ਚੰਡੀਗੜ੍ਹ ਵਾਸੀ ਘਰਾਂ ’ਚ ਬੰਦ

ਕਰਫਿਊ ਦੌਰਾਨ ਚੰਡੀਗੜ੍ਹ ਦਾ ਸੈਕਟਰ-17 ਸੁੰਨਸਾਨ ਨਜ਼ਰ ਆਉਂਦਾ ਹੋਇਆ। -ਫੋਟੋ: ਮਨੋਜ ਮਹਾਜਨ

ਆਤਿਸ਼ ਗੁਪਤਾ
ਚੰਡੀਗੜ੍ਹ, 25 ਮਾਰਚ
ਯੂਟੀ ਪ੍ਰਸ਼ਾਸਨ ਵੱਲੋਂ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਮੁੱਚੇ ਸ਼ਹਿਰ ਵਿੱਚ ਕਰਫਿਊ ਤਾਂ ਲਗਾ ਦਿੱਤਾ ਗਿਆ ਹੈ ਪਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਖਾਸ ਕਰ ਰਾਸ਼ਨ, ਸਬਜ਼ੀਆਂ, ਦੁੱਧ ਅਤੇ ਦਵਾਈਆਂ ਦੀ ਕਿੱਲਤ ਨੇ ਲੋਕਾਂ ਦੇ ਨੱਕ ’ਚ ਦਮ ਕਰ ਦਿੱਤਾ ਹੈ। ਇਸ ਪ੍ਰਤੀਨਿਧ ਵੱਲੋਂ ਲੋਕਾਂ ਨਾਲ ਕੀਤੀ ਗੱਲਬਾਤ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਯੂਟੀ ਪ੍ਰਸ਼ਾਸਨ ਵੱਲੋਂ ਘਰਾਂ ਤੱਕ ਸਾਮਾਨ ਪਹੁੰਚਾਉਣ ਵਾਲੇ ਜਿਨ੍ਹਾਂ ਦੁਕਾਨਦਾਰਾਂ ਦੇ ਮੋਬਾਈਲ ਫੋਨ ਜਾਰੀ ਕੀਤੇ ਗਏ ਸਨ ਉਹ ਸਾਰੇ ਹੀ ਬੰਦ ਰਹੇ। ਇਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਿਨ ਚੜ੍ਹਦਿਆਂ ਹੀ ਲੋਕ ਦੁੱਧ ਦੇ ਬੂਥਾਂ ਵੱਲ ਦੇਖ ਰਹੇ ਸਨ ਤੇ ਜੇਕਰ ਇੱਕਾ-ਦੁੱਕਾ ਥਾਵਾਂ ’ਤੇ ਵੇਰਕਾ ਜਾਂ ਵੀਟਾ ਨੇ ਸਪਲਾਈ ਕੀਤੀ ਵੀ ਸੀ ਤਾਂ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੂਰੀ ਬਣਾ ਕੇ ਰੱਖਣ ਦੀਆਂ ਹਦਾਇਤਾਂ ਵੀ ਹਵਾ ਹੋ ਗਈਆਂ।
ਇਕੱਤਰ ਕੀਤੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ- 18, 22, 32, 38, 37, 42, 47, 45, 61 ਦੇ ਵਸਨੀਕਾਂ ਨੇ ਦੱਸਿਆ ਕਿ ਸ਼ਹਿਰ ’ਚ ਕਰਫਿਊ ਦੇ ਦੌਰਾਨ ਪ੍ਰਸ਼ਾਸਨ ਦੀ ਤਰਫੋਂ ਕੋਈ ਵੀ ਵਿਅਕਤੀ ਫਲ, ਸਬਜ਼ੀ ਆਦਿ ਜ਼ਰੂਰੀ ਸਾਮਾਨ ਵੇਚਣ ਲਈ ਨਹੀਂ ਆਇਆ। ਇਸੇ ਕਰਕੇ ਉਨ੍ਹਾਂ ਨੂੰ ਸਾਰਾ ਦਿਨ ਦਿੱਕਤ ’ਚ ਕੱਢਣਾ ਪਿਆ। ਸਵੇਰ ਸਮੇਂ ਦੁੱਧ ਦੀ ਸਪਲਾਈ ਦੇਣ ਆਏ ਵਿਅਕਤੀ ਵੀ ਆਪਣੇ ਰੋਜ਼ਾਨਾ ਵਾਲੇ ਘਰਾਂ ਨੂੰ ਹੀ ਦੇ ਕੇ ਚੱਲੇ ਗਏ। ਜਿਸ ਨਾਲ ਹੋਰਨਾਂ ਲੋਕਾਂ ਤੱਕ ਦੁੱਧ ਵੀ ਨਹੀਂ ਪਹੁੰਚ ਸੱਕਿਆ।
