੀ ਨਾਲ ਅਜਿਹੇ ਚੱਪਲ ਵਰਗੇ ਸਾਥੀਆਂ ਨੂੰ ਵਕਤ ’ਤੇ ਪਛਾਣ ਲਿਆ ਤਾਂ ਤੁਹਾਡਾ ਜੀਵਨ ਨਾ ਸਿਰਫ਼ ਸੁੰਦਰ ਬਣੇਗਾ, ਸਗੋਂ ਉੱਚੀਆਂ ਚੋਟੀਆਂ ਨੂੰ ਛੂਹਣ ਵਾਲਾ ਹੋਵੇਗਾ।
ਸੰਪਰਕ: 70098-07121

Advertisement

Advertisement
Advertisement
Advertisement
Author Image

Balwinder Kaur

View all posts

Advertisement