ਚੰਡੀਗੜ੍ਹ: 10 ਵਿੱਚੋਂ ਦੋ ਸ਼ਰਾਬ ਦੇ ਠੇਕੇ ਹੋਏ ਨਿਲਾਮ
ਆਤਿਸ਼ ਗੁਪਤਾ
ਚੰਡੀਗੜ੍ਹ, 9 ਜੂਨ
ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ 12ਵੀਂ ਵਾਰ ਹੋਈ ਨਿਲਾਮੀ ਨੂੰ ਵੀ ਮੱਠਾ ਹੁੰਗਾਰਾ ਮਿਲਿਆ ਹੈ। ਅੱਜ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਬਕਾਇਆ 10 ਠੇਕਿਆਂ ਦੀ 12ਵੀਂ ਵਾਰ ਨਿਲਾਮੀ ਰੱਖੀ ਗਈ। ਇਸ ਦੌਰਾਨ 10 ਵਿੱਚੋਂ ਸਿਰਫ਼ ਦੋ ਸ਼ਰਾਬ ਦੇ ਠੇਕੇ ਹੀ ਨਿਲਾਮ ਹੋ ਸਕੇ ਹਨ ਜਦੋਂਕਿ ਅੱਠ ਠੇਕਿਆਂ ਲਈ ਕੋਈ ਖ਼ਰੀਦਦਾਰ ਅੱਗੇ ਨਹੀਂ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਨਿਲਾਮੀ ਦੌਰਾਨ ਸੈਕਟਰ-25 ਤੇ ਸੈਕਟਰ-41 ਦੀ ਮਾਰਕੀਟ ਵਾਲਾ ਠੇਕਾ ਨਿਲਾਮ ਹੋਏ ਹਨ। ਇਹ ਦੋਵੇਂ ਠੇਕੇ ਰਾਖਵੀਂ ਕੀਮਤ 4.66 ਕਰੋੜ ਰੁਪਏ ਦੇ ਮੁਕਾਬਲੇ 4.69 ਕਰੋੜ ਰੁਪਏ ਵਿੱਚ ਨਿਲਾਮ ਹੋਏ ਹਨ।
ਇਸ ਵਾਰ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ 2 ਤੇ 6 ਜੂਨ ਨੂੰ ਹੋਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਕੋਈ ਵੀ ਖ਼ਰੀਦਦਾਰ ਸਾਹਮਣੇ ਨਹੀਂ ਸੀ ਆਇਆ ਜਦੋਂਕਿ 29 ਮਈ ਨੂੰ ਹੋਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦੌਰਾਨ 11 ਵਿੱਚੋਂ ਸਿਰਫ਼ ਦੋ ਠੇਕੇ ਹੀ ਨਿਲਾਮ ਹੋ ਸਕੇ ਸਨ। ਹਾਲਾਂਕਿ ਇਸ ਤੋਂ ਪਹਿਲਾਂ 26 ਮਈ ਨੂੰ ਵੀ 11 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਰੱਖੀ ਗਈ ਸੀ। ਉਸ ਦੌਰਾਨ ਵੀ ਸਿਰਫ਼ ਸੈਕਟਰ-22 ਵਾਲਾ ਇੱਕੋ ਸ਼ਰਾਬ ਦਾ ਠੇਕਾ 3.51 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਸੀ। 22 ਮਈ ਨੂੰ ਹੋਈ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਦੌਰਾਨ ਵੀ ਸਿਰਫ਼ ਇਕ ਮੌਲੀ ਜੱਗਰਾਂ ਦਾ ਸ਼ਰਾਬ ਦਾ ਠੇਕਾ 7.76 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਸੀ।
ਜ਼ਿਕਰਯੋਗ ਹੈ ਕਿ ਕਰ ਤੇ ਆਬਕਾਰੀ ਵਿਭਾਗ ਨੇ 21 ਮਾਰਚ ਨੂੰ ਪਹਿਲੀ ਵਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਚੰਡੀਗੜ੍ਹ ਦੇ ਕੁੱਲ 97 ਸ਼ਰਾਬ ਦੇ ਠੇਕਿਆਂ ਵਿੱਚੋਂ ਹੁਣ ਤੱਕ 96 ਠੇਕਿਆਂ ਨੂੰ 606 ਕਰੋੜ ਰੁਪਏ ਵਿੱਚ ਨਿਲਾਮ ਕੀਤਾ ਸੀ ਪਰ ਇਸ ਵਿੱਚੋਂ 48 ਸ਼ਰਾਬ ਠੇਕਿਆਂ ਵੱਲੋਂ ਬੈਂਕ ਗਾਰੰਟੀ ਜਮ੍ਹਾਂ ਨਾ ਕਰਵਾਉਣ ’ਤੇ ਵਿਭਾਗ ਨੇ ਠੇਕਿਆਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ।
ਪ੍ਰਸ਼ਾਸਨ ਨੂੰ ਠੇਕਿਆਂ ਦੀ ਕੀਮਤ ਘਟਾਉਣ ਦੀ ਜ਼ਰੂਰਤ: ਕਲੇਰ
ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀ ਦਰਸ਼ਨ ਸਿੰਘ ਕਲੇਰ ਨੇ ਕਿਹਾ ਕਿ ਸ਼ਰਾਬ ਠੇਕਿਆਂ ਦੀ ਰਾਖਵੀਂ ਕੀਮਤ ਵੱਧ ਹੋਣ ਕਰ ਕੇ ਕੋਈ ਵੀ ਠੇਕੇਦਾਰ ਸ਼ਰਾਬ ਦਾ ਠੇਕਾ ਖ਼ਰੀਦਣ ਵਿੱਚ ਰੁਚੀ ਨਹੀਂ ਦਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਵਿੱਤ ਵਰ੍ਹੇ ਵਿੱਚੋਂ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ। ਅਜਿਹੇ ਵਿੱਚ ਕਰ ਤੇ ਆਬਕਾਰੀ ਵਿਭਾਗ ਨੂੰ ਸ਼ਰਾਬ ਦੇ ਠੇਕਿਆਂ ਦੀ ਕੀਮਤ ਵਿੱਚ ਕਟੌਤੀ ਕਰਨੀ ਚਾਹੀਦੀ ਹੈ।