ਸ਼ਹਿਰ ਵਿੱਚ ਚਲਦੇ ਐਫ.ਐਮ. ਰੇਡਿਓ ਦੇ ਜੌਕੀਆਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਪ੍ਰਸ਼ਾਸਨ ਪ੍ਰਤੀ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਆਪਣੀਆਂ ਮੁਸ਼ਕਿਲਾਂ ਰੇਡੀਓ ਦੇ ਜ਼ਰੀਏ ਲੋਕਾਂ ਨਾਲ ਸਾਂਝੀਆਂ ਕੀਤੀਆਂ। ਰੇਡੀਓ ਰਾਹੀਂ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਦੇ ਯਤਨ ਵੀ ਕੀਤੇ ਗਏ।
ਸ਼ਹਿਰ ਦੇ ਸੈਕਟਰ-21 ਬੀ ਅਤੇ 49 ’ਚ ਸਵੇਰ ਸਮੇਂ ਫਲ ਅਤੇ ਸਬਜ਼ੀ ਵੇਚਦੇ ਵੈਂਡਰਜ਼ ਵਿਖਾਈ ਦਿੱਤੇ ਪਰ ਕੀਮਤਾਂ ਆਮ ਨਾਲੋਂ ਜ਼ਿਆਦਾ ਸਨ। ਸੈਕਟਰ-21 ਦੀ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਆਲੂ 50 ਰੁਪਏ ਕਿਲੋਂ, ਪਿਆਜ਼ 70 ਰੁਪਏ ਕਿੱਲੋਂ ਅਤੇ ਟਮਾਟਰ 60 ਰੁਪਏ ਕਿਲੋਂ ਦੇ ਹਿਸਾਬ ਨਾਲ ਵੇਚੇ ਜਾ ਰਹੇ ਸਨ। ਕਰਫਿਊ ਦੇ ਕਾਰਨ ਸ਼ਹਿਰ ਦੇ ਏਟੀਐਮਜ਼ ਵੀ ਖਾਲੀ ਹੋ ਗਏ ਹਨ। ਸੈਕਟਰ-20 ’ਚ ਰੁਪਏ ਕੱਢਵਾਉਣ ਆਏ ਸ਼ੋਬਿਤ ਨੇ ਦੱਸਿਆ ਕਿ ਤਿੰਨ ਏਟੀਐਮਜ਼ ’ਚ ਜਾਣ ਤੋਂ ਬਾਅਦ ਉਸ ਨੂੰ ਏਟੀਐਮ ਵਿੱਚੋਂ ਬਹੁਤ ਘੱਟ ਰੁਪਏ ਮਿਲੇ ਹਨ। ਉਨ੍ਹਾਂ ਮੰਗ ਕੀਤੀ ਕਿ ਬੈਕ ਅਧਿਕਾਰੀ ਏਟੀਐਮ ’ਚ ਰੁਪਏ ਪਵਾ ਦੇਣ।

ਪਰੀਦਾ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ
ਯੂਟੀ ਦੇ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰੀਦਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਤੱਕ ਖਾਣ ਵਾਲਾ ਸਾਮਾਨ ਪਹੁੰਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